ਹਲਕਾ ਭੁਲੱਥ ''ਚ ਕਾਂਗਰਸ ਦੀ ਟਿਕਟ ਨੂੰ  ਲੈ ਕੇ ਸਿਆਸੀ ਜੰਗ ਹੋਈ ਜਨਤਕ

Monday, Dec 06, 2021 - 05:32 PM (IST)

ਹਲਕਾ ਭੁਲੱਥ ''ਚ ਕਾਂਗਰਸ ਦੀ ਟਿਕਟ ਨੂੰ  ਲੈ ਕੇ ਸਿਆਸੀ ਜੰਗ ਹੋਈ ਜਨਤਕ

ਭੁਲੱਥ (ਰਜਿੰਦਰ)- ਭੁਲੱਥ ਹਲਕੇ ਵਿਚ ਕਾਂਗਰਸ ਦੀ ਟਿਕਟ ਨੂੰ ਲੈ ਕੇ ਹੁਣ ਸਿਆਸੀ ਜੰਗ ਜਨਤਕ ਹੋ ਚੁੱਕੀ ਹੈ, ਜਿਸ ਦਾ ਖ਼ੁਲਾਸਾ ਬੀਤੇ ਦਿਨ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਭਾਸ਼ਣ ਤੋਂ ਹੋਇਆ।  ਦੱਸ ਦੇਈਏ ਕਿ ਰਾਣਾ ਗੁਰਜੀਤ ਸਿੰਘ ਅੱਜ ਹਲਕਾ ਭੁਲੱਥ ਵਿਚ ਭੁਲੱਥ ਤੋਂ ਕਰਤਾਰਪੁਰ ਰੋਡ 'ਤੇ ਪਿੰਡ ਪੰਡੋਰੀ ਨੇੜਲੀ ਕਾਲੋਨੀ ਵਿਚ ਕਾਂਗਰਸੀ ਆਗੂ ਅਮਨਦੀਪ ਸਿੰਘ ਗੋਰਾ ਗਿੱਲ ਦੇ ਦਫ਼ਤਰ ਅਤੇ ਰਿਹਾਇਸ਼ ਦੇ ਉਦਘਾਟਨੀ ਸਮਾਰੋਹ ਮੌਕੇ ਆਯੋਜਿਤ ਕੀਤੇ ਗਏ ਧਾਰਮਿਕ ਸਮਾਗਮ ਵਿਚ ਸ਼ਿਰਕਤ ਕਰਨ ਆਏ ਸਨ। ਜਿਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਧਾਰਮਿਕ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਆਖਿਆ ਕਿ ਗੋਰਾ ਗਿੱਲ ਨੇ ਸਾਢੇ ਚਾਰ ਸਾਲ ਇਸ ਹਲਕੇ ਵਿਚ ਤਨਦੇਹੀ ਨਾਲ ਲੋਕਾਂ ਦੀ ਸੇਵਾ ਕੀਤੀ ਹੈ ਅਤੇ ਮੈਂ ਮਾਲਕ ਅੱਗੇ ਅਰਦਾਸ ਕਰਦਾ ਕਿ ਗੋਰਾ ਗਿੱਲ 'ਤੇ ਮੇਹਰ ਭਰਿਆ ਹੱਥ ਰੱਖੋ, ਇਹਨੂੰ ਇਸ ਕਾਬਿਲ ਬਣਾਓ ਕਿ ਸਾਡੀ ਪਾਰਟੀ ਇਸ ਨੂੰ  ਟਿਕਟ ਦੇਵੇ ਅਤੇ ਇਹ ਭੁਲੱਥ ਹਲਕੇ ਤੋਂ ਜਿੱਤ ਦਰਜ ਕਰੇ। ਰਾਣਾ ਗੁਰਜੀਤ ਸਿੰਘ ਨੇ ਆਖਿਆ ਕਿ ਗੋਰਾ ਗਿੱਲ ਮੇਰੇ ਨਾਲ 2001 ਦਾ ਜੁੜਿਆ ਹੈ, ਅੱਜ 21 ਸਾਲ ਹੋ ਗਏ ਹਨ , ਇੰਨਾ ਸਮਾਂ ਇਕ ਬੰਦੇ ਨਾਲ ਵਫਾਦਾਰੀ ਨਾਲ ਰਹਿਣਾ ਬਹੁਤ ਔਖਾ ਕੰਮ ਹੈ। 

ਇਹ ਵੀ ਪੜ੍ਹੋ: ਜਲੰਧਰ: ਸਰਕਾਰ ਲਈ ਵੱਡੀ ਚੁਣੌਤੀ, ਕੱਲ ਤੋਂ ਅਣਮਿੱਥੇ ਸਮੇਂ ਲਈ 2100 ਸਰਕਾਰੀ ਬੱਸਾਂ ਦਾ ਹੋਵੇਗਾ ਚੱਕਾ ਜਾਮ

ਉਨ੍ਹਾਂ ਆਖਿਆ ਕਿ ਕਾਂਗਰਸ ਇਕ ਸਮੁੰਦਰ ਹੈ, ਇਸ ਵਿਚ ਬਹੁਤ ਬੰਦਿਆਂ ਦੀ ਜਗ੍ਹਾ ਹੈ ਪਰ ਗੋਰਾ ਗਿੱਲ ਹਿੰਮਤ ਨਾ ਹਾਰੀ। ਲੋਕਾਂ ਦੇ ਚਰਨਾਂ ਨਾਲ ਜੁੜ ਕੇ ਰਹੀ। ਮਾਲਕ ਦੇ ਘਰ ਵਿਚ ਕੋਈ ਘਾਟ ਨਹੀਂ। ਲੋਕਾਂ ਦੀ ਸੇਵਾ ਕਰੋਗੇ ਤਾਂ ਲੋਕ ਤੁਹਾਡੇ ਨਾਲ ਹਨ। ਉਨ੍ਹਾਂ ਕਿਹਾ ਕਿ ਸੁਪਨੇ ਸਾਕਾਰ ਕਰਨ ਲਈ ਹਮੇਸ਼ਾਂ ਨੇਕ ਨੀਤੀ ਨਾਲ ਕੰਮ ਕਰਨਾ ਚਾਹੀਦਾ ਹੈ।  ਉਨ੍ਹਾਂ ਕਿਹਾ ਕਿ ਪਹਿਲਾਂ ਉਹ ਕੈਪਟਨ ਅਮਰਿੰਦਰ ਨਾਲ ਰਹੇ ਹਨ, ਪਰ ਜਦੋਂ ਤੋਂ ਪਾਰਟੀ ਹਾਈਕਮਾਨ ਨੇ ਚਰਨਜੀਤ ਸਿੰਘ ਚੰਨੀ ਨੂੰ  ਮੁੱਖ ਮੰਤਰੀ ਬਣਾ ਕੇ ਉਨ੍ਹਾਂ ਦੇ ਹੱਥ ਵਿਚ ਪੰਜਾਬ ਦੀ ਵਾਂਗਡੋਰ ਦਿੱਤੀ, ਉਸ ਦਿਨ ਤੋਂ ਅਸੀਂ ਉਨ੍ਹਾਂ ਦੇ ਨਾਲ ਹਾਂ। ਸੰਬੋਧਨ ਕਰਦਿਆਂ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਪਿਛਲੀਆਂ ਚੋਣਾਂ ਤੋਂ ਬਾਅਦ ਭੁਲੱਥ ਹਲਕੇ ਦੇ ਜੋ ਹਾਲਾਤ ਬਣ ਗਏ ਸਨ, ਉਹ ਰਾਣਾ ਗੁਰਜੀਤ ਸਿੰਘ ਨੇ ਸੰਭਾਲ ਕੇ ਰੱਖੇ ਹਨ ਅਤੇ ਉਸ ਦੀ ਸੇਵਾ ਗੋਰਾ ਗਿੱਲ ਦੀ ਝੋਲੀ ਪਾਈ ਹੈ। ਸਮਾਗਮ ਦੌਰਾਨ ਸਿਕੰਦਰ ਸਿੰਘ ਵਰਾਣਾ, ਮਾਰਕੀਟ ਕਮੇਟੀ ਢਿੱਲਵਾਂ ਦੇ ਚੇਅਰਮੈਨ ਸ਼ਰਨਜੀਤ ਸਿੰਘ ਪੱਡਾ, ਮਾ. ਬਲਕਾਰ ਸਿੰਘ ਮੰਡਕੁੱਲਾ ਤੇ ਹੋਰਨਾਂ ਸਖਸ਼ੀਅਤਾਂ ਨੇ ਵੀ ਸੰਬੋਧਨ ਕੀਤਾ। ਅਖੀਰ ਵਿਚ ਕਾਂਗਰਸੀ ਆਗੂ ਅਮਨਦੀਪ ਸਿੰਘ ਗੋਰਾ ਗਿੱਲ ਨੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਹੋਰਨਾਂ ਸਖਸ਼ੀਅਤਾਂ ਦਾ ਸਨਮਾਨ ਕਰਦੇ ਹੋਏ ਸਮਾਗਮ ਵਿਚ ਸ਼ਿਰਕਤ ਕਰਨ ਵਾਲਿਆਂ ਦਾ ਧੰਨਵਾਦ ਕੀਤਾ। 
ਇਸ ਮੌਕੇ ਅਮਰੀਕ ਸਿੰਘ ਗਿੱਲ, ਦਲਜੀਤ ਸਿੰਘ ਰਾਜੂ ਜ਼ਿਲਾ ਕੋਆਰਡੀਨੇਟਰ ਕਾਂਗਰਸ, ਹਰਨੂਰ ਸਿੰਘ ਹਰਜੀ ਮਾਨ ਐਕਟਿੰਗ ਪ੍ਰਧਾਨ ਯੂਥ ਕਾਂਗਰਸ ਜ਼ਿਲਾ ਕਪੂਰਥਲਾ, ਹਰਜੀਤ ਸਿੰਘ ਪਰਮਾਰ, ਜਗਜੀਤ ਸਿੰਘ ਸਾਬੀ, ਬਲਵੀਰ ਰਾਣੀ ਸੋਢੀ, ਨਿਰਮਲ ਸਿੰਘ ਸਰਪੰਚ ਰਾਮਗੜ੍ਹ, ਦਲਜੀਤ ਸਿੰਘ ਨਡਾਲਾ, ਰਣਜੀਤ ਸਿੰਘ ਕਾਹਲੋਂ, ਬਲਵੀਰ ਸਿੰਘ ਭਗਤਾਨਾ, ਕੁਲਵੀਰ ਸਿੰਘ ਚੋਟਾਲਾ, ਜਸਵੰਤ ਸਿੰਘ ਡਾਲਾ, ਸੁਖਵਿੰਦਰ ਸਿੰਘ ਬਿੱਲਾ ਆਦਿ ਹਾਜ਼ਰ ਸਨ | 

ਭਲਕੇ ਪੰਜਾਬ ਆਉਣਗੇ ਅਰਵਿੰਦ ਕੇਜਰੀਵਾਲ, ਐੱਸ. ਸੀ. ਭਾਈਚਾਰੇ ਲਈ ਕਰ ਸਕਦੇ ਨੇ ਵੱਡੇ ਐਲਾਨ

PunjabKesari

ਕੈਬਨਿਟ ਮੰਤਰੀ ਨੇ ਨਾਮ ਲਏ ਬਗੈਰ ਕੱਸੇ ਸਿਆਸੀ ਤੰਜ਼
ਰਾਣਾ ਗੁਰਜੀਤ ਸਿੰਘ ਨੇ ਕੋਈ ਨਾਮ ਲਏ ਬਗੈਰ ਆਪਣੇ ਵਿਰੋਧੀਆਂ 'ਤੇ ਸਿਆਸੀ ਤੰਜ਼ ਕੱਸਦੇ ਹੋਏ ਕਿਹਾ ਕਿ ਇਥੇ ਬਹੁਤੇ ਅਜਿਹੇ ਲੀਡਰ ਹਨ, ਜਿਹੜੇ ਲੋਕ ਆਪਣੇ ਪਿਤਾ ਤੋਂ ਹੀ ਗੱਲ ਸ਼ੁਰੂ ਕਰਦੇ ਹਨ ਤੇ ਆਪਣੇ ਬਾਰੇ ਨਹੀਂ ਦੱਸਦੇ ਅਸੀ ਕੌਣ ਹਾਂ। ਮੈਂ ਦੱਸਣਾ ਚਾਹੁੰਦਾ ਹਾਂ ਕਿ ਪਾਰਟੀ ਵੱਲੋਂ ਟਿਕਟ ਦਿੱਤੇ ਜਾਣ ਤੋਂ ਬਾਅਦ ਮੈਨੂੰ ਵੀ ਮੌਕਾ ਮਿਲਿਆ ਪਰ ਸਾਡੇ ਬਾਰੇ ਬੋਲਣ ਵਾਲੇ ਸੁਣ ਲੈਣ ਕਿ ਅਸੀ ਕਲ੍ਹ ਨਹੀਂ ਆਏ। ਨਾਰਾਇਣ ਦੱਤ ਤਿਵਾੜੀ ਨੂੰ  ਮੁੱਖ ਮੰਤਰੀ ਬਣਾਉਣ ਵਾਲੇ ਤਿੰਨ - ਚਾਰ ਬੰਦੇ ਸਨ, ਜਿਨ੍ਹਾਂ ਵਿਚ ਮੇਰੇ ਪਿਤਾ ਵੀ ਸ਼ਾਮਲ ਸਨ। ਉਨ੍ਹਾਂ ਹੋਰ ਆਖਿਆ ਕਿ ਜਿਹੜੇ ਇਥੋਂ ਲੋਕਾਂ ਕੋਲੋਂ ਵੋਟਾਂ ਲੈ ਕੇ ਚਲੇ ਗਏ ਸਨ, ਉਹ ਫਿਰ ਕਾਂਗਰਸ ਵਿਚ ਪਰਤ ਆਏ ਹਨ। ਉਨ੍ਹਾਂ ਨੇ ਬਠਿੰਡਾ ਜਾਣ ਦੀ ਇਕ ਉਦਾਹਰਣ ਵੀ ਸਾਂਝੀ ਕੀਤੀ, ਪਰ ਜਨਤਕ ਤੌਰ 'ਤੇ ਕੋਈ ਨਾਮ ਨਹੀਂ ਲਿਆ। 

ਇਹ ਵੀ ਪੜ੍ਹੋ: ਜਲੰਧਰ ਤੋਂ ਵੱਡੀ ਖ਼ਬਰ: 3 ਬੱਚਿਆਂ ਸਣੇ ਔਰਤ ਨੇ ਨਿਗਲਿਆ ਜ਼ਹਿਰੀਲਾ ਪਦਾਰਥ, ਮਾਂ-ਪੁੱਤ ਦੀ ਮੌਤ

'ਹਰਜ਼ੀ ਮਾਨ ਮੇਰੇ ਪੁੱਤਰ ਵਰਗਾ, ਸਿਆਸੀ ਕੈਰੀਅਰ 'ਚ ਖ਼ੁਦ ਦਿਲਚਸਪੀ ਰੱਖਾਂਗਾ'
ਭੁਲੱਥ ਵਿਖੇ ਸਮਾਗਮ ਦੌਰਾਨ ਪਹੁੰਚੇ  ਕੈਬਨਿਟ ਮੰਤਰੀ ਪੰਜਾਬ ਰਾਣਾ ਗੁਰਜੀਤ ਸਿੰਘ ਨੇ ਆਖਿਆ ਕਿ ਉਹ ਗੁਰੂ ਦੀ ਹਾਜ਼ਰੀ ਵਿਚ ਇੰਨੀ ਗੱਲ ਕਹਿ ਰਹੇ ਹਨ ਕਿ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਦੇ ਬੇਟੇ ਹਰਨੂਰ ਸਿੰਘ ਹਰਜ਼ੀ ਮਾਨ ਐਕਟਿੰਗ ਪ੍ਰਧਾਨ ਯੂਥ ਕਾਂਗਰਸ ਜ਼ਿਲਾ ਕਪੂਰਥਲਾ ਦੇ ਸਿਆਸੀ ਕੈਰੀਅਰ ਵਿਚ ਉਹ ਖੁਦ ਦਿਲਚਸਪੀ ਰੱਖਣਗੇ, ਕਿਉਂਕਿ ਹਰਜ਼ੀ ਮੇਰੇ ਪੁੱਤਰ ਵਰਗਾ ਹੈ। ਇਸ ਤੋਂ ਬਾਅਦ ਰਾਣਾ ਨੇ ਇਹ ਵੀ ਕਿਹਾ ਕਿ ਜੇਕਰ ਹਰਜ਼ੀ ਮਾਨ ਮੇਰੇ ਨਾਲ ਇਮਾਨਦਾਰੀ ਨਾਲ ਚੱਲੇਗਾ ਤਾਂ ਮੈਂ ਵੀ ਇਸ ਦੇ ਨਾਲ ਇਮਾਨਦਾਰੀ ਨਾਲ ਚੱਲਾਂਗਾ। 

ਸੁਖਪਾਲ ਖਹਿਰਾ ਵੀ ਕਰ ਚੁੱਕੇ ਨੇ ਐਲਾਨ, ਚੋਣ ਲੜਾਂਗੇ ਤੇ ਜਿੱਤਾਂਗੇ ਵੀ
ਹਲਕਾ ਭੁਲੱਥ ਦੇ ਸਿਆਸੀ ਮੈਦਾਨ ਦੀ ਗੱਲ ਕਰੀਏ ਤਾਂ ਇਥੇ ਸੁਖਪਾਲ ਸਿੰਘ ਖਹਿਰਾ ਕਾਂਗਰਸ ਵੱਲੋਂ ਇਕ ਵਾਰ ਅਤੇ ਦੂਜੀ ਵਾਰ 'ਆਪ' ਵੱਲੋਂ ਵਿਧਾਇਕ ਚੁਣੇ ਜਾ ਚੁੱਕੇ ਹਨ ਪਰ ਪਿਛਲੇ ਕੁਝ ਮਹੀਨਿਆਂ ਤੋਂ ਖਹਿਰਾ ਕਾਂਗਰਸ ਵਿਚ ਘਰ ਵਾਪਸੀ ਕਰ ਚੁੱਕੇ ਹਨ ਜੋ ਹਲਕੇ ਵਿਚ ਸਰਗਰਮ ਹਨ ਅਤੇ ਇਥੇ ਕਾਂਗਰਸ ਦੀ ਟਿਕਟ ਲਈ ਪ੍ਰਮੁੱਖ ਦਾਅਵਾ ਰੱਖਦੇ ਹਨ। ਹੁਣ ਈ. ਡੀ. ਵੱਲੋਂ ਗ੍ਰਿਫ਼ਤਾਰੀ ਪਾਏ ਜਾਣ ਕਰਕੇ ਸੁਖਪਾਲ ਖਹਿਰਾ ਜੇਲ੍ਹ ਵਿਚ ਹਨ ਪਰ ਉਨ੍ਹਾਂ ਦੇ ਪੁੱਤਰ ਮਹਿਤਾਬ ਖਹਿਰਾ ਵੀ ਇਕ ਇਕੱਠ ਕਰਕੇ ਐਲਾਨ ਕਰ ਚੁੱਕੇ ਹਨ ਕਿ ਅਸੀ ਚੋਣ ਲੜਾਂਗੇ ਅਤੇ ਮੈਂ ਆਪਣੇ ਪਿਤਾ ਸੁਖਪਾਲ ਖਹਿਰਾ ਨੂੰ ਜੇਲ੍ਹ ਤੋਂ ਬਾਹਰ ਲੈ ਕੇ ਆਵਾਂਗਾ। ਉਥੇ ਦੂਜੇ ਪਾਸੇ ਇਸ ਤੋਂ ਪਹਿਲਾਂ ਸਾਬਕਾ ਵਿਧਾਇਕ ਸੁਖਪਾਲ ਖਹਿਰਾ ਵੀ ਐਲਾਨ ਕਰ ਚੁੱਕੇ ਹਨ ਕਿ ਉਹ ਚੋਣ ਲੜਨਗੇ ਵੀ ਤੇ ਜਿੱਤਣਗੇ ਵੀ ਅਤੇ ਵਿਰੋਧੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ ਪਰ ਮੌਜੂਦਾ ਹਲਾਤਾਂ ਦਰਮਿਆਨ ਇਹ ਪੂਰੀ ਤਰ੍ਹਾਂ ਸਪੱਸ਼ਟ ਹੋ ਚੁੱਕਾ ਹੈ ਕਿ ਇਥੋਂ ਕਾਂਗਰਸ ਦੀ ਟਿਕਟ ਦੇ ਦੋ ਦਾਅਵੇਦਾਰ ਹਨ। 

ਇਹ ਵੀ ਪੜ੍ਹੋ: ਮੱਥੇ ’ਤੇ ‘ਬਿੰਦੀ’ ਲਾਉਂਦੇ ਸਮੇਂ ਲਾਸ਼ ਨੂੰ ਵੇਖ ਰੋਂਦੇ ਬੋਲੀ ਭੈਣ, ‘ਸੁਹਾਗਣ ਵਿਦਾ ਹੋਣਾ ਚਾਹੁੰਦੀ ਸੀ ਮੇਰੀ ਭੈਣ'

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News