ਸਾਬਕਾ ਕੇਂਦਰੀ ਮੰਤਰੀ ਰਾਮੂਵਾਲੀਆ ਦਾ PA ਲੱਖਾਂ ਦਾ ਚੂਨਾ ਲਾ ਕੇ ਭੱਜਿਆ ਵਿਦੇਸ਼, ਮਾਮਲਾ ਦਰਜ

Wednesday, Aug 24, 2022 - 07:55 PM (IST)

ਸਾਬਕਾ ਕੇਂਦਰੀ ਮੰਤਰੀ ਰਾਮੂਵਾਲੀਆ ਦਾ PA ਲੱਖਾਂ ਦਾ ਚੂਨਾ ਲਾ ਕੇ ਭੱਜਿਆ ਵਿਦੇਸ਼, ਮਾਮਲਾ ਦਰਜ

ਮੋਗਾ (ਅਜ਼ਾਦ, ਗੋਪੀ ਰਾਊਕੇ) : ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੇ ਪੀ.ਏ. ਗੁਰਪਾਲ ਸਿੰਘ ਵਾਸੀ ਪਿੰਡ ਪੱਖਰਵੱਡ ਹਾਲ ਵਾਸੀ ਨੇੜੇ ਆਸ਼ਰਮ ਜੰਗਪੁਰਾ ਦਿੱਲੀ ਵੱਲੋਂ ਉਨ੍ਹਾਂ ਦੇ ਪਿੰਡ ਰਾਮੂਵਾਲਾ ਨਵਾਂ ਵਿਖੇ ਸਥਿਤ ਘਰੋਂ ਲੱਖਾਂ ਰੁਪਏ ਨਕਦ, ਸੋਨੇ ਦੇ ਗਹਿਣੇ, ਸ਼ੇਅਰ ਆਦਿ ਚੋਰੀ ਕਰਕੇ  ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਸ ਵੱਲੋਂ ਗੁਰਪਾਲ ਸਿੰਘ, ਉਸ ਦੇ ਜੀਜਾ ਰੇਸ਼ਮ ਸਿੰਘ, ਭੈਣ ਰਾਜ ਕੌਰ ਤੇ ਭਾਣਜੀ ਸਮਰਪ੍ਰੀਤ ਕੌਰ ਵਾਸੀ ਪਿੰਡ ਸਰਾਵਾਂ ਜੈਤੋ ਫਰੀਦਕੋਟ ਦੇ ਖ਼ਿਲਾਫ਼ ਥਾਣਾ ਮਹਿਣਾ 'ਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਬਿਜਲੀ ਬੋਰਡ 'ਚ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰਾਂ 'ਤੇ ਪੁਲਸ ਦਾ ਲਾਠੀਚਾਰਜ, ਲੱਥੀਆਂ ਪੱਗਾਂ

ਜਾਣਕਾਰੀ ਅਨੁਸਾਰ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਬਲਵੰਤ ਸਿੰਘ ਰਾਮੂਵਾਲੀਆ ਦੇ ਨਜ਼ਦੀਕੀ ਰਿਸ਼ਤੇਦਾਰ ਬਲਕਾਰ ਸਿੰਘ ਵਾਸੀ ਪਿੰਡ ਦਲ ਸਿੰਘ ਵਾਲਾ ਹਾਲ ਵਾਸੀ ਪਿੰਡ ਰਾਮੂਵਾਲਾ ਨਵਾਂ ਨੇ ਕਿਹਾ ਕਿ ਉਹ 20 ਸਾਲ ਤੋਂ ਬਲਵੰਤ ਸਿੰਘ ਰਾਮੂਵਾਲੀਆ ਦੇ ਨਾਲ ਰਹਿ ਰਿਹਾ ਹੈ ਤੇ ਸਾਰਾ ਹਿਸਾਬ-ਕਿਤਾਬ ਦੇਖਦਾ ਹੈ। ਉਸ ਨੇ ਕਿਹਾ ਕਿ ਰਾਮੂਵਾਲੀਆ ਦੇ ਨਾਲ ਗੁਰਪਾਲ ਸਿੰਘ ਵਾਸੀ ਪੱਖਰਵੱਡ ਕਾਫ਼ੀ ਲੰਮੇ ਸਮੇਂ ਤੋਂ ਪਰਸਨਲ ਸੈਕਟਰੀ ਦੇ ਤੌਰ ’ਤੇ ਕੰਮ ਕਰਦਾ ਸੀ ਅਤੇ ਥੋੜ੍ਹੇ ਸਮੇਂ ਵਿੱਚ ਹੀ ਉਸ ਨੇ ਸਾਡਾ ਭਰੋਸਾ ਜਿੱਤ ਲਿਆ ਤੇ ਹੌਲੀ-ਹੌਲੀ ਉਹ ਪਿੰਡ ਰਾਮੂਵਾਲਾ ਨਵਾਂ ਵਿਖੇ ਸਥਿਤ ਘਰ 'ਚੋਂ ਕੀਮਤੀ ਸਾਮਾਨ, ਪੈਸੇ, ਗਹਿਣੇ ਆਦਿ ਗਾਇਬ ਕਰਨ ਲੱਗ ਪਿਆ ਤੇ 3 ਮਹੀਨੇ ਪਹਿਲਾਂ ਸਾਨੂੰ ਦੱਸੇ ਬਿਨਾਂ ਵਿਦੇਸ਼ ਭੱਜ ਗਿਆ।

ਇਹ ਵੀ ਪੜ੍ਹੋ : ਜੰਡਿਆਲਾ: ਨਸ਼ੇ 'ਚ ਧੁੱਤ ਨੌਜਵਾਨ ਨੇ ਬੱਚਿਆਂ ਨਾਲ ਭਰੀ ਸਕੂਲੀ ਬੱਸ 'ਤੇ ਕੀਤੀ ਫਾਇਰਿੰਗ (ਵੀਡੀਓ)

ਹੁਣ ਸਾਨੂੰ ਪਤਾ ਲੱਗਾ ਹੈ ਕਿ ਗੁਰਪਾਲ ਸਿੰਘ ਨੇ ਵਿਦੇਸ਼ ਜਾਣ ਤੋਂ ਪਹਿਲਾਂ ਹੇਰਾਫੇਰੀ ਨਾਲ ਗਾਇਬ ਕੀਤਾ ਸਾਮਾਨ, ਜਿਸ ਵਿਚ 30-35 ਤੋਲੇ ਸੋਨਾ ਜੋ ਬਲਵੰਤ ਸਿੰਘ ਰਾਮੂਵਾਲੀਆ ਦੀ ਮਾਤਾ ਤੇ ਉਸ ਦੀ ਪਤਨੀ ਦਾ ਇਸਤਰੀ ਧਨ ਸੀ, ਨਕਦੀ, ਟੋਰਸ ਕੰਪਨੀ ਦੇ ਇਕ ਹਜ਼ਾਰ ਸ਼ੇਅਰ ਆਪਣੇ ਜੀਜੇ ਰੇਸ਼ਮ ਸਿੰਘ, ਭੈਣ ਰਾਜ ਕੌਰ ਤੇ ਭਾਣਜੀ ਸਮਰਪ੍ਰੀਤ ਕੌਰ ਕੋਲ ਰੱਖੇ ਹਨ। ਇਸ ਤਰ੍ਹਾਂ ਕਥਿਤ ਦੋਸ਼ੀ ਨੇ ਸਾਨੂੰ ਭਰੋਸੇ ਵਿੱਚ ਲੈ ਕੇ ਕਰੀਬ 75 ਲੱਖ ਰੁਪਏ ਦਾ ਕੀਮਤੀ ਸਾਮਾਨ, ਗਹਿਣੇ, ਸ਼ੇਅਰ, ਸਰਟੀਫਿਕੇਟ ਆਦਿ ਚੋਰੀ ਕਰ ਲਏ, ਜਿਸ ਦਾ ਪਤਾ ਲੱਗਣ ’ਤੇ ਮੈਂ ਇਸ ਦੀ ਜਾਣਕਾਰੀ ਰਾਮੂਵਾਲੀਆ ਨੂੰ ਦਿੱਤੀ ਅਤੇ ਆਈ.ਜੀ. ਫਰੀਦਕੋਟ ਰੇਂਜ ਨੂੰ ਵੀ ਕਥਿਤ ਦੋਸ਼ੀ ਦੇ ਖ਼ਿਲਾਫ਼ ਸ਼ਿਕਾਇਤ ਪੱਤਰ ਦਿੱਤਾ ਗਿਆ, ਜਿਨ੍ਹਾਂ ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਮਾਮਲਾ ਦਰਜ ਕਰਨ ਦਾ ਹੁਕਮ ਦਿੱਤਾ। ਮਾਮਲੇ ਦੀ ਅਗਲੀ ਜਾਂਚ ਸਹਾਇਕ ਥਾਣੇਦਾਰ ਰਾਜ ਸਿੰਘ ਕਰ ਰਹੇ ਹਨ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News