ਰਾਣਾ ਗੁਰਜੀਤ ਵਾਂਗ ਗੋਰਾ ਗਿੱਲ ਵੀ ਅਪਰਾਧਿਕ ਕਿਰਦਾਰ ਵਾਲਾ : ਖਹਿਰਾ

Friday, Sep 01, 2017 - 06:20 AM (IST)

ਰਾਣਾ ਗੁਰਜੀਤ ਵਾਂਗ ਗੋਰਾ ਗਿੱਲ ਵੀ ਅਪਰਾਧਿਕ ਕਿਰਦਾਰ ਵਾਲਾ : ਖਹਿਰਾ

ਭੁਲੱਥ, (ਭੂਪੇਸ਼)- ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵਲੋਂ ਲਾਇਆ ਹਲਕਾ ਭੁਲੱਥ ਦਾ ਇੰਚਾਰਜ ਵੀ ਕਥਿਤ ਅਪਰਾਧਿਕ ਕਿਰਦਾਰ ਵਾਲਾ ਵਿਅਕਤੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਭੁਲੱਥ ਦੇ ਵਿਧਾਇਕ ਅਤੇ ਵਿਧਾਨ ਸਭਾ 'ਚ 'ਆਪ' ਦੇ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਨੇ ਕੀਤਾ। ਉਨ੍ਹਾਂ ਕਿਹਾ ਕਿ ਭੁਲੱਥ ਹਲਕੇ 'ਚ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਤੇ ਗੋਰਾ ਗਿੱਲ ਮਿਲ ਕੇ ਲੋਕਾਂ 'ਚ ਡਰ ਤੇ ਭੈਅ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਨ, ਜੋ ਹਲਕੇ ਦੇ ਸੂਝਵਾਨ ਲੋਕ ਕਦੇ ਬਰਦਾਸ਼ਤ ਨਹੀਂ ਕਰ ਸਕਦੇ। 
ਖਹਿਰਾ ਨੇ ਕਿਹਾ ਕਿ ਉਕਤ ਅਖੌਤੀ ਇੰਚਾਰਜ ਗੋਰਾ ਗਿੱਲ ਨੂੰ ਸੰਨ 1999 'ਚ ਬਹੁ-ਚਰਚਿਤ ਮਾਹਨਾਂ ਕਤਲ ਕਾਂਡ 'ਚ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਨੇ ਯੂਥ ਅਕਾਲੀ ਦਲ ਦੇ ਆਗੂ ਹਰਮੀਤ ਸਿੰਘ ਮਾਹਨਾਂ ਨੂੰ ਤੇ ਹੋਰਨਾਂ ਵੱਲਂੋ ਦਿਨ-ਦਿਹਾੜੇ ਜਲੰਧਰ ਦੇ ਡੀ. ਏ. ਵੀ. ਕਾਲਜ ਦੇ ਨਜ਼ਦੀਕ ਗੋਲੀਕਾਂਡ ਕਰਕੇ ਕਤਲ ਕਰ ਦਿੱਤਾ ਗਿਆ ਸੀ। 
ਖਹਿਰਾ ਨੇ ਕਿਹਾ ਕਿ ਇਥੇ ਹੀ ਬਸ ਨਹੀਂ 25 ਅਗਸਤ 2007 ਨੂੰ ਗੋਰਾ ਗਿੱਲ ਅਤੇ ਉਸਦੇ ਸਾਥੀ ਨੇ ਮੋਹਾਲੀ ਦੇ ਇਕ ਦੁਕਾਨਦਾਰ ਦੀ ਕੁੱਟਮਾਰ ਕੀਤੀ, ਜਿਸ ਨੇ ਇਨ੍ਹਾਂ 'ਤੇ ਪੈਸੇ ਖੋਹਣ ਦਾ ਵੀ ਦੋਸ਼ ਲਗਾਇਆ ਸੀ। ਜਿਨ੍ਹਾਂ ਨੂੰ 27 ਅਗਸਤ 2007 ਨੂੰ ਮੋਹਾਲੀ ਪੁਲਸ ਨੇ ਅਸਲੇ ਸਮੇਤ ਕਾਬੂ ਕੀਤਾ ਸੀ। ਉਨ੍ਹਾਂ ਕਿਹਾ ਕਿ ਰਾਣਾ ਗੁਰਜੀਤ ਸਿੰਘ ਨੂੰ ਪਤਾ ਹੈ ਕਿ ਇਸ ਹਲਕੇ 'ਚ ਉਨ੍ਹਾਂ ਦਾ ਕੋਈ ਵਜੂਦ ਨਹੀਂ ਬਣ ਸਕਦਾ, ਜਿਸ ਲਈ ਹੀ ਉਹ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਅਪਣਾ ਰਹੇ ਹਨ ।
ਖਹਿਰਾ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਪਿਛਲੇ 45 ਸਾਲ ਤਂੋ ਸੇਵਾ ਕਰ ਰਿਹਾ ਹੈ, ਜਦ ਕਿ ਉਕਤ ਅਖੌਤੀ ਲੀਡਰ ਸਿਰਫ ਆਪਣੇ ਸੌੜੇ ਸਿਆਸੀ ਲਾਹੇ ਲਈ ਇਲਾਕੇ 'ਚ ਵਿਚਰ ਰਹੇ ਹਨ। ਉਨ੍ਹਾਂ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਮੌਕਾਪ੍ਰਸਤ ਲੋਕਾਂ ਦੀਆਂ ਲੂੰਬੜ ਚਾਲਾਂ ਤੋਂ ਸੁਚੇਤ ਰਹਿਣ ਤੇ ਇਨ੍ਹਾਂ ਮੌਕਾਪ੍ਰਸਤ ਲੋਕਾਂ ਦੇ ਬਹਿਕਾਵੇ 'ਚ ਨਾ ਆਉਣ।
ਗੋਰਾ ਗਿੱਲ ਨੇ ਸਾਰੇ ਦੋਸ਼ਾਂ ਨੂੰ ਨਕਾਰਿਆ- ਖਹਿਰਾ ਵੱਲੋਂ ਕਾਂਗਰਸ ਆਗੂ ਗੋਰਾ ਗਿੱਲ 'ਤੇ ਲਾਏ ਦੋਸ਼ਾਂ ਨੂੰ ਨਕਾਰਦੇ ਹੋਏ ਗਿੱਲ ਨੇ ਕਿਹਾ ਕਿ ਜੋ ਮੁਕੱਦਮੇ ਮੇਰੇ 'ਤੇ ਅਕਾਲੀ-ਭਾਜਪਾ ਸਰਕਾਰ ਸਮੇਂ ਝੂਠੇ ਤੇ ਬੇਬੁਨਿਆਦ ਦਰਜ ਕੀਤੇ ਸਨ ਉਹ ਮਾਣਯੋਗ ਅਦਾਲਤ ਨੇ ਪਾਰਦਰਸ਼ਤਾ ਨਾਲ ਘੋਖ ਕਰਕੇ ਰੱਦ ਕਰ ਦਿੱਤੇ ਸਨ। ਜਿਸ ਕਰਕੇ ਖਹਿਰਾ ਵੱਲੋਂ ਲਗਾਏ ਜਾ ਰਹੇ ਦੋਸ਼ ਕੋਈ ਮਾਇਨੇ ਨਹੀਂ ਰੱਖਦੇ ।  


Related News