ਇਕ ਮਹੀਨੇ ’ਚ ਲੋਕਾਂ ਹਵਾਲੇ ਹੋਵੇਗਾ ਰਾਮਾ ਮੰਡੀ ਫਲਾਈਓਵਰ, ਬੰਦ ਹੋਵੇਗੀ ਅੰਮ੍ਰਿਤਸਰ ਜਾਣ ਵਾਲੀ ਸਰਵਿਸ ਲੇਨ

09/17/2019 12:15:56 PM

ਜਲੰਧਰ (ਜ.ਬ.)— ਇਕ ਮਹੀਨੇ ’ਚ ਰਾਮਾ ਮੰਡੀ ਫਲਾਈਓਵਰ ਤਿਆਰ ਕਰਕੇ ਲੋਕਾਂ ਹਵਾਲੇ ਕਰ ਦਿੱਤਾ ਜਾਵੇਗਾ। ਫਲਾਈਓਵਰ ਬਣਾਉਣ ਦਾ ਕੰਮ ਲਗਾਤਾਰ ਤੇਜ਼ੀ ਨਾਲ ਹੋ ਰਿਹਾ ਹੈ। ਜੇਕਰ ਬਾਰਿਸ਼ ਨਾ ਹੋਈ ਤਾਂ ਇਕ ਮਹੀਨੇ ’ਚ ਫਲਾਈਓਵਰ ਤਿਆਰ ਹੋਣ ਦੀ ਉਮੀਦ ਹੈ। ਸੂਤਰਾਂ ਦੀ ਮੰਨੀਏ ਤਾਂ ਨੈਸ਼ਨਲ ਹਾਈਵੇਅ ਅਥਾਰਿਟੀ ਅਤੇ ਜ਼ਿਲਾ ਪ੍ਰਸ਼ਾਸਨ ’ਚ ਸਰਵਿਸ ਲੇਨ ਚਾਲੂ ਕਰਨ ਦੀ ਸਹਿਮਤੀ ਹੋ ਗਈ ਹੈ। ਜਿਵੇਂ ਹੀ ਰਾਮਾ ਮੰਡੀ ਦਾ ਕੰਮ ਖਤਮ ਹੋ ਜਾਵੇਗਾ, ਉਸ ਤੋਂ ਬਾਅਦ ਹੀ ਪੀ. ਏ. ਪੀ. ਚੌਕ ਤੋਂ ਪੀ. ਏ. ਪੀ. ਆਰ. ਓ. ਬੀ. ਅਤੇ ਅੰਮ੍ਰਿਤਸਰ ਜਾਣ ਵਾਲੇ ਟਰੈਫਿਕ ਦਾ ਵੀ ਰਸਤਾ ਬਦਲ ਦਿੱਤਾ ਜਾਵੇਗਾ। ਜਲੰਧਰ ਤੋਂ ਅੰਮ੍ਰਿਤਸਰ ਜਾਣ ਵਾਲਾ ਸਾਰਾ ਟਰੈਫਿਕ ਪੀ. ਏ. ਪੀ. ਚੌਕ ਤੋਂ ਰਾਮਾ ਮੰਡੀ ਚੌਕ ਅਤੇ ਉਥੋਂ ਫਲਾਈਓਵਰ ਦੇ ਹੇਠਾਂ ਯੂ-ਟਰਨ ਲੈਣ ਤੋਂ ਬਾਅਦ ਵਾਪਸ ਭੂਰ ਮੰਡੀ ਦੇ ਸਾਹਮਣਿਓਂ ਫਲਾਈਓਵਰ ’ਤੇ ਚੜ੍ਹੇਗਾ। ਸਰਵਿਸ ਲੇਨ ਬੰਦ ਹੋਣ ਤੋਂ ਬਾਅਦ ਐਕਸੀਡੈਂਟ ਹੋਣ ਦਾ ਕੋਈ ਖਤਰਾ ਨਹੀਂ ਰਹੇਗਾ।

ਦੱਸ ਦੇਈਏ ਕਿ 29 ਮਾਰਚ ਨੂੰ ਪੀ. ਏ. ਪੀ. ਫਲਾਈਓਵਰ ਨੂੰ ਲੋਕਾਂ ਹਵਾਲੇ ਕਰ ਦਿੱਤਾ ਗਿਆ ਸੀ ਪਰ ਕੁਝ ਹੀ ਸਮੇਂ ’ਚ ਪੀ. ਏ. ਪੀ. ਆਰ. ਓ. ਬੀ. ਵਲੋਂ ਫਲਾਈਓਵਰ ਤੋਂ ਉਤਰਣ ਵਾਲਾ ਟਰੈਫਿਕ ਲੇਨ ਤੋਂ ਹੁੰਦਾ ਹੋਇਆ ਆਰ. ਓ. ਬੀ. ਤਕ ਜਾਣ ਵਾਲੇ ਟਰੈਫਿਕ ਨਾਲ ਮਰਜ ਹੋਇਆ ਤਾਂ 3 ਐਕਸੀਡੈਂਟ ਹੋ ਗਏ। ਐਕਸੀਡੈਂਟ ਹੋਣ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਨੇ ਫਲਾਈਓਵਰ ’ਤੇ ਟਰੈਫਿਕ ਚੜ੍ਹਾਉਣਾ ਬੰਦ ਕਰ ਦਿੱਤਾ ਅਤੇ ਦੋਬਾਰਾ ਸਰਵਿਸ ਲੇਨ ’ਤੇ ਹੀ ਸਾਰਾ ਟਰੈਫਿਕ ਛੱਡ ਦਿੱਤਾ ਗਿਆ। ਹਾਲਾਂਕਿ ਪਹਿਲਾਂ ਇਹ ਵੀ ਪਲਾਨ ਕੀਤਾ ਗਿਆ ਸੀ ਕਿ ਪੀ. ਏ. ਪੀ. ਆਰ. ਓ. ਬੀ. ਨੂੰ ਚੌੜਾ ਕਰ ਦਿੱਤਾ ਜਾਵੇ ਪਰ ਇਹ ਵੀ ਇੰਨਾ ਆਸਾਨ ਨਹੀਂ ਸੀ, ਜਿਸ ’ਤੇ ਹੁਣ ਸਰਵਿਸ ਲੇਨ ਨੂੰ ਹੀ ਬੰਦ ਕਰਨ ਦਾ ਨਤੀਜਾ ਨਿਕਲਿਆ ਹੈ।

PunjabKesari
ਪੀ. ਏ. ਪੀ. ਰਾਮਾ ਮੰਡੀ ਵੱਲ ਜਾਣ ਵਾਲੀ ਰੋਡ ’ਤੇ ਪੈਚਵਰਕ ਦਾ ਕੰਮ ਸ਼ੁਰੂ
ਕਾਫੀ ਸਮੇਂ ਤੋਂ ਪੀ. ਏ. ਪੀ. ਚੌਕ ਤੋਂ ਰਾਮਾ ਮੰਡੀ ਰੋਡ ’ਤੇ ਟੋਇਆਂ ਕਾਰਣ ਲੱਗ ਰਹੇ ਜਾਮ ਤੋਂ ਨਿਜਾਤ ਪਾਉਣ ਲਈ ਸੋਮਾ ਰੋਡੀਜ਼ ਕੰਪਨੀ ਨੇ ਪੈਚਵਰਕ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਸੋਮਵਾਰ ਨੂੰ ਹੀ ਕਾਫੀ ਟੋਇਆਂ ਨੂੰ ਭਰ ਦਿੱਤਾ ਗਿਆ ਸੀ। ਅਧਿਕਾਰੀਆਂ ਦੀ ਮੰਨੀਏ ਤਾਂ ਜਲਦ ਹੀ ਸਾਰੇ ਟੋਇਆਂ ਨੂੰ ਭਰ ਦਿੱਤਾ ਜਾਵੇਗਾ। ਦੱਸ ਦੇਈਏ ਕਿ ‘ਜਗ ਬਾਣੀ’ ਨੇ ਰੋਡ ’ਤੇ ਟੋਇਆਂ ਕਾਰਣ ਲੱਗ ਰਹੇ ਜਾਮ ਸਬੰਧੀ ਸੋਮਵਾਰ ਨੂੰ ਖਬਰ ਪ੍ਰਕਾਸ਼ਿਤ ਕੀਤੀ ਸੀ, ਜਿਸ ਤੋਂ ਬਾਅਦ ਪੈਚਵਰਕ ਦਾ ਕੰਮ ਸ਼ੁਰੂ ਹੋ ਗਿਆ।
ਅਸੀਂ ਸਾਰੀ ਸਰਵਿਸ ਲੇਨ ਨੂੰ ਬੰਦ ਕਰਨ ਲਈ ਨਹੀਂ ਕਿਹਾ : ਡੀ. ਸੀ.
ਇਸ ਸਬੰਧੀ ਜਦੋਂ ਡੀ. ਸੀ. ਵਰਿੰਦਰ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਕਦੇ ਵੀ ਸਰਵਿਸ ਲੇਨ ਬੰਦ ਕਰਨ ਨੂੰ ਨਹੀਂ ਕਿਹਾ ਗਿਆ। ਉਨ੍ਹਾਂ ਕਿਹਾ ਕਿ 3 ਐਕਸੀਡੈਂਟ ਹੋਣ ਕਾਰਨ ਉਨ੍ਹਾਂ ਨੇ 24 ਘੰਟਿਆਂ ’ਚ ਨੈਸ਼ਨਲ ਹਾਈਵੇਅ ਅਥਾਰਿਟੀ ਨੂੰ ਡਿਜ਼ਾਈਨ ’ਚ ਸੋਧ ਕਰਨ ਅਤੇ ਆਵਾਜਾਈ ਨੂੰ ਠੀਕ ਤਰੀਕੇ ਨਾਲ ਚਲਾਉਣ ਨੂੰ ਕਿਹਾ ਸੀ ਪਰ ਉਨ੍ਹਾਂ ਨੇ ਦੇਰੀ ਕਰ ਦਿੱਤੀ। ਡੀ. ਸੀ. ਸ਼ਰਮਾ ਨੇ ਕਿਹਾ ਕਿ ਪ੍ਰਸ਼ਾਸਨ ਨੇ ਫਲਾਈਓਵਰ ਦਾ ਕੰਮ ਪੂਰਾ ਕਰਵਾਉਣ ਲਈ ਦਿਨ-ਰਾਤ ਕੰਮ ਕੀਤਾ ਹੈ।


shivani attri

Content Editor

Related News