ਰਾਮਾ ਮੰਡੀ ਖੇਤਰ ''ਚ ਸ਼ਰੇਆਮ ਹੋ ਰਹੀਆਂ ਨਾਜਾਇਜ਼ ਉਸਾਰੀਆਂ

Saturday, Jan 20, 2018 - 09:45 AM (IST)

ਜਲੰਧਰ (ਮਹੇਸ਼)— ਕਾਂਗਰਸ ਪਾਰਟੀ ਦੀ ਸਰਕਾਰ ਆਉਣ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਠੋਕ-ਠੋਕ ਕੇ ਦਾਅਵੇ ਕੀਤੇ ਜਾ ਰਹੇ ਸਨ ਕਿ ਨਿਗਮ 'ਚੋਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖਤਮ ਕਰ ਦਿੱਤਾ ਜਾਵੇਗਾ ਅਤੇ ਇਸ ਤੋਂ ਬਾਅਦ ਸੱਤਾ 'ਚ ਆਉਣ ਉਪਰੰਤ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਕਈ ਅਫਸਰਾਂ ਦੇ ਤਬਾਦਲੇ ਦੂਜੇ ਜ਼ਿਲਿਆਂ 'ਚ ਕਰ ਦਿੱਤੇ ਗਏ ਸਨ ਅਤੇ ਕਈਆਂ ਨੂੰ ਨੌਕਰੀ ਤੋਂ ਵੀ ਲਾਂਭੇ ਕਰ ਦਿੱਤਾ ਗਿਆ ਸੀ ਪਰ ਜਲੰਧਰ ਨਗਰ ਨਿਗਮ ਦੇ ਕੁਝ ਭ੍ਰਿਸ਼ਟ ਅਧਿਕਾਰੀ ਕਾਂਗਰਸ ਦੀ ਇਸ ਭ੍ਰਿਸ਼ਟਾਚਾਰ ਮੁਕਤ ਮੁਹਿੰਮ ਨੂੰ ਠੰਡੇ ਬਸਤੇ 'ਚ ਪਾ ਕੇ ਸ਼ਰੇਆਮ ਨਾਜਾਇਜ਼ ਉਸਾਰੀਆਂ ਕਰਵਾ ਰਹੇ ਹਨ ਅਤੇ ਇਨ੍ਹਾਂ 'ਚੋਂ ਕਈ ਉਸਾਰੀਆਂ ਸੱਤਾਧਾਰੀ ਪਾਰਟੀ ਦੇ ਆਗੂਆਂ ਦੇ ਭ੍ਰਿਸ਼ਟ ਅਧਿਕਾਰੀਆਂ ਦੇ ਕਰੀਬੀਆਂ ਦੀਆਂ ਹੁੰਦੀਆਂ ਹਨ। ਸ਼ਰੇਆਮ ਹੋ ਰਹੀਆਂ ਨਾਜਾਇਜ਼ ਉਸਾਰੀਆਂ ਦੀ ਸਭ ਤੋਂ ਵੱਡੀ ਮਿਸਾਲ ਕਿਸੇ ਵੀ ਸਮੇਂ ਰਾਮਾ ਮੰਡੀ ਮੁੱਖ ਮਾਰਗ ਅਤੇ ਵਿਸ਼ੇਸ਼ ਤੌਰ 'ਤੇ ਇਸ ਦੇ ਨਾਲ ਹੀ ਲੱਗਦੇ ਢਿੱਲਵਾਂ ਖੇਤਰ 'ਚ ਕਿਸੇ ਸਮੇਂ ਦੇਖਣ ਨੂੰ ਮਿਲ ਸਕਦੀ ਹੈ, ਜਿੱਥੇ ਨਿਗਮ ਦੇ ਕੁਝ ਭ੍ਰਿਸ਼ਟ ਅਧਿਕਾਰੀਆਂ ਦੇ ਸ਼ਹਿਰ 'ਤੇ ਇਕ ਸੱਤਾਧਾਰੀ ਪਾਰਟੀ ਦਾ ਆਗੂ ਸ਼ਰੇਆਮ ਇਕ ਪਲਾਟ 'ਚ ਨਾਜਾਇਜ਼ ਦੁਕਾਨਾਂ ਕੱਟ ਕੇ ਉਨ੍ਹਾਂ ਨੂੰ ਬਣਾਉਣ ਦੀ ਤਿਆਰੀ ਕਰ ਰਿਹਾ ਹੈ ਅਤੇ ਇਸ ਤੋਂ ਕੁਝ ਦੂਰੀ 'ਤੇ ਹੀ ਸਥਿਤ ਇਸ ਮਾਰਗ ਦੇ ਆਲੇ-ਦੁਆਲੇ ਕਈ ਕਮਰਸ਼ੀਅਲ ਇਮਾਰਤਾਂ ਤਿਆਰ ਕੀਤੀ ਜਾ ਰਹੀਆਂ ਹਨ, ਜਿਨ੍ਹਾਂ ਨੂੰ ਰੋਕਣਾ ਤਾਂ ਦੂਰ ਨਿਗਮ ਅਧਿਕਾਰੀ ਇਨ੍ਹਾਂ ਨੂੰ ਦੇਖਣ ਤੱਕ ਵੀ ਨਹੀਂ ਆਉਂਦੇ। 
ਢਿੱਲਵਾਂ  ਰੋਡ 'ਤੇ ਸ਼ਰੇਆਮ ਹੋ ਰਹੀਆਂ ਨਾਜਾਇਜ਼ ਉਸਾਰੀਆਂ ਅੱਜਕਲ ਪੂਰੇ ਰਾਮਾ ਮੰਡੀ ਖੇਤਰ 'ਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ ਅਤੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਨੇ ਕੋਈ ਨਾਜਾਇਜ਼ ਉਸਾਰੀ ਕਰਵਾਉਣੀ ਹੈ ਜਾਂ ਉਸ ਨੂੰ ਉਸਾਰੀ ਤੋਂ ਕੋਈ ਵੀ ਨਿਗਮ ਅਧਿਕਾਰੀ ਪਰੇਸ਼ਾਨ ਕਰ ਰਿਹਾ ਹੈ ਤਾਂ ਉਹ ਸੱਤਾਧਾਰੀ ਪਾਰਟੀ ਦੇ ਆਗੂ ਨਾਲ ਸੰਪਰਕ ਕਰਨ ਤੇ ਬਿਨਾਂ ਨਕਸ਼ਾ ਪਾਸ ਕਰਵਾਏ ਹੀ ਉਨ੍ਹਾਂ ਦੀ ਉਸਾਰੀ ਨੂੰ ਪੂਰਾ ਹੋਣ ਦਿੱਤਾ ਜਾਵੇਗਾ। ਇੱਥੇ ਇਹ ਵੀ ਦੇਖਣ 'ਚ ਆਇਆ ਹੈ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਰਾਮਾ ਮੰਡੀ 'ਚ ਨਾਜਾਇਜ਼ ਉਸਾਰੀਆਂ ਦੇ ਕੰਮ 'ਚ ਵਾਧਾ ਹੋਇਆ ਹੈ ਅਤੇ ਜੇਕਰ ਕੋਈ ਵਿਅਕਤੀ ਨਿਗਮ ਤੋਂ ਨਕਸ਼ਾ ਪਾਸ ਕਰਵਾ ਕੇ ਉਸਾਰੀ ਕਰਦਾ ਵੀ ਹੈ ਤਾਂ ਉਹ ਨਕਸ਼ੇ ਦੇ ਮੁਤਾਬਕ ਆਪਣੀ ਉਸਾਰੀ ਤਿਆਰ ਨਹੀਂ ਕਰਵਾਉਂਦਾ ਹੈ ਬਲਕਿ ਨਕਸ਼ਾ ਕੇਵਲ ਦਿਖਾਵੇ ਲਈ ਹੀ ਪਾਸ ਕਰਵਾਇਆ ਜਾਂਦਾ ਹੈ।
ਇਸੇ ਤਰ੍ਹਾਂ ਨੰਗਰ ਸ਼ਾਮਾ ਵਿਖੇ ਸ਼ਮਸ਼ਾਨਘਾਟ ਦੇ ਲਾਗੇ ਇਕ ਨਾਜਾਇਜ਼ ਕਾਲੋਨੀ ਕੱਟੇ ਜਾਣ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਨਾਜਾਇਜ਼ ਕਾਲੋਨੀਆਂ 'ਤੇ ਕਾਰਵਾਈ ਕਰਨ ਨੂੰ ਲੈ ਕੇ ਨਗਰ ਨਿਗਮ ਨੇ ਚੁੱਪੀ ਸਾਧੀ ਹੋਈ ਹੈ।


Related News