ਮਰਿਆਦਾ ਪਰਸ਼ੋਤਮ ਸ਼੍ਰੀ ਰਾਮ ਜੀ ਦਾ ਪ੍ਰਗਟ ਦਿਵਸ : ਰਾਮਨੌਮੀ

Thursday, Apr 02, 2020 - 09:20 AM (IST)

ਮਰਿਆਦਾ ਪਰਸ਼ੋਤਮ ਸ਼੍ਰੀ ਰਾਮ ਜੀ ਦਾ ਪ੍ਰਗਟ ਦਿਵਸ : ਰਾਮਨੌਮੀ

ਜਲੰਧਰ - ਰਾਮਨੌਮੀ ਹਿੰਦੂਆਂ ਜਾਂ ਹਿੰਦੋਸਤਾਨ ਲਈ ਹੀ ਨਹੀਂ ਸਗੋਂ ਸਾਰੀ ਦੁਨੀਆ ਲਈ ਸੁਭਾਗਾ ਦਿਨ ਹੈ। ਕਿਉਂਕਿ ਇਸੇ ਦਿਨ ਹੀ ਰਾਵਣ ਦੇ ਅੱਤਿਆਚਾਰਾਂ ਤੋਂ ਪੀੜਤ ਪ੍ਰਿਥਵੀ ਨੂੰ ਸੁਖੀ ਕਰਨ ਅਤੇ ਸਨਾਤਨ ਧਰਮ ਦੀ ਮਰਿਆਦਾ ਸਥਾਪਤ ਕਰਨ ਲਈ ਮਰਿਆਦਾ ਪ੍ਰੋਸ਼ਤਮ ਸ਼੍ਰੀ ਰਾਮ ਜੀ ਪ੍ਰਗਟ ਹੋਏ ਸਨ। ਸ਼੍ਰੀ ਰਾਮ ਹਿੰਦੂਆਂ ਦੇ ਰਾਮ ਨਹੀਂ ਉਹ ਅਖਿਲ ਵਿਸ਼ਵ ਦੇ ਪ੍ਰਾਣਾਯਾਮ ਹਨ। ਇਸ ਲਈ ਨਾਰਾਇਣ ਕਿਸੇ ਇਕ ਦੇਸ਼ ਜਾਂ ਵਿਅਕਤੀ ਦੀ ਵਸਤੂ ਕਿਵੇਂ ਹੋ ਸਕਦੇ ਹਨ। ਸ਼੍ਰੀ ਰਾਮ ਜੀ ਦਾ ਜਨਮ ਦਿਹਾੜਾ ਰਾਮ ਨੌਮੀ ਇਕ ਪਵਿੱਤਰ ਤਿਉਹਾਰ ਵਜੋਂ ਹਰ ਸਾਲ ਚੇਤ ਮਹੀਨੇ ਦੇ ਸ਼ੁਕਲ ਪੱਖ ਦੀ ਨੌਮੀ ਤਿਥੀ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਪ੍ਰਾਣਾ ਅਨੁਸਾਰ ਇਸ ਦਿਨ ਭਗਵਾਨ ਵਿਸ਼ਨੂੰ ਜੀ ਨੇ ਰਾਮ ਅਵਤਾਰ ਧਾਰਨ ਕਰਕੇ ਰਾਜਾ ਦਸ਼ਰਥ ਦੇ ਘਰ ਮਾਤਾ ਕੌੱਲਿਆ  ਦੀ ਕੁੱਖੋਂ ਜਨਮ ਲਿਆ ਸੀ। ਇਸ ਦਿਨ ਇਹ ਤਿਉਹਾਰ ਮੰਦਰਾਂ-ਘਰਾਂ ਵਿਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ- ਰਾਮ ਜਨਮ ਭੂਮੀ ਅਯੁੱਧਿਆ ਵਿਚ ਤਾਂ ਇਹ ਰਾਮ ਨੌਮੀ ਦਾ ਪਵਿੱਤਰ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ।

ਪੌਰਾਣਿਕ ਕਥਾਵਾਂ ਅਨੁਸਾਰ ਕਿਹਾ ਜਾਂਦਾ ਹੈ ਕਿ ਜਦੋਂ ਧਰਤੀ 'ਤੇ ਅੱਤਿਆਚਾਰ ਇੰਨੇ ਵਧ ਗਏ, ਜਿਸ ਨੂੰ ਧਰਤੀ ਸਹਿਣ ਨਾ ਕਰ ਸਕੀ, ਤਾਂ ਗਊ ਦਾ ਰੂਪ ਧਾਰਨ ਕਰਕੇ ਦੇਵਤਿਆਂ ਅਤੇ ਰਿਸ਼ੀਆਂ ਮੁਨੀਆਂ ਨੂੰ ਨਾਲ ਲੈ ਕੇ ਬ੍ਰਹਮਾ ਜੀ ਕੋਲ ਗਈ ਅਤੇ ਆਪਣਾ ਦੁੱਖ ਕਿਹਾ ਅਤੇ ਬ੍ਰਹਮਾ ਜੀ ਦੇਵਤਿਆਂ ਤੇ ਧਰਤੀ ਸਮੇਤ ਇਕੱਠੇ ਹੋ ਕੇ ਕਸ਼ੀਰ ਸਾਗਰ ਦੇ ਤੱਟ 'ਤੇ ਪੁੱਜੇ ਅਤੇ ਉਥੇ ਖੜ੍ਹੇ ਹੋ ਕੇ ਭਗਵਾਨ ਵਿਸ਼ਨੂੰ ਜੀ ਦੀ ਅਰਾਧਨਾ ਕਰਨ ਲੱਗੇ ਤਾਂ ਉਨ੍ਹਾਂ ਨੇ ਆਪਣੇ ਭਗਤਾਂ ਦੀ ਪੁਕਾਰ ਸੁਣੀ ਅਤੇ ਪੂਰਬ ਦਿਸ਼ਾ ਵਲੋਂ ਆਪਣਾ ਤੇਜ ਚਮਕਾਉਂਦੇ ਹੋਏ ਪ੍ਰਗਟ ਹੋਏ ਤਾਂ ਸਭ ਨੇ ਉਨ੍ਹਾਂ ਨੂੰ ਪ੍ਰਣਾਮ ਕੀਤਾ ਤਾਂ ਉਨ੍ਹਾਂ ਨੇ ਦੁੱਖ ਪੁੱਛਿਆ ਤਾਂ ਬ੍ਰਹਮਾ ਜੀ ਨੇ ਕਿਹਾ ਕਿ ਆਪ ਅੰਤਰਯਾਮੀ ਹੋ। ਸਭ ਜਾਣਦੇ ਹੋ ਫਿਰ ਵੀ ਦੱਸਦੇ ਹਾਂ ਕਿ ਰਾਵਣ ਆਦਿ ਰਾਖਸ਼ਸਾਂ ਦੇ ਅੱਤਿਆਚਾਰ ਨਾਲ ਧਰਤੀ ਬਹੁਤ ਦੁਖੀ ਹੈ ਅਤੇ ਹੁਣ ਹੋਰ ਦੁਖ ਨਹੀਂ ਸਹਿ ਸਕਦੀ। ਆਪ ਦਯਾ ਦੇ ਸਾਗਰ ਹੋ ਸਭ 'ਤੇ ਦਯਾ ਕਰਦੇ ਹੋ। ਇਸ ਲਈ ਪ੍ਰਾਰਥਨਾ ਹੈ ਕਿ ਧਰਤੀ ਦਾ ਦੁਖ ਦੂਰ ਕਰੋ। ਇਹ ਸੁਣ ਕੇ ਉਨ੍ਹਾਂ ਕਿਹਾ ਕਿ ਧਰਤੀ 'ਤੇ ਰਾਜਾ ਦਸ਼ਰਥ ਅਯੁੱਧਿਆ ਦੇ ਰਾਜਾ ਹਨ, ਜੋ ਪਿਛਲੇ ਜਨਮ ਵਿਚ ਰਾਜਾ ਕਸ਼ਯਪ ਸਨ। ਉਨ੍ਹਾਂ ਦੀ ਤਪੱਸਿਆ ਤੋਂ ਖੁਸ਼ ਹੋ ਕੇ ਮੈਂ ਉਨ੍ਹਾਂ ਦਾ ਪੁੱਤਰ ਹੋਣਾ ਸਵੀਕਾਰ ਕੀਤਾ ਸੀ। ਇਸ ਲਈ ਹੁਣ ਮੈਂ ਉਨ੍ਹਾਂ ਦੇ ਘਰ ਵਿਚ ਪੁੱਤਰ ਰੂਪ ਵਿਚ ਚਾਰ ਅੰਸ਼ਾਂ ਵਿਚ ਮਾਤਾ ਕੌਸ਼ੱਲਿਆ, ਸੁਮਤਿਰਾ ਅਤੇ ਕੈਕਈ ਦੇ ਗਰਭ ਤੋਂ ਜਨਮ ਲਵਾਂਗਾ ਤੇ ਆਪ ਸਭ ਦਾ ਕਾਰਜ ਸਿੱਧ ਹੋਵੇਗਾ।

PunjabKesari

ਇਨ੍ਹਾਂ ਵਿਸ਼ਨੂੰ ਭਗਵਾਨ ਜੀ ਨੇ ਹੀ ਰਾਮ ਜੀ ਦੇ ਰੂਪ ਵਿਚ ਰਾਜਾ ਦਸ਼ਰਥ ਦੇ ਘਰ ਉਸ ਦਿਨ ਅਵਤਾਰੀ ਰੂਪ ਵਿਚ ਜਨਮ ਲਿਆ ਸੀ। ਭਗਵਾਨ ਸ਼੍ਰੀ ਰਾਮ ਜੀ ਦਾ ਜੀਵਨ ਚਰਿੱਤਰ ਬੜਾ ਹੀ ਤਿਆਗੀ, ਧਰਮ ਰੱਖਿਅਕ, ਵਚਨ-ਪਾਲਕ ਸੀ। ਸਾਖਸ਼ਾਤ ਪਰਮ ਪੁਰਸ਼ ਪ੍ਰਮਾਤਮਾ ਹੋਣ 'ਤੇ ਵੀ ਸ਼੍ਰੀ ਰਾਮ ਚੰਦਰ ਜੀ ਨੇ ਜੀਵਾਂ ਨੂੰ ਸੱਚ 'ਤੇ ਰਸਤੇ ਚਲਾਉਣ ਲਈ ਅਜਿਹੀਆਂ ਆਦਰਸ਼ ਲੀਲਾਵਾਂ ਕੀਤੀਆਂ, ਜਿਨ੍ਹਾਂ ਨੂੰ ਸਾਰੇ ਲੋਕ ਸੁੱਖ ਪੂਰਵਕ ਕਰ ਸਕਦੇ ਸਨ। ਇਨ੍ਹਾਂ ਸ਼੍ਰੀ ਰਾਮ ਚੰਦਰ ਜੀ ਦਾ ਪੁੰਨਯ ਜਨਮ ਦਿਨ ਚੇਤਰ ਪੱਖ ਦੀ ਨੌਮੀ-ਰਾਮ ਨੌਮੀ ਹੈ।

ਸ਼੍ਰੀ ਰਾਮ ਚੰਦਰ ਜੀ ਦੇ ਜੀਵਨ ਕਾਲ ਦੀਆਂ ਘਟਨਾਵਾਂ 'ਤੇ ਅਮਲ ਕਰਕੇ ਮਨੁੱਖ ਜੀਵਨ ਵਿਚ ਸ਼ਾਂਤੀ ਪ੍ਰਾਪਤ ਕਰ ਸਕਦਾ ਹੈ। ਸ਼ਾਸ਼ਤਰਾਂ ਅਨੁਸਾਰ ਭਵ ਸਾਗਰ ਪਾਰ ਹੋ ਸਕਦਾ ਹੈ। ਭਗਵਾਨ ਸ਼੍ਰੀ ਰਾਮ ਚੰਦਰ ਜੀ ਨੇ ਆਪਣੇ ਬਚਪਨ ਦੇ ਕਾਰਨਾਮਿਆਂ ਨਾਲ ਹੀ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਸੀ। ਸ਼੍ਰੀ ਰਾਮ ਚੰਦਰ ਜੀ ਨੇ ਰਾਜਾ ਦਸ਼ਰਥ ਦੇ ਘਰ ਜਨਮ ਲੈ ਕੇ ਜਿਨ੍ਹਾਂ ਮਨੁੱਖੀ ਅਸੂਲਾਂ ਦੀ ਸਥਾਪਨਾ ਕੀਤੀ ਸੀ, ਉਨ੍ਹਾਂ ਦੀ ਉਦਾਹਰਣ ਅੱਜ ਕਿਧਰੇ ਖੋਜ ਕੀਤੇ ਵੀ ਨਹੀਂ ਮਿਲਦੀ।  ਉਨ੍ਹਾਂ ਦੇ ਜੀਵਨ ਕਾਲ ਵਿਚ ਜਿਨ੍ਹਾਂ ਮਰਿਆਦਾਵਾਂ ਦੀ  ਪਾਲਣਾ ਕੀਤੀ ਗਈ, ਉਨ੍ਹਾਂ ਵਿਸ਼ੇਸ਼ਤਾਈਆਂ ਕਾਰਨ ਇਤਿਹਾਸ ਵਿਚ ਉਨ੍ਹਾਂ ਨੂੰ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਕਿਹਾ ਜਾਂਦਾ ਹੈ। ਭਗਵਾਨ ਸ਼੍ਰੀ ਰਾਮ ਜੀ ਨੇ ਜਿਸ ਆਦਰਸ਼ ਸੰਤਾਨ ਦੇ ਰੂਪ ਵਿਚ ਜੋ ਆਦਰਸ਼ ਕਾਇਮ ਕੀਤਾ ਮਨੁੱਖ ਉਸ ਤੋਂ ਯੁਗਾਂ ਤਕ ਪ੍ਰੇਰਿਤ ਰਹੇਗਾ।  ਇਕ ਪਾਸੇ ਤਾਂ ਰਾਜ ਲਕਸ਼ਮੀ ਦਾ ਸੰਪੂਰਨ ਭੋਗ ਅਤੇ ਦੂਜੇ ਪਾਸੇ ਪਿਤਾ ਦੀ ਆਗਿਆ ਦਾ ਪਾਲਣ। ਇਸ ਤਰ੍ਹਾਂ ਦੀ ਦੁਵਿਧਾ ਭਰੀ ਸਥਿਤੀ ਵਿਚ ਕੋਈ ਵੀ ਇਨਸਾਨ ਭਟਕ ਸਕਦਾ ਹੈ ਪਰ ਭਗਵਾਨ ਸ਼੍ਰੀ ਰਾਮ  ਜੀ ਨੇ ਪਿਤਾ ਦੀ ਰਘੁਕੁਲ ਰੀਤ ਦਾ ਪਾਲਣ ਕੀਤਾ। 

PunjabKesari

ਮਹਾਕਵੀ ਤੁਲਸੀ ਦਾਸ ਜੀ ਦਾ ਕਥਨ ਹੈ ਕਿ ਰਾਮ ਨਾਮ ਜਪਣ ਨਾਲ ਸਾਡੇ ਪਾਪ ਮਿਟ ਜਾਂਦੇ ਹਨ। ਭਗਵਾਨ ਰਾਮ ਦਾ ਨਾਮ ਜਪਣ ਦੇ ਨਾਲ ਹੀ ਮੁਕਤੀ ਦਾ ਰਸਤਾ ਵੀ ਸੰਭਵ ਹੈ ਤਾਂ ਫਿਰ ਉਨ੍ਹਾਂ ਦੇ ਵਿਅਕਤੀਤਵ ਦੇ ਗੁਣਾਂ ਨੂੰ ਅਪਣਾ ਲੈਣ ਨਾਲ ਤਾਂ ਪਤਾ ਨਹੀਂ ਕਿੰਨਾ ਲਾਭ ਪ੍ਰਾਪਤ ਹੋ ਸਕਦਾ ਹੈ। ਇਸ ਦੀ ਕਲਪਨਾ ਤਾਂ ਸ਼ਾਇਦ ਕਦੇ ਸੁਪਨੇ ਵਿਚ ਵੀ ਨਹੀਂ ਕੀਤੀ ਜਾ ਸਕਦੀ। ਸ਼੍ਰੀ ਰਾਮ ਚੰਦਰ ਜੀ ਦੇ ਨਾਮਕਰਨ ਦੀ ਵਿਆਖਿਆ ਕਰਦੇ ਹੋਏ ਕਿਹਾ ਗਿਆ ਹੈ ਕਿ ਉਸ ਵਿਚ ਸੂਰਜ ਦੀਆਂ ਕਿਰਨਾਂ ਦਾ ਤੇਜ ਹੈ। ਅਗਨੀ ਵਿਚ ਜੋ ਪ੍ਰਚੰਡਤਾ ਹੈ ਅਤੇ ਚੰਦਰਮਾ ਵਿਚ ਜੋ ਸ਼ਾਂਤੀ ਹੈ, ਇਹ ਸਭ ਸਾਨੂੰ ਰਾਮ ਸ਼ਬਦ ਦੇ ਉਚਾਰਣ ਨਾਲ ਪ੍ਰਾਪਤ ਹੋ ਜਾਂਦਾ ਹੈ। ਸ਼੍ਰੀ ਰਾਮ ਜੀ ਦੇ ਸੰਬੰਧ ਵਿਚ ਪੂਰੀ ਜਾਣਕਾਰੀ ਪ੍ਰਾਪਤ ਕਰਕੇ ਸਾਨੂੰ ਇੰਝ ਲੱਗਦਾ ਹੈ ਕਿ ਉਹ ਅੱਜ ਵੀ ਸਾਨੂੰ ਉਨ੍ਹਾਂ ਮਰਿਆਦਾਵਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰ ਰਹੇ ਹਨ।         

ਸੱਤਪ੍ਰਕਾਸ਼ ਸਿੰਗਲਾ

PunjabKesari


author

rajwinder kaur

Content Editor

Related News