'ਜਦੋਂ ਤੱਕ ਕਾਤਲ ਫੜ੍ਹੇ ਨਹੀਂ ਜਾਂਦੇ, ਮ੍ਰਿਤਕ ਦਾ ਨਹੀਂ ਕਰਾਂਗੇ ਸਸਕਾਰ'

Saturday, Feb 22, 2020 - 03:35 PM (IST)

'ਜਦੋਂ ਤੱਕ ਕਾਤਲ ਫੜ੍ਹੇ ਨਹੀਂ ਜਾਂਦੇ, ਮ੍ਰਿਤਕ ਦਾ ਨਹੀਂ ਕਰਾਂਗੇ ਸਸਕਾਰ'

ਫਿਲੌਰ (ਭਾਖੜੀ) : ਬੀਤੀ ਰਾਤ ਸਾਢੇ 7 ਵਜੇ ਸੈਲੂਨ 'ਤੇ ਕੰਮ ਕਰਨ ਵਾਲੇ ਨੌਜਵਾਨ ਰਾਮਪਾਲ (23) ਨੂੰ ਅਣਪਛਾਤੇ ਹਮਲਾਵਰਾਂ ਵੱਲੋਂ ਉਸੇ ਦੀ ਦੁਕਾਨ ਦੇ ਬਾਹਰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਉਹ ਮ੍ਰਿਤਕ ਦਾ ਸਸਕਾਰ ਨਹੀਂ ਕਰਨਗੇ, ਜਦੋਂ ਤੱਕ ਉਸ ਦੇ ਕਾਤਲ ਫੜ੍ਹੇ ਨਹੀਂ ਜਾਂਦੇ
ਰਾਮਪਾਲ ਦੇ ਕਤਲ ਤੇ ਪਿੰਡ ਵਾਲਿਆਂ ਨੂੰ ਯਕੀਨ ਨਹੀਂ
ਸਥਾਨਕ ਸਿਵਲ ਹਸਪਤਾਲ ਵਿਚ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਪੁੱਜੇ ਉਸ ਦੇ ਪਰਿਵਾਰ ਅਤੇ ਪਿੰਡ ਵਾਲਿਆਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਉਨ੍ਹਾਂ ਦੇ ਲੜਕੇ ਨੂੰ ਕੋਈ ਇਸ ਤਰ੍ਹਾਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦੇਵੇਗਾ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉਸ ਦੀ ਮਾਂ ਆਮ ਕਰ ਕੇ ਬੀਮਾਰ ਰਹਿੰਦੀ ਹੈ। ਗਰੀਬ ਪਰਿਵਾਰ ਦਾ ਰਾਮ ਪਾਲ ਮਿਹਨਤਕਸ਼ ਸ਼ਰੀਫ ਲੜਕਾ ਸੀ। ਉਸ ਦਾ ਅੱਜ ਤੱਕ ਕਿਸੇ ਨਾਲ ਕੋਈ ਝਗੜਾ ਨਹੀਂ ਹੋਇਆ।

ਕਿਸੇ ਨਾਲ ਰੰਜਿਸ਼ ਹੋਣਾ ਤਾਂ ਬਹੁਤ ਦੂਰ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਪੁਲਸ ਨੂੰ ਇਹ ਨਹੀਂ ਪਤਾ ਲੱਗਾ ਕਿ ਹਮਲਾਵਰ ਕਿਸੇ ਵਾਹਨ 'ਤੇ ਸਵਾਰ ਹੋ ਕੇ ਆਏ ਸਨ ਜਾਂ ਪੈਦਲ ਆਏ ਅਤੇ ਹਮਲਾਵਰਾਂ ਦੀ ਗਿਣਤੀ ਕਿੰਨੀ ਸੀ। ਉਹ ਰਾਮਪਾਲ ਨੂੰ ਗੋਲੀਆਂ ਮਾਰ ਕੇ ਪਿੰਡ ਵਿਚ ਹੀ ਲੁਕ ਗਏ ਜਾਂ ਫਰਾਰ ਹੋ ਗਏ। ਇਥੋਂ ਤੱਕ ਕਿ ਰਾਮ ਪਾਲ ਨਾਲ ਦੁਕਾਨ ਵਿਚ ਮੌਜੂਦ ਉਸ ਦਾ ਮਾਲਕ ਬਿੰਦਰ ਵੀ ਘਟਨਾ ਤੋਂ ਬਿਲਕੁਲ ਅਣਜਾਣ ਬਣਿਆ ਹੋਇਆ ਹੈ, ਜਦੋਂਕਿ ਨੇੜੇ ਦੇ ਘਰ ਦੇ ਲੋਕਾਂ ਮੁਤਾਬਕ ਉਨ੍ਹਾਂ ਨੇ ਤਿੰਨ ਵਾਰ ਗੋਲੀ ਚੱਲਣ ਦੀ ਆਵਾਜ਼ ਸੁਣੀ। ਉਸ ਵਿਚੋਂ 2 ਰਾਮਪਾਲ ਨੂੰ ਲੱਗੀਆਂ, ਜਿਸ ਨਾਲ ਉਸ ਦੀ ਮੌਤ ਹੋ ਗਈ।

ਉਨ੍ਹਾਂ ਕਿਹਾ ਕਿ ਜਦੋਂ ਤੱਕ ਪੁਲਸ ਮ੍ਰਿਤਕ ਦੇ ਕਾਤਲਾਂ ਨੂੰ ਫੜ ਨਹੀਂ ਲੈਂਦੀ, ਉਦੋਂ ਤੱਕ ਉਹ ਸਸਕਾਰ ਨਹੀਂ ਕਰਨਗੇ। ਬਹੁਜਨ ਸਮਾਜ ਪਾਰਟੀ ਜ਼ਿਲਾ ਜਲੰਧਰ ਦਿਹਾਤੀ ਦੇ ਪ੍ਰਧਾਨ ਅਮ੍ਰਿਤ ਭੌਂਸਲੇ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਦੀ ਪਾਰਟੀ ਦਾ ਹਰ ਵਰਕਰ ਪਰਿਵਾਰ ਅਤੇ ਪਿੰਡ ਵਾਲਿਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ। ਭੌਂਸਲੇ ਨੇ ਕਿਹਾ ਕਿ ਮ੍ਰਿਤਕ ਨੂੰ ਨਿਆਂ ਦਿਵਾਉਣ ਲਈ ਜੇਕਰ ਸੰਘਰਸ਼ ਵੀ ਕਰਨਾ ਪਿਆ ਤਾਂ ਉਹ ਅਤੇ ਉਨ੍ਹਾਂ ਦੀ ਪਾਰਟੀ ਪਿੱਛੇ ਨਹੀਂ ਹਟੇਗੀ।
ਕਾਤਲਾਂ ਨੇ ਸਰੇ ਬਾਜ਼ਾਰ ਮਾਰੀ ਗੋਲੀ
ਫਿਲੌਰ ਸ਼ਹਿਰ ਅਤੇ ਉਸ ਵਿਚ ਪੈਂਦੇ ਨੇੜਲੇ ਪਿੰਡ ਵਿਚ ਕਿਸੇ ਨੂੰ ਵੀ ਗੋਲੀਆਂ ਮਾਰ ਕੇ ਹਮਲਾਵਰਾਂ ਵੱਲੋਂ ਮੌਤ ਦੇ ਘਾਟ ਉਤਾਰ ਦੇਣ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਕੁਝ ਮਹੀਨੇ ਪਹਿਲਾਂ ਹੀ ਇਸੇ ਤਰ੍ਹਾਂ ਕਾਤਲਾਂ ਨੇ ਨੇੜਲੇ ਪਿੰਡ ਨਗਰ ਦੇ ਰਹਿਣ ਵਾਲੇ ਨੌਜਵਾਨ ਗੁਰਵਿੰਦਰ ਲਾਲ (22) ਪੁੱਤਰ ਕੁੰਦਨ ਲਾਲ, ਜੋ ਕਿ ਆਪਣੇ ਹੀ ਪਿੰਡ ਵਿਚ ਮਨੀ ਚੇਂਜਰ ਦਾ ਕੰਮ ਕਰਦਾ ਸੀ, ਸਵੇਰ 11 ਵਜੇ ਜਿਵੇਂ ਹੀ ਉਹ ਆਪਣੀ ਦੁਕਾਨ ਵਿਚ ਦਾਖਲ ਹੋਇਆ ਤਾਂ ਕੁਝ ਹਮਲਾਵਰਾਂ ਨੇ ਉਸ ਨੂੰ ਸਰੇ ਬਾਜ਼ਾਰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਕੇ ਫਰਾਰ ਹੋ ਗਏ। ਗੁਰਵਿੰਦਰ ਲਾਲ ਵੀ ਇਕ ਸ਼ਰੀਫ ਅਤੇ ਧਾਰਮਿਕ ਵਿਚਾਰਾਂ ਵਾਲਾ ਲੜਕਾ ਸੀ। ਹਮਲਾਵਰਾਂ ਨੇ ਜਦੋਂ ਉਸ ਨੂੰ ਗੋਲੀਆਂ ਮਾਰੀਆਂ, ਉਸ ਸਮੇਂ ਗੁਰਵਿੰਦਰ ਦੇ ਕਾਊਂਟਰ 'ਤੇ 2 ਤੋਂ 3 ਲੱਖ ਰੁਪਏ ਪਏ ਸਨ, ਜਿਸ ਨੂੰ ਕਾਤਲਾਂ ਨੇ ਹੱਥ ਤੱਕ ਨਹੀਂ ਲਾਇਆ, ਜਿਸ ਤੋਂ ਪਤਾ ਲਗਦਾ ਹੈ ਕਿ ਕਾਤਲ ਦਾ ਮਕਸਦ ਉਸ ਨੂੰ ਮੌਤ ਦੇ ਘਾਟ ਉਤਾਰਨਾ ਸੀ ਨਾ ਕਿ ਲੁੱਟਣਾ। ਦੂਜੀ ਘਟਨਾ ਵੀ ਅਜੇ ਕੁਝ ਮਹੀਨੇ ਪਹਿਲਾਂ ਹੀ ਸ਼ਹਿਰ ਦੇ ਪ੍ਰਮੁੱਖ ਭੀੜ ਵਾਲੇ ਬਾਜ਼ਾਰ ਅੰਬੇਡਕਰ ਚੌਕ ਕੋਲ ਵਾਪਰੀ, ਜਦੋਂ ਸ਼ਾਮ 5 ਵਜੇ 3 ਅਣਪਛਾਤੇ ਹਮਲਾਵਰਾਂ ਨੇ ਹਰਪ੍ਰੀਤ ਚਿੰਟੂ ਨੂੰ ਸਰੇ ਬਾਜ਼ਾਰ 13 ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਚਿੰਟੂ ਨੂੰ ਉਸ ਦੇ ਹੀ ਕਰੀਬੀ ਦੋਸਤ ਨਵਪ੍ਰੀਤ ਨੇ ਸੁਪਾਰੀ ਦੇ ਕੇ ਮਰਵਾਇਆ ਸੀ। ਪੁਲਸ 2 ਹਮਲਾਵਰਾਂ ਨੂੰ ਹੀ ਫੜਨ ਵਿਚ ਕਾਮਯਾਬ ਹੋ ਸਕੀ, ਜਦੋਂਕਿ ਪ੍ਰਮੁੱਖ ਸਾਜ਼ਿਸ਼ਕਰਤਾ ਅਜੇ ਵੀ ਫਰਾਰ ਚੱਲ ਰਿਹਾ ਹੈ।


author

Babita

Content Editor

Related News