ਰਾਣਾ ਗੁਰਜੀਤ ਨੇ ਖਹਿਰਾ ਨੂੰ ਸਿਆਸੀ ਮੌਕਾਪ੍ਰਸਤ ਨੇਤਾ ਕਰਾਰ ਦਿੱਤਾ
Monday, Aug 21, 2017 - 08:19 PM (IST)

ਜਲੰਧਰ (ਧਵਨ)- ਪੰਜਾਬ ਦੇ ਸਿੰਚਾਈ ਤੇ ਊਰਜਾ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਅੱਜ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ 'ਤੇ ਸਿਆਸੀ ਹਮਲਾ ਕਰਦੇ ਹੋਏ ਕਿਹਾ ਹੈ ਕਿ ਉਹ ਵਿਜੀਲੈਂਸ ਬਿਊਰੋ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੀ ਗਈ ਕਲੀਨ ਚਿੱਟ ਦੇ ਮਾਮਲੇ ਵਿਚ ਬਿਨਾਂ ਕਾਰਨ ਵਿਵਾਦ ਖੜ੍ਹਾ ਕਰ ਰਹੇ ਹਨ। ਉਨ੍ਹਾਂ ਇਕ ਬਿਆਨ ਵਿਚ ਕਿਹਾ ਕਿ 2007 ਤੋਂ 2015 ਤਕ ਖਹਿਰਾ ਨੇ ਸਿਟੀ ਸੈਂਟਰ ਮਾਮਲੇ ਨੂੰ ਲੈ ਕੇ ਦਰਜਨਾਂ ਬਿਆਨ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿਚ ਦਿੱਤੇ ਹਨ। ਖਹਿਰਾ ਹੀ ਕਹਿੰਦੇ ਸਨ ਕਿ ਬਾਦਲਾਂ ਨੇ ਕੈਪਟਨ ਦੇ ਖਿਲਾਫ ਸਿਆਸੀ ਬਦਲਾਖੋਰੀ ਦੀ ਭਾਵਨਾ ਨਾਲ ਸਿਟੀ ਸੈਂਟਰ ਮਾਮਲੇ ਨੂੰ ਲੈ ਕੇ ਕੇਸ ਦਰਜ ਕਰਵਾਇਆ ਹੈ। ਉਸ ਸਮੇਂ ਖਹਿਰਾ ਕਾਂਗਰਸ ਵਿਚ ਸਨ ਪਰ ਹੁਣ ਆਮ ਆਦਮੀ ਪਾਰਟੀ ਵਿਚ ਹੋਣ ਕਾਰਨ ਖਹਿਰਾ ਦੋਹਰੇ ਚਰਿੱਤਰ ਅਤੇ ਸਟੈਂਡ ਦਾ ਸਬੂਤ ਦੇ ਰਹੇ ਹਨ ਜਦਕਿ ਪਹਿਲਾਂ ਖਹਿਰਾ ਵਲੋਂ ਦਿੱਤੇ ਗਏ ਬਿਆਨਾਂ ਦੇ ਤੱਥ ਬਦਲ ਨਹੀਂ ਸਕਦੇ ਹਨ।
ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਖਿਲਾਫ ਅਸਲ ਵਿਚ ਅਕਾਲੀਆਂ ਨੇ ਸਿਆਸੀ ਰੰਜਿਸ਼ ਦੀ ਭਾਵਨਾ ਨਾਲ ਸਿਟੀ ਸੈਂਟਰ ਮਾਮਲੇ ਵਿਚ ਕੇਸ ਦਰਜ ਕਰਵਾਇਆ ਸੀ, ਜੋ ਕਿ ਸੁਭਾਵਿਕ ਤੌਰ 'ਤੇ ਡਿਸਮਿਸ ਹੋ ਜਾਣਾ ਸੀ। ਉਨ੍ਹਾਂ ਕਿਹਾ ਕਿ ਖਹਿਰਾ ਅਤੇ ਆਮ ਆਦਮੀ ਪਾਰਟੀ ਕੋਲ ਕੈਪਟਨ ਅਮਰਿੰਦਰ ਸਿੰਘ ਖਿਲਾਫ ਕੋਈ ਵੀ ਮਾਮਲਾ ਨਹੀਂ ਹੈ, ਇਸ ਲਈ ਉਹ ਸਿਟੀ ਸੈਂਟਰ ਮਾਮਲੇ ਵਿਚ ਕੈਪਟਨ ਨੂੰ ਮਿਲੀ ਕਲੀਨ ਚਿੱਟ ਨੂੰ ਲੈ ਕੇ ਵਿਵਾਦ ਪੈਦਾ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਖਹਿਰਾ ਨੂੰ ਕਿਹਾ ਕਿ ਉਹ ਆਪਣੀ ਆਤਮਾ ਨੂੰ ਮਰਨ ਨਾ ਦੇਣ ਅਤੇ ਸਿਆਸੀ ਮੌਕਾਪ੍ਰਸਤੀ ਤੋਂ ਉਪਰ ਉਠ ਕੇ ਕੰਮ ਕਰਨ।
ਉਨ੍ਹਾਂ ਕਿਹਾ ਕਿ ਕੈਪਟਨ ਦਾ ਅਕਸ ਹਮੇਸ਼ਾ ਬੇਦਾਗ਼ ਰਿਹਾ ਹੈ ਅਤੇ ਖਹਿਰਾ ਦੇ ਬਿਆਨਾਂ ਕਾਰਨ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਪੰਜਾਬ ਦੇ ਲੋਕ ਜਾਣਦੇ ਹਨ ਕਿ ਖਹਿਰਾ ਸਿਆਸਤ ਤੋਂ ਪ੍ਰੇਰਿਤ ਹੋ ਕੇ ਬਿਆਨ ਦੇ ਰਹੇ ਹਨ।