ਪੰਜਾਬ ਦੀ ਰਮਨਪ੍ਰੀਤ ਨੇ ਰੋਇੰਗ ਖੇਡ ਮੁਕਾਬਲੇ ''ਚ ਜਿੱਤੇ ਸੋਨੇ-ਕਾਂਸੀ ਦੇ ਤਮਗੇ
Saturday, Mar 09, 2019 - 05:22 PM (IST)

ਗੁਰਦਾਸਪੁਰ, (ਗੁਰਪ੍ਰੀਤ ਸਿੰਘ)— ਅਜੋਕੇ ਸਮੇਂ ਲੜਕੀਆਂ ਹਰ ਖੇਤਰ 'ਚ ਲੜਕਿਆਂ ਤੋਂ ਅੱਗੇ ਨਿਕਲਦੀਆਂ ਦਿਖਾਈ ਦੇ ਰਹੀਆਂ ਹਨ। ਇਸ ਦੀ ਤਾਜ਼ਾ ਮਿਸਾਲ ਰਮਨਪ੍ਰੀਤ ਕੌਰ ਦੇ ਰੂਪ 'ਚ ਸਾਹਮਣੇ ਆਈ ਹੈ। ਜ਼ਿਲਾ ਗੁਰਦਾਸਪੁਰ ਦੇ ਛੋਟੇ ਜਿਹੇ ਸਰਹੱਦੀ ਪਿੰਡ ਬਾਂਗੋਵਾਣੀ 'ਚ ਪੈਦਾ ਹੋਈ ਰਮਨਪ੍ਰੀਤ ਕੌਰ ਨੂੰ ਸਫਲਤਾ ਰੂਪੀ ਆਸਮਾਨ 'ਚ ਉੱਡਣ ਲਈ ਪਰਿਵਾਰ ਦਾ ਸਹਾਰਾ ਮਿਲਿਆ ਤਾਂ ਉਸ ਨੇ ਮਿਸਾਲ ਕਾਇਮ ਕਰਦੇ ਹੋਏ ਪਿਛਲੇ ਦਿਨੀਂ ਚੰਡੀਗੜ੍ਹ 'ਚ 22 ਸੂਬਿਆਂ ਦੇ ਖਿਡਾਰੀਆਂ ਵਿਚਾਲੇ ਵਿਚਾਲੇ ਹੋਏ ਯੂਨੀਵਰਸਿਟੀ ਪੱਧਰੀ ਰੋਇੰਗ ਖੇਡ ਮੁਕਾਬਲੇ ਦੇ ਡਬਲਜ਼ ਰੋਇੰਗ 'ਚ ਸੋਨ ਤਮਗਾ ਅਤੇ 500 ਮੀਟਰ ਸਿੰਗਲ ਰੋਇੰਗ ਮੁਕਾਬਲੇ 'ਚ ਕਾਂਸੀ ਤਮਗਾ ਜਿੱਤ ਕੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਲੜਕੀਆਂ ਨੂੰ ਹੌਸਲਾ ਮਿਲੇ ਤਾਂ ਉਹ ਕਿਸੇ ਵੀ ਖੇਤਰ 'ਚ ਲੜਕਿਆਂ ਤੋਂ ਘੱਟ ਨਹੀਂ ਹੈ।
ਰਮਨਪ੍ਰੀਤ ਕੌਰ ਦੇ ਆਪਣੇ ਘਰ ਵਾਪਸ ਆਉਣ 'ਤੇ ਪਿੰਡ ਵਾਲਿਆਂ ਅਤੇ ਪਰਿਵਾਰਕ ਮੈਂਬਰਾਂ ਨੇ ਜ਼ੋਰਦਾਰ ਸਵਾਗਤ ਕੀਤਾ। ਰਮਨਪ੍ਰੀਤ ਨੇ ਇਸ ਸਫਲਤਾ ਲਈ ਆਪਣੇ ਦਾਦਾ ਅਤੇ ਕੋਚ ਨੂੰ ਦਿਸ਼ਾ ਨਿਰਦੇਸ਼ਕ ਦੱਸਿਆ। ਰਮਨਪ੍ਰੀਤ ਨੇ ਇਸ ਸ਼ਾਨਦਾਰ ਕਾਮਯਾਬੀ ਦੇ ਬਾਅਦ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੇਕਰ ਪੰਜਾਬ ਸਰਕਾਰ ਸਾਡੇ ਜਿਹੇ ਉਭਰ ਰਹੇ ਖਿਡਾਰੀਆਂ ਦੀ ਮਦਦ ਕਰੇ ਤਾਂ ਇਹ ਖਿਡਾਰੀ ਖੇਡਾਂ 'ਚ ਦੇਸ਼ ਦਾ ਨਾਂ ਰੌਸ਼ਨ ਕਰ ਸਕਦੇ ਹਨ ਅਤੇ ਕੋਈ ਵੀ ਪੰਜਾਬ ਦਾ ਖਿਡਾਰੀ ਹਰਿਆਣਾ ਲਈ ਖੇਡਣ ਨਹੀਂ ਜਾਵੇਗਾ। ਰਮਨਪ੍ਰੀਤ ਨੇ ਆਪਣੇ ਅੱਗੇ ਦੇ ਟੀਚੇ ਦੇ ਬਾਰੇ ਦੱਸਿਆ ਕਿ ਉਹ ਖੇਡਾਂ ਰਾਹੀਂ ਪੰਜਾਬ ਪੁਲਸ 'ਚ ਉੱਚੇ ਰੈਂਕ 'ਤੇ ਭਰਤੀ ਹੋ ਕੇ ਸੂਬੇ ਅਤੇ ਦੇਸ਼ ਦੀ ਸੇਵਾ ਕਰਨੀ ਚਾਹੁੰਦੀ ਹੈ।