ਰਾਣਾ ਗੁਰਜੀਤ ਦੀ ਨਵੀਂ ਪਾਰੀ ਸ਼ੁਰੂ ਕਰਵਾਉਣ ਨੂੰ ਉਤਾਵਲੇ ਕੈਪਟਨ

03/30/2018 12:43:44 AM

ਜਲੰਧਰ (ਰਵਿੰਦਰ ਸ਼ਰਮਾ)  - ਆਪਣੇ ਖਾਸਮ-ਖਾਸ ਆਗੂ ਰਾਣਾ ਗੁਰਜੀਤ ਸਿੰਘ ਦੀ ਦੁਬਾਰਾ ਨਵੀਂ ਪਾਰੀ ਸ਼ੁਰੂ ਕਰਵਾਉਣ ਲਈ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੇਹੱਦ ਉਤਾਵਲੇ ਨਜ਼ਰ ਆ ਰਹੇ ਹਨ। ਇਹ ਹੀ ਕਾਰਨ ਹੈ ਕਿ ਕੈਪਟਨ ਨੇ ਇਕ ਸੋਚੀ ਸਮਝੀ ਰਣਨੀਤੀ ਦੇ ਤਹਿਤ ਜਸਟਿਸ ਨਾਰੰਗ ਦੀ ਰਿਪੋਰਟ ਨੂੰ ਵਿਧਾਨ ਸਭਾ ਵਿਚ ਰੱਖਿਆ, ਜਿਸ ਵਿਚ ਸਾਫ ਤੌਰ 'ਤੇ ਰੇਤ ਮਾਈਨਿੰਗ ਬੋਲੀ ਦੇ ਦੋਸ਼ਾਂ ਵਿਚ ਘਿਰੇ ਰਾਣਾ ਗੁਰਜੀਤ ਸਿੰਘ ਨੂੰ ਕਲੀਨ ਚਿੱਟ ਦਿੱਤੀ ਗਈ। ਵਿਧਾਨ ਸਭਾ ਵਿਚ ਜਸਟਿਸ ਨਾਰੰਗ ਦੀ ਰਾਣਾ ਗੁਰਜੀਤ ਸਿੰਘ ਕਲੀਨ ਚਿੱਟ ਰੱਖ  ਕੇ ਕੈਪਟਨ ਅਮਰਿੰਦਰ ਸਿੰਘ ਨੇ ਸਾਫ ਸੰਕੇਤ ਦੇ ਦਿੱਤਾ ਹੈ ਕਿ ਉਹ ਰਾਣਾ ਗੁਰਜੀਤ ਸਿੰਘ ਦੀ ਦੁਬਾਰਾ ਸਿਆਸੀ ਪਾਰੀ ਸ਼ੁਰੂ ਕਰਵਾਉਣ ਜਾ ਰਹੇ ਹਨ। ਸੰਭਾਵਨਾ ਹੈ ਕਿ ਜਲਦੀ ਹੀ ਹੋਣ ਜਾ ਰਹੇ ਕੈਪਟਨ ਸਰਕਾਰ ਦੇ ਕੈਬਨਿਟ ਵਾਧੇ ਵਿਚ ਦੁਬਾਰਾ ਰਾਣਾ ਗੁਰਜੀਤ ਸਿੰਘ ਨੂੰ ਥਾਂ ਮਿਲ ਸਕਦੀ ਹੈ। ਭਾਵੇਂ ਕੈਪਟਨ ਦਾ ਇਹ ਫੈਸਲਾ ਦੋਆਬਾ ਦੇ ਹੋਰ ਵਿਧਾਇਕਾਂ ਦੀਆਂ ਆਸਾਂ 'ਤੇ ਪਾਣੀ ਫੇਰ ਸਕਦਾ ਹੈ। ਜ਼ਿਕਰਯੋਗ ਹੈ ਕਿ ਰੇਤ ਮਾਈਨਿੰਗ ਬੋਲੀ ਦੇ ਦੋਸ਼ਾਂ ਵਿਚ ਘਿਰਨ ਤੋਂ ਬਾਅਦ ਰਾਣਾ ਗੁਰਜੀਤ ਸਿੰਘ ਨੇ ਆਪਣੇ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਈ. ਡੀ. ਨੇ ਵੀ ਸ਼ਿਕੰਜਾ ਕੱਸਦਿਆਂ ਰਾਣਾ ਗੁਰਜੀਤ ਸਿੰਘ ਦੇ ਬੇਟਿਆਂ ਨੂੰ ਆਪਣੇ ਘੇਰੇ ਵਿਚ ਲਿਆ। ਰੇਤ ਮਾਈਨਿੰਗ ਬੋਲੀ ਦੇ ਮਾਮਲੇ ਵਿਚ ਰਾਣਾ ਗੁਰਜੀਤ ਸਿੰਘ 'ਤੇ ਦੋਸ਼ ਲੱਗਦਿਆਂ ਹੀ ਵਿਰੋਧੀ ਧਿਰ ਬੇਹੱਦ ਹਾਵੀ ਹੋ ਗਈ ਸੀ ਪਰ ਕੈਪਟਨ ਨੇ ਪੂਰੇ ਮਾਮਲੇ ਵਿਚ ਬਚਾਅ ਕਰਦਿਆਂ ਰਾਣਾ ਗੁਰਜੀਤ ਸਿੰਘ ਦੇ ਅਸਤੀਫੇ ਦੀ ਅਰਜ਼ੀ 13 ਦਿਨ ਤੱਕ ਆਪਣੀ ਜੇਬ ਵਿਚ ਹੀ ਰੱਖੀ। ਪੂਰਾ ਮਾਮਲਾ ਜਦੋਂ ਹਾਈਕਮਾਨ ਦੇ ਧਿਆਨ ਵਿਚ ਆਇਆ ਤਾਂ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਤੁਰੰਤ ਅਸਤੀਫਾ ਮਨਜ਼ੂਰ ਕਰਨ ਦਾ ਹੁਕਮ ਦਿੱਤਾ ਸੀ ਪਰ ਇਸ ਤੋਂ ਪਹਿਲਾਂ ਹੀ ਸੂਬੇ ਦੇ ਮੁੱਖ ਮੰਤਰੀ ਰੇਤ ਮਾਈਨਿੰਗ ਬੋਲੀ ਮਾਮਲੇ ਵਿਚ ਜਸਟਿਸ ਨਾਰੰਗ ਦੀ ਅਗਵਾਈ ਵਿਚ ਜਾਂਚ ਕਮੇਟੀ ਬਿਠਾ ਚੁੱਕੇ ਸਨ। ਜਸਟਿਸ ਨਾਰੰਗ ਦੀ ਰਿਪੋਰਟ ਪਹਿਲਾਂ ਹੀ ਰਾਣਾ ਗੁਰਜੀਤ ਸਿੰਘ ਨੂੰ ਕਲੀਨ ਚਿੱਟ ਦੇ ਚੁੱਕੀ ਸੀ ਪਰ ਜਦੋਂ ਮੁੱਖ ਮੰਤਰੀ ਨੇ ਆਪਣੇ ਕਰਤਾਰਪੁਰ ਦੌਰੇ ਦੌਰਾਨ ਹਵਾਈ ਸਰਵੇਖਣ ਨਾਲ ਰੇਤ ਮਾਈਨਿੰਗ ਨੂੰ ਦੁਬਾਰਾ ਵੇਖਿਆ ਤਾਂ ਮਾਮਲੇ ਨੇ ਫਿਰ ਤੂਲ ਫੜ ਲਿਆ। ਇਸ ਤੋਂ ਬਾਅਦ ਸੰਭਾਵਨਾ ਸੀ ਕਿ ਵਿਧਾਨ ਸਭਾ ਸੈਸ਼ਨ ਦੌਰਾਨ ਰੇਤ ਮਾਈਨਿੰਗ ਦਾ ਮਾਮਲਾ ਭਖੇਗਾ ਪਰ ਜਿਸ ਤਰ੍ਹਾਂ ਕੈਪਟਨ ਨੇ ਜਸਟਿਸ ਨਾਰੰਗ ਦੀ ਰਿਪੋਰਟ ਨੂੰ ਵਿਧਾਨ ਸਭਾ ਵਿਚ ਰੱਖ ਕੇ ਰਾਣਾ ਗੁਰਜੀਤ ਸਿੰਘ ਨੂੰ ਕਲੀਨ ਚਿੱਟ ਵਿਖਾਈ, ਉਸ ਨਾਲ ਉਨ੍ਹਾਂ ਆਉਣ ਵਾਲੀ ਸਿਆਸਤ ਦੇ ਭਰਪੂਰ ਸੰਕੇਤ ਦੇ ਦਿੱਤੇ ਕਿਉਂਕਿ ਰਾਣਾ ਗੁਰਜੀਤ ਸਿੰਘ ਦੇ ਵਿਵਾਦਾਂ ਵਿਚ ਘਿਰਨ ਤੋਂ ਬਾਅਦ ਕਈ ਤਰ੍ਹਾਂ ਦੇ ਕਿਆਸ ਲਾਏ ਜਾ ਰਹੇ ਸਨ ਕਿ ਕੌਣ-ਕੌਣ ਆਗੂ ਕੈਬਨਿਟ ਅਹੁਦੇ ਦੀ ਦੌੜ ਵਿਚ ਹੈ। ਕਈ ਆਗੂਆਂ ਨੇ ਆਪਣੇ ਪੱਧਰ 'ਤੇ ਭਰਪੂਰ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਸਨ ਪਰ ਕੈਪਟਨ ਦੇ ਪੈਂਤੜੇ ਤੋਂ ਬਾਅਦ ਹੁਣ ਹੋਰ ਵਿਧਾਇਕਾਂ ਦੇ ਸੁਪਨੇ ਧਰੇ-ਧਰਾਏ ਰਹਿ ਗਏ ਹਨ। ਜਲਦੀ ਹੀ ਹੋਣ ਵਾਲੇ ਕੈਬਨਿਟ ਵਾਧੇ ਵਿਚ ਰਾਣਾ ਗੁਰਜੀਤ ਸਿੰਘ ਨੂੰ ਦੁਬਾਰਾ ਸਥਾਨ ਮਿਲ ਸਕਦਾ ਹੈ ਤੇ ਕੈਬਨਿਟ ਅਹੁਦੇ ਦੀ ਦੌੜ ਵਿਚ ਚੱਲ ਰਹੇ ਦੋਆਬਾ ਦੇ ਹੋਰ ਵਿਧਾਇਕਾਂ ਦੇ ਅਰਮਾਨਾਂ 'ਤੇ ਪਾਣੀ ਫਿਰ ਸਕਦਾ ਹੈ। ਭਾਵੇਂ ਕੈਪਟਨ ਦੇ ਇਸ ਫੈਸਲੇ ਤੋਂ ਬਾਅਦ ਦੋਆਬਾ ਦੇ ਹੋਰ ਵਿਧਾਇਕਾਂ ਵਿਚ ਇਕ ਰੋਸ ਜ਼ਰੂਰ ਪੈਦਾ ਹੋ ਸਕਦਾ ਹੈ।
ਰਾਣਾ ਗੁਰਜੀਤ ਕਾਰਨ ਲੇਟ ਕੀਤਾ ਜਾ ਰਿਹਾ ਸੀ ਕੈਬਨਿਟ ਵਾਧਾ
ਲਗਾਤਾਰ ਲਟਕਦੇ ਕੈਬਨਿਟ ਵਾਧੇ ਦਾ ਮਾਮਲਾ ਤੂਲ ਫੜ ਰਿਹਾ ਸੀ। ਪਾਰਟੀ ਦੇ ਵਿਧਾਇਕ ਹੀ ਕੈਪਟਨ ਦੇ ਇਸ ਫੈਸਲੇ ਤੋਂ ਖੁਸ਼ ਨਹੀਂ ਸਨ। ਦੂਜੇ ਪਾਸੇ ਕੈਬਨਿਟ ਵਾਧਾ ਨਾ ਹੋਣ ਨਾਲ ਕਈ ਵਿਭਾਗਾਂ ਦੇ ਕੰਮ ਲਟਕ ਰਹੇ ਸਨ। ਭਾਵੇਂ ਸਰਕਾਰ ਵਲੋਂ ਵਾਰ-ਵਾਰ ਕਿਹਾ ਜਾ ਰਿਹਾ ਸੀ ਕਿ ਆਰਥਿਕ ਕੰਗਾਲੀ ਕਾਰਨ ਕੈਬਨਿਟ ਵਿਚ ਵਾਧਾ ਨਹੀਂ ਕੀਤਾ ਜਾ ਰਿਹਾ ਹੈ ਪਰ ਰਾਣਾ ਗੁਰਜੀਤ ਸਿੰਘ ਦੇ ਕਾਰਨ ਹੀ ਮੁੱਖ ਮੰਤਰੀ ਲਗਾਤਾਰ ਕੈਬਨਿਟ ਵਾਧੇ ਨੂੰ ਟਾਲ ਰਹੇ ਸਨ। ਹੁਣ ਰਾਣਾ ਗੁਰਜੀਤ ਸਿੰਘ ਨੂੰ ਕਲੀਨ ਚਿੱਟ ਮਿਲਣ ਤੋਂ ਬਾਅਦ ਜਲਦੀ ਹੀ ਕੈਬਨਿਟ ਵਾਧਾ ਵੀ ਹੋ ਸਕਦਾ ਹੈ।


Related News