''ਆਪ'' ਆਗੂ ਰਾਣਾ ਗੁਰਜੀਤ ਦਾ ਪੱਲਾ ਫੜ ਕੇ ਖਹਿਰਾ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ ''ਚ

08/20/2017 1:26:42 PM

ਜਲੰਧਰ (ਧਵਨ)—ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਸੁਖਪਾਲ ਸਿੰਘ ਖਹਿਰਾ ਦੇ ਕਈ ਸਾਥੀ ਆਗੂ ਕਾਂਗਰਸ ਵਿਚ ਸ਼ਾਮਲ ਹੋਣ ਜਾ ਰਹੇ ਹਨ। ਸੀਨੀਅਰ ਕਾਂਗਰਸੀ ਆਗੂ ਗੋਰਾ ਗਿੱਲ ਨੇ ਦੱਸਿਆ ਕਿ ਖਹਿਰਾ ਨਾਲ ਜੁੜੇ 'ਆਪ' ਆਗੂਆਂ ਨੂੰ ਪੰਜਾਬ ਦੇ ਸਿੰਚਾਈ ਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਕਾਂਗਰਸ ਵਿਚ ਸ਼ਾਮਲ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਚੱਲ ਰਹੀ ਕਾਂਗਰਸ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਨੂੰ ਜਿਥੇ ਇਕ ਪਾਸੇ ਜਨਤਾ ਨੇ ਸਰਾਹਿਆ ਹੈ ਉਥੇ ਦੂਜੇ ਪਾਸੇ ਹੁਣ ਵਿਰੋਧੀ ਪਾਰਟੀਆਂ ਦੇ ਵਰਕਰ ਵੀ ਕਾਂਗਰਸ ਵਿਚ ਸ਼ਾਮਲ ਹੋਣ ਲਈ ਉਤਾਵਲੇ ਹਨ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਹੋਰ ਵਿਰੋਧੀ ਪਾਰਟੀਆਂ ਦੇ ਵਰਕਰਾਂ ਨੂੰ ਕਾਂਗਰਸ ਵਿਚ ਸ਼ਾਮਲ ਹੋ ਜਾਣਾ ਚਾਹੀਦਾ ਹੈ ਕਿਉਂਕਿ ਹੁਣ ਹੋਰ ਪਾਰਟੀਆਂ ਦਾ ਪੰਜਾਬ ਵਿਚ ਕੋਈ ਭਵਿੱਖ ਨਹੀਂ ਰਹਿ ਗਿਆ।  ਗੋਰਾ ਗਿੱਲ ਨੇ ਕਿਹਾ ਕਿ ਖਹਿਰਾ ਸਿਰਫ ਸਸਤੀ ਲੋਕਪ੍ਰਿਯਤਾ ਹਾਸਲ ਕਰਨ ਵਿਚ ਲੱਗੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਖਹਿਰਾ ਨੂੰ ਆਮ ਆਦਮੀ ਪਾਰਟੀ ਦੀ ਕਮਾਂਡ ਸੌਂਪ ਕੇ 'ਆਪ' ਦੀ ਲੀਡਰਸ਼ਿਪ ਨੇ ਆਪਣੇ ਪੈਰਾਂ 'ਤੇ ਕੁਹਾੜੀ ਮਾਰੀ ਹੈ। ਵਰਕਰਾਂ ਨੂੰ ਪਤਾ ਲੱਗ ਗਿਆ ਹੈ ਕਿ ਹੁਣ ਇਸ ਪਾਰਟੀ ਦਾ ਕੋਈ ਭਵਿੱਖ ਨਹੀਂ ਰਹਿ ਗਿਆ। ਇਸ ਲਈ ਵਰਕਰ ਹੁਣ ਕਾਂਗਰਸ ਵੱਲ ਕਦਮ ਵਧਾ ਰਹੇ ਹਨ। ਉਨ੍ਹਾਂ ਕਿਹਾ ਕਿ ਰਾਣਾ ਗੁਰਜੀਤ ਸਿੰਘ ਦੋਆਬੇ ਦੇ ਜਰਨੈਲ ਹਨ ਤੇ ਉਨ੍ਹਾਂ ਦੇ ਹੱਥਾਂ ਵਿਚ ਸਾਰੇ ਵਰਕਰਾਂ ਦੇ ਹਿੱਤ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਪੰਜਾਬ ਨੂੰ ਵਿਕਾਸ ਦੇ ਰਸਤੇ 'ਤੇ ਤੋਰਨ ਦਾ ਏਜੰਡਾ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਮੁੱਖ ਮੰਤਰੀ ਹਰੇਕ ਵਿਅਕਤੀ ਦੇ ਚਿਹਰੇ 'ਤੇ ਖੁਸ਼ੀ ਵੇਖਣਾ ਚਾਹੁੰਦੇ ਹਨ। 
ਗੋਰਾ ਗਿੱਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਰਾਣਾ ਗੁਰਜੀਤ ਸਿੰਘ ਦੀ ਜੋੜੀ ਪੰਜਾਬ ਨੂੰ ਬੁਲੰਦੀਆਂ 'ਤੇ ਲੈ ਕੇ ਜਾਵੇਗੀ। ਉਨ੍ਹਾਂ ਕਿਹਾ ਕਿ ਕੱਲ ਭੁਲੱਥ ਵਿਧਾਨ ਸਭਾ ਹਲਕੇ ਵਿਚ ਸਾਰੇ ਵਰਕਰਾਂ ਨੂੰ ਇਕੱਠੇ ਹੋ ਕੇ ਆਪਸੀ ਏਕਤਾ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ ਤੇ ਖਹਿਰਾ ਨੂੰ ਕਰਾਰਾ ਜਵਾਬ ਦੇਣਾ ਚਾਹੀਦਾ ਹੈ। 
 


Related News