ਹੁਣ ਰਾਣਾ ਗੁਰਜੀਤ ਨੇ ਖਹਿਰੇ ''ਤੇ ਕੀਤਾ ਹਮਲਾ, ਜਾਣੋ ਕੀ ਕਿਹਾ

08/07/2018 1:48:25 PM

ਨਵਾਂਸ਼ਹਿਰ : ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਮੁੰਤਰੀ ਰਾਣਾ ਗੁਰਜੀਤ ਸਿੰਘ ਨੇ ਸੁਖਪਾਲ ਖਹਿਰਾ ਨੂੰ ਮੌਕਾਪ੍ਰਸਤ ਸਿਆਸਤਦਾਨ ਕਰਾਰ ਦਿੱਤਾ ਹੈ। ਰਾਣਾ ਗੁਰਜੀਤ ਨੇ ਕਿਹਾ ਕਿ ਕਾਂਗਰਸ ਛੱਡਣ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੀ ਮੁਖਾਲਫਤ ਖਹਿਰਾ ਦੀ ਅਸਲ ਫਿਤਰਤ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਜਿਹੜਾ ਆਗੂ ਪਾਰਟੀ ਹਾਈਕਮਾਂਡ ਦਾ ਆਗਿਆਕਾਰੀ ਨਹੀਂ, ਉਹ ਪਾਰਟੀ ਵਲੋਂ ਕਿਸੇ ਵੀ ਮਿਸ਼ਨ ਦੀ ਪੂਰਤੀ 'ਚ ਪੂਰਾ ਨਹੀਂ ਉਤਰ ਸਕਦਾ। ਰਾਣਾ ਗੁਰਜੀਤ ਬੰਗਾ ਵਿਖੇ ਇਕ ਪ੍ਰੋਗਰਾਮ 'ਚ ਸ਼ਿਰਕਤ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। 
2019 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਅਤੇ ਪੰਚਾਇਤੀ ਚੋਣਾਂ 'ਤੇ ਬੋਲਦੇ ਹੋਏ ਰਾਣਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੀ ਵਧੀਆ ਕਾਰਗੁਜ਼ਾਰੀ ਨਾਲ ਲੋਕਾਂ ਦਾ ਵਿਸ਼ਵਾਸ ਮਜ਼ਬੂਤ ਹੋਇਆ ਹੈ ਅਤੇ ਇਨ੍ਹਾਂ ਚੋਣਾਂ ਲਈ ਕਾਂਗਰਸ ਉਤਸ਼ਾਹ ਵਿਚ ਹੈ ਅਤੇ ਨਤੀਜੇ ਕਾਂਗਰਸ ਦੇ ਹੱਕ ਵਿਚ ਹੀ ਆਉਣਗੇ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਪੰਜਾਬ ਨੂੰ ਦੇਸ਼ ਦਾ ਨੰਬਰ ਇਕ ਸੂਬਾ ਬਣਾਉਣ ਲਈ ਯਤਨਸ਼ੀਲ ਹੈ। ਇਸ ਮੌਕੇ ਕਈ ਕਾਂਗਰਸੀ ਆਗੂ ਰਾਣਾ ਗੁਰਜੀਤ ਸਿੰਘ ਦੇ ਨਾਲ ਮੌਜੂਦ ਸਨ।


Related News