ਪੰਜਾਬ ’ਚ ਕਾਂਗਰਸ ਬਣਾਏਗੀ ਸਰਕਾਰ, ‘ਆਪ’, ਭਾਜਪਾ ਤੇ ਅਕਾਲੀ ਦਲ ’ਚ ਦੂਜੇ ਨੰਬਰ ਲਈ ਹੋ ਰਹੀ ਲੜਾਈ: ਰਾਮ ਲਾਲ ਠਾਕੁਰ

Thursday, Feb 17, 2022 - 05:54 PM (IST)

ਪੰਜਾਬ ’ਚ ਕਾਂਗਰਸ ਬਣਾਏਗੀ ਸਰਕਾਰ, ‘ਆਪ’, ਭਾਜਪਾ ਤੇ ਅਕਾਲੀ ਦਲ ’ਚ ਦੂਜੇ ਨੰਬਰ ਲਈ ਹੋ ਰਹੀ ਲੜਾਈ: ਰਾਮ ਲਾਲ ਠਾਕੁਰ

ਜਲੰਧਰ (ਜਤਿੰਦਰ ਚੋਪੜਾ)-ਹਿਮਾਚਲ ਦੇ ਸਾਬਕਾ ਮੰਤਰੀ ਅਤੇ ਪੰਜਾਬ ਚੋਣਾਂ ਨੂੰ ਲੈ ਕੇ ਏ. ਆਈ. ਸੀ. ਸੀ. ਵੱਲੋਂ ਰਾਮ ਲਾਲ ਠਾਕੁਰ ਨੇ ਕਿਹਾ ਕਿ ਪੰਜਾਬ ਤੋਂ ਬਾਅਦ ਹਿਮਾਚਲ ’ਚ ਵੀ ਕਾਂਗਰਸ ਸਰਕਾਰ ਬਣਾਏਗੀ। ਉਨ੍ਹਾਂ ਦਾ ਮੰਨਣਾ ਹੈ ਕਿ ਦੇਸ਼ ’ਚ ਮਹਿੰਗਾਈ, ਬੇਰੋਜ਼ਗਾਰੀ ਅਤੇ ਅਰਾਜਕਤਾ ਭਰਿਆ ਮਾਹੌਲ ਵੱਡਾ ਮੁੱਦਾ ਹੈ। ਉਪ ਚੋਣ ਹਾਰਨ ਤੋਂ ਬਾਅਦ ਖੁਦ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਮੰਨਿਆ ਕਿ ਉਨ੍ਹਾਂ ਨੂੰ ਮਹਿੰਗਾਈ ਮਾਰ ਗਈ ਪਰ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹਨ। ਰਾਮ ਲਾਲ ਠਾਕੁਰ ਤੋਂ ਵੱਖ-ਵੱਖ ਸਿਆਸੀ ਮੁੱਦਿਆਂ ’ਤੇ ਸਵਾਲ ਪੁੱਛੇ ਗਏ, ਜਿਨ੍ਹਾਂ ਦੇ ਉਨ੍ਹਾਂ ਨੇ ਬੇਬਾਕ ਜਵਾਬ ਦਿੱਤੇ, ਜਿਸ ਦੇ ਵਿਸਥਾਰਤ ਅੰਸ਼ ਇਸ ਤਰ੍ਹਾਂ ਹਨ...

ਪ੍ਰ : ਪੰਜਾਬ ਤੋਂ ਬਾਅਦ ਹਿਮਾਚਲ ਚੋਣਾਂ ਦੀਆਂ ਬਰੂਹਾਂ ’ਤੇ ਹੈ, ਕੀ ਉੱਥੇ ਕਾਂਗਰਸ ਸੱਤਾ ਹਾਸਲ ਕਰ ਸਕੇਗੀ?
ਉ -
ਰਾਮ ਲਾਲ ਠਾਕੁਰ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਇਸ ਸਾਲ ਨਵੰਬਰ ਮਹੀਨੇ ’ਚ ਹੋਣ ਦੀ ਸੰਭਾਵਨਾ ਹੈ ਅਤੇ ਅਗਲੀਆਂ ਚੋਣਾਂ ’ਚ ਕਾਂਗਰਸ ਹੀ ਉੱਥੇ ਸਰਕਾਰ ਬਣਾਏਗੀ। ਠਾਕੁਰ ਨੇ ਕਿਹਾ ਕਿ ਕਾਂਗਰਸ ਸਰਕਾਰ ਸਿਰਫ ਇਸ ਲਈ ਹੀ ਨਹੀਂ ਬਣੇਗੀ ਕਿ ਭਾਰਤੀ ਜਨਤਾ ਪਾਰਟੀ ਦੀ ਸੂਬਾ ਸਰਕਾਰ ਫੇਲ ਹੋ ਗਈ, ਸਗੋਂ ਇਸ ਲਈ ਵੀ ਬਣਾਏਗੀ ਕਿ ਜਦੋਂ ਕੇਂਦਰ ’ਚ ਸਰਕਾਰ ਬਣਾਉਣ ਦੌਰਾਨ ਭਾਜਪਾ ਨੇ ਅਨੇਕਾਂ ਵਾਅਦੇ ਕਰਦੇ ਹੋਏ ਲੋਕਾਂ ਨੂੰ ਇਕ ਸੰਕਲਪ ਪੱਤਰ ਦਿੱਤਾ ਸੀ, ਸੰਕਲਪ ਦਾ ਸਾਡੇ ਸੱਭਿਆਚਾਰ ’ਚ ਮਤਲੱਬ ਪਰਮਾਤਮਾ ਨੂੰ ਹਾਜ਼ਰ-ਨਾਜ਼ਰ ਜਾਣ ਕੇ ਕਸਮ ਖਾਣਾ ਹੁੰਦਾ ਹੈ ਕਿ ਉਹ ਜੋ ਸੰਕਲਪ ਲੈ ਰਹੇ ਹਨ ਉਸ ਨੂੰ ਹਰ ਹਾਲ ’ਚ ਪੂਰਾ ਕਰਨਗੇ। ਸ਼੍ਰੀ ਠਾਕੁਰ ਨੇ ਕਿਹਾ ਕਿ ਅੱਜ ਕੇਂਦਰ ’ਚ ਮੋਦੀ ਦੀ ਸਰਕਾਰ ਨੂੰ ਰਿਪੀਟ ਹੋਏ 3 ਸਾਲ ਹੋ ਗਏ ਹਨ। ਨੌਜਵਾਨਾਂ ਨੂੰ ਹਰੇਕ ਸਾਲ 2 ਕਰੋਡ਼ ਨੌਕਰੀਆਂ ਦੇਣ, ਕਿਸਾਨਾਂ ਦੀ ਆਮਦਨੀ ਦੁੱਗਣੀ ਕਰਨ, ਔਰਤਾਂ ’ਤੇ ਹੋਣ ਵਾਲੀ ਨਾ-ਇਨਸਾਫ਼ੀ ਘੱਟ ਕਰਨ ਸਮੇਤ ਹੋਰ ਕੋਈ ਵਾਅਦਾ ਪੂਰਾ ਨਹੀਂ ਹੋਇਆ। ਕਿਸਾਨਾਂ ਦੀ ਆਮਦਨੀ ਕੀ ਵਧਣੀ ਸੀ, ਪਿਛਲੇ ਡੇਢ ਸਾਲ ’ਚ ਦੇਸ਼ ’ਚ ਕਾਲੇ ਖੇਤੀ ਕਾਨੂੰਨਾਂ ਨਾਲ ਦੇਸ਼ ਦੇ ਕਿਸਾਨਾਂ ਦੀ ਹੋਈ ਦੁਰਦਸ਼ਾ ਕਿਸੇ ਤੋਂ ਲੁਕੀ ਨਹੀਂ ਹੈ। ਅੱਜ ਦੇਸ਼ ’ਚ ਮਹਿੰਗਾਈ ਅਤੇ ਬੇਰੋਜ਼ਗਾਰੀ ਪੂਰੇ ਸਿਖਰ ’ਤੇ ਹੈ। ਕੋਰੋਨਾ ਦੇ ਕਾਰਨ ਪ੍ਰਾਈਵੇਟ ਅਤੇ ਕੋਆਪਰੇਟ ਸੈਕਟਰ ’ਚ ਲੱਖਾਂ ਨੌਕਰੀਆਂ ਗੁਆ ਬੈਠੇ ਹਨ। ਹੁਣ ਲੋਕ ਭਾਜਪਾ ਤੋਂ ਪੁੱਛਣਗੇ ਕਿ ਵਾਅਦਿਆਂ ਦਾ ਕੀ ਹੋਇਆ। ਅੱਜ ਨੌਜਵਾਨ, ਕਿਸਾਨ, ਛੋਟੇ ਵਪਾਰੀ, ਘਰੇਲੂ ਔਰਤਾਂ ਸਾਰੇ ਵਰਗ ਖੁਦ ਨੂੰ ਠੱਗਿਆ-ਠੱਗਿਆ ਮਹਿਸੂਸ ਕਰ ਰਹੇ ਹਨ। ਭਾਜਪਾ ਦਾ ਸੰਕਲਪ ਪੱਤਰ ਪੂਰੀ ਤਰ੍ਹਾਂ ਨਾਲ ਝੂਠਾ ਨਿਕਲਿਆ।

ਇਹ ਵੀ ਪੜ੍ਹੋ: ਜਲੰਧਰ 'ਚ 18 ਫਰਵਰੀ ਸ਼ਾਮ ਤੋਂ ਲੈ ਕੇ ਚੋਣਾਂ ਦੇ ਦਿਨ ਤੱਕ ਰਹੇਗਾ 'ਡਰਾਈ ਡੇਅ', ਡੀ. ਸੀ. ਨੇ ਦਿੱਤੇ ਹੁਕਮ

ਪ੍ਰ : ਵੀਰਭਦਰ ਦੇ ਸ਼ਾਸਨਕਾਲ ਤੋਂ ਬਾਅਦ ਹਿਮਾਚਲ ਦਾ ਕਿੰਨਾ ਵਿਕਾਸ ਹੋਇਆ?
ਉ :
ਸ਼੍ਰੀ ਠਾਕੁਰ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਨੂੰ ਇੰਦਰਾ ਗਾਂਧੀ ਨੇ ਬਣਾਇਆ ਸੀ, ਪੂਰਨ ਸੂਬੇ ਦਾ ਦਰਜਾ ਮਿਲਿਆ ਸੀ, ਸਾਬਕਾ ਪ੍ਰਧਾਨ ਮੰਤਰੀ ਸਵ. ਜਵਾਹਰ ਲਾਲ ਨਹਿਰੂ ਦੇ ਕਾਰਜਕਾਲ ’ਚ ਹਿਮਾਚਲ ’ਚ ਕਈ ਵੱਡੇ ਪ੍ਰਾਜੈਕਟ ਸ਼ੁਰੂ ਹੋਏ। ਉਸ ਵਿਕਾਸ ਨੂੰ ਅਸੀਂ ਹੌਲੀ-ਹੌਲੀ ਅੱਗੇ ਵਧਾਉਣਾ ਸ਼ੁਰੂ ਕੀਤਾ ਹੈ। ਸਾਬਕਾ ਮੁੱਖ ਮੰਤਰੀ ਵੀਰਭਦਰ ਸਿੰਘ ਦੇ ਕਾਰਜਕਾਲ ’ਚ ਹਰੇਕ ਪਿੰਡ ਨੂੰ ਬਿਜਲੀ-ਪਾਣੀ ਦੀ ਸਹੂਲਤ ਮੁਹੱਈਆ ਕਰਾਈ ਗਈ। ਸਿੱਖਿਆ, ਹੈਲਥ ਇੰਸਟੀਟਿਊਟ, ਮੈਡੀਕਲ ਕਾਲਜ, ਆਯੁਰਵੈਦਿਕ ਕਾਲਜ ਦੇ ਖੇਤਰ ’ਚ ਅਸੀਂ ਅੱਗੇ ਵਧੇ ਸੀ ਪਰ ਵੀਰਭਦਰ ਸਿੰਘ ਸੂਬੇ ਨੂੰ ਜਿੱਥੇ ਛੱਡ ਗਏ ਸਨ, ਉਸ ਨੂੰ ਜੈਰਾਮ ਠਾਕੁਰ ਰੱਤੀ ਭਰ ਵੀ ਅੱਗੇ ਨਹੀਂ ਲਿਜਾ ਸਕੇ।

ਪ੍ਰ : ਜੇਕਰ ਵੀਰਭਦਰ ਸਿੰਘ ਨੇ ਬਿਹਤਰ ਕੰਮ ਕੀਤੇ ਸਨ ਤਾਂ ਕਾਂਗਰਸ ਹਿਮਾਚਲ ਵਿਧਾਨ ਸਭਾ ਚੋਣਾਂ ਕਿਉਂ ਹਾਰੀ?
ਉ -
ਸ਼੍ਰੀ ਠਾਕੁਰ ਨੇ ਦੱਸਿਆ ਕਿ ਅਕਸਰ ਚੋਣ ਾਂ ਦੇ ਸਮੇਂ ’ਚ ਕਈ ਵਰਗ ਨਾਰਾਜ਼ ਹੋ ਜਾਂਦੇ ਹਨ। ਹਿਮਾਚਲ ਦਾ ਪਿਛਲੇ ਸਾਲਾਂ ਦਾ ਇਤਿਹਾਸ ਵੇਖੀਏ ਤਾਂ ਲੋਕ ਹਰੇਕ 5 ਸਾਲਾਂ ਬਾਅਦ ਲੋਕ ਸੱਤਾ ’ਚ ਬਦਲਾਅ ਲਿਆਉਂਦੇ ਹਨ। ਭਾਜਪਾ ਨੇ ਬੀਤੇ ਮਹੀਨੇ 1 ਲੋਕ ਸਭਾ ਅਤੇ 3 ਵਿਧਾਨ ਸਭਾ ਉਪ ਚੋਣਾਂ ’ਚ ਪਾਰਟੀ ਦਾ ਹਾਲ ਵੇਖ ਹੀ ਲਿਆ ਹੈ। ਭਾਜਪਾ ਨੂੰ ਉਪ ਚੋਣਾਂ ’ਚ ਮਿਲੀ ਕਰਾਰੀ ਹਾਰ ਨੇ ਸੈਮੀਫਾਈਨਲ ਵਿਖਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੋਕ ਭਾਜਪਾ ਦੇ ਸ਼ਾਸਨ ਦੀ ਤੁਲਣਾ ਕਾਂਗਰਸ ਦੀ ਸਰਕਾਰ ਨਾਲ ਕਰਨ ਲੱਗੇ ਹੈ, ਜਿਸ ਕਾਰਨ ਹੁਣ ਇਕ ਵਾਰ ਫਿਰ ਤੋਂ ਟ੍ਰੇਂਡ ਚੇਂਜ ਹੋ ਰਿਹਾ ਹੈ। ਹੁਣ ਫਾਈਨਲ ਰਿਜ਼ਲਟ ਕਾਂਗਰਸ ਦੇ ਪੱਖ ’ਚ ਆਵੇਗਾ ਅਤੇ ਕਾਂਗਰਸ ਮਜ਼ਬੂਤ ਹੋ ਕੇ ਸੱਤਾ ’ਤੇ ਕਾਬਿਜ਼ ਹੋਣ ਨੂੰ ਪੂਰੀ ਤਰ੍ਹਾਂ ਤਿਆਰ ਹੈ।

ਪ੍ਰ . : ਪੰਜਾਬ ਚੋਣਾਂ ’ਚ ਤੁਹਾਡੇ ਦਿੱਲੀ ਮਾਡਲ ’ਤੇ ਕੀ ਕਹੋਗੇ?
ਉ :
ਸ਼੍ਰੀ ਠਾਕੁਰ ਪੰਜਾਬ ਵਿਧਾਨ ਸਭਾ ਚੋਣਾਂ ’ਚ ਜੋ ਹਾਲਾਤ ਅੱਜ ਪੈਦਾ ਹੋਏ ਹਨ, ਇੱਥੇ ਆਮ ਆਦਮੀ ਪਾਰਟੀ ਝੂਠੇ ਵਾਅਦੇ ਕਰ ਕੇ ਜ਼ਿਆਦਾ ਛਾਲਾਂ ਮਾਰ ਰਹੀ ਹੈ। ਆਮ ਆਦਮੀ ਪਾਰਟੀ ਨੂੰ ਪਤਾ ਹੈ ਕਿ ਪਿਛਲੀਆਂ ਚੋਣਾਂ ’ਚ ‘ਆਪ’ ਦੇ ਜ਼ਿਆਦਾਤਰ ਵਿਧਾਇਕ ਕਾਂਗਰਸ ’ਚ ਸ਼ਾਮਲ ਹੋ ਗਏ ਸਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਦਿੱਲੀ ਮਾਡਲ ਨਾਲ ਕੰਪੇਅਰ ਨਹੀਂ ਕਰ ਸਕਦੇ। ਠਾਕੁਰ ਨੇ ਕਿਹਾ ਕਿ ਮੈਟਰੋ ਸਿਟੀਜ਼ ’ਚ ਟੈਕਸ ਕੁਲੈਕਸ਼ਨ ਬਹੁਤ ਜ਼ਿਆਦਾ ਹੁੰਦੀ ਹੈ। ਜਿੰਨੀ ਇਨਕਮ ਦਿੱਲੀ ਦੀ ਹੁੰਦੀ ਹੈ ਓਨੀ ਪੰਜਾਬ ’ਚ ਨਹੀ ਹੁੰਦੀ। ਉੱਥੇ ਹੀ ਕੇਂਦਰ ਸਰਕਾਰ ਹਰੇਕ ਸਾਲ 34000 ਕਰੋਡ਼ ਰੁਪਏ ਦਿੱਲੀ ਸਰਕਾਰ ਨੂੰ ਸਹਾਇਤਾ ਕਰਦੀ ਹੈ, ਜਿਸ ਨੂੰ ਕਾਂਗਰਸ ਦੀ ਸਾਬਕਾ ਸਰਕਾਰ ਨੇ ਹੀ ਸ਼ੁਰੂ ਕੀਤਾ ਸੀ। ਜਿਸ ’ਚ 8619 ਕਰੋਡ਼ ਰੁਪਏ ਦਿੱਲੀ ਪੁਲਸ, 7046 ਕਰੋਡ਼ ਰੁਪਏ ਹੈਲਥ ਸੈਕਟਰ, 6788 ਕਰੋਡ਼ ਰੁਪਏ ਡੀ. ਡੀ. ਏ., 4127 ਕਰੋਡ਼ ਰੁਪਏ ਐੱਨ. ਡੀ. ਐੱਮ. ਸੀ., 3000 ਕਰੋਡ਼ ਰੁਪਏ ਜੀ. ਐੱਨ. ਡੀ. ਯੂ. ਅਤੇ ਜਾਮੀਆ ’ਤੇ ਖਰਚ ਕੀਤੇ ਜਾਂਦੇ ਹਨ ਪਰ ਪੰਜਾਬ ’ਚ ਪੁਲਸ, ਨਗਰ ਨਿਗਮਾਂ ਸਮੇਤ ਸਾਰੇ ਖਰਚੇ ਸੂਬਾ ਸਰਕਾਰ ਨੂੰ ਸਹਿਣ ਕਰਨੇ ਪੈਂਦੇ ਹਨ ਉਲਟਾ ਟੈਕਸ ਕੁਲੈਕਸ਼ਨ ਦਾ ਵੱਡਾ ਹਿੱਸਾ ਜਨਤਾ ਲਈ ਹੋਰ ਸਕੀਮਾਂ ’ਤੇ ਖਰਚ ਕਰਨਾ ਪੈਂਦਾ ਹੈ। ਬੋਲਣ ਅਤੇ ਕਰਨ ’ਚ ਬਹੁਤ ਫਰਕ ਹੁੰਦਾ ਹੈ। ‘ਆਪ’ ਕਹਿੰਦੀ ਹੈ ਕਿ ਇਕ ਮੌਕਾ ਸਾਨੂੰ ਦਿਓ, ਕੀ ਮੌਕਾ ਮਿਲਣ ਨਾਲ ਕੇਜਰੀਵਾਲ ਦਿੱਲੀ ਦੀ ਟੈਕਸ ਕੁਲੈਕਸ਼ਨ ਦੀ ਅੱਧੀ ਇਨਕਮ ਪੰਜਾਬ ਨੂੰ ਟਰਾਂਸਫਰ ਕਰ ਦੇਣਗੇ। ਪੰਜਾਬ ’ਚ ਗੁੰਮਰਾਹ ਕਰਨ ਵਾਲੇ ਅਤੇ ਝੂਠੇ ਦਾਅਵੇ ਨਹੀ ਚੱਲਣਗੇ।

ਪ੍ਰ : ਭਾਜਪਾ ਅਤੇ ਕੈ. ਅਮਰਿੰਦਰ ਦਾ ਗਠਜੋੜ ਅਖੀਰ ਕੀ ਰੰਗ ਲਿਆਏਗਾ?
ਉ :
ਭਾਜਪਾ 2017 ਦੀਆਂ ਵਿਧਾਨ ਸਭਾ ਚੋਣਾਂ ਅਤੇ 2019 ਦੀਆਂ ਲੋਕ ਸਭਾ ਚੋਣਾਂ ’ਚ ਕਿੰਨੀਆਂ ਸੀਟਾਂ ਜਿੱਤੀਆਂ ਸਨ, ਇਹ ਕਿਸੇ ਤੋਂ ਲੁਕਿਆ ਨਹੀਂ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸਮਝੌਤਾ ਕਰ ਕੇ ਭਾਜਪਾ ਨੂੰ ਲੱਗਦਾ ਹੈ ਕਿ ਕੈ. ਅਮਰਿੰਦਰ ਉਨ੍ਹਾਂ ਦੀ ਬੇੜੀ ਪਾਰ ਲਗਾ ਦੇਣਗੇ ਪਰ ਮੈਨੂੰ ਲੱਗਦਾ ਹੈ ਕਿ ਪੰਜਾਬ ’ਚ ਭਾਜਪਾ ਅਤੇ ਕੈਪਟਨ ਦੋਵਾਂ ਦੀ ਬੇੜੀ ਡੁੱਬ ਰਹੀ ਹੈ। ਠਾਕੁਰ ਨੇ ਕਿਹਾ ਕਿ ਭਾਜਪਾ ਨੂੰ ਇਹ ਵੀ ਵਹਿਮ ਹੈ ਕਿ ਅਕਾਲੀ ਦਲ ਵੀ ਸੀਟਾਂ ਜਿੱਤੇਗਾ ਅਤੇ ਚੋਣਾਂ ਤੋਂ ਬਾਅਦ ਉਹ ਮਿਲ ਕੇ ਸਰਕਾਰ ਬਣਾ ਲੈਣਗੇ ਪਰ ਵਿਰੋਧੀ ਧਿਰ ਦੀ ਵੋਟ 3 ਹਿੱਸਿਆਂ ’ਚ ਵੰਡੀ ਜਾਵੇਗੀ, ਜਿਸ ਦਾ ਯਕੀਨਨ ਸਿੱਧਾ ਫਾਇਦਾ ਕਾਂਗਰਸ ਨੂੰ ਹੋਵੇਗਾ।

ਪ੍ਰ : ਪੰਜਾਬ ’ਚ ਕਾਂਗਰਸ ਦੀ ਲੜਾਈ ਕਿਸ ਪਾਰਟੀ ਨਾਲ ਮੰਨਦੇ ਹੋ?
ਉ :
ਪੰਜਾਬ ’ਚ ਕਾਂਗਰਸ ਸਪੱਸ਼ਟ ਬਹੁਮਤ ਲੈ ਕੇ ਸਰਕਾਰ ਬਣਾਉਣ ਜਾ ਰਹੀ ਹੈ ਅਤੇ ਉਸ ਦਾ ਕਿਸੇ ਨਾਲ ਮੁਕਾਬਲਾ ਨਹੀਂ ਹੈ। ਠਾਕੁਰ ਨੇ ਕਿਹਾ ਕਿ ਸਿਰਫ ਦੂਜੇ ਸਥਾਨ ਨੂੰ ਹਾਸਲ ਕਰਨ ਲਈ ‘ਆਪ’, ਭਾਜਪਾ ਅਤੇ ਅਕਾਲੀ ਦਲ ’ਚ ਮੁਕਾਬਲਾ ਹੋ ਰਿਹਾ ਹੈ ਅਤੇ ਤਿੰਨਾਂ ਪਾਰਟੀਆਂ ’ਚ ਲੜਾਈ ਚੱਲ ਰਹੀ ਹੈ ਕਿ ਉਹ ਕਿਸੇ ਤਰ੍ਹਾਂ ਦੂਜੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰ ਸਕੇ।

ਪ੍ਰ : ਕੀ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦਾ ਪਾਰਟੀ ਨੂੰ ਫਾਇਦਾ ਹੋਵੇਗਾ?
ਉ :
ਸ਼੍ਰੀ ਠਾਕੁਰ ਨੇ ਕਿਹਾ ਕਿ ਇਸ ਗੱਲ ’ਚ ਕੋਈ ਸ਼ੱਕ ਨਹੀਂ ਹੈ ਕਿ ਇਕ ਗਰੀਬ ਅਤੇ ਐੱਸ. ਸੀ. ਵਰਗ ਨਾਲ ਸਬੰਧਤ ਚਰਨਜੀਤ ਸਿੰਘ ਚੰਨੀ ਅੱਜ ਪੰਜਾਬ ’ਚ ਸਭ ਤੋਂ ਹਰਮਨ ਪਿਆਰੇ ਨੇਤਾ ਹਨ। ਉਨ੍ਹਾਂ ਨੇ 111 ਦਿਨਾਂ ਦੇ ਸ਼ਾਸਨ ’ਚ ਲੋਕਹਿਤ ਦੇ ਅਤੇ ਇਤਿਹਾਸਕ ਫੈਸਲੇ ਲੈ ਕੇ ਜੋ ਕਰਿਸ਼ਮਾ ਕੀਤਾ ਹੈ, ਉਸ ਨਾਲ ਲੋਕਾਂ ਦਾ ਕਾਂਗਰਸ ਪ੍ਰਤੀ ਵਿਸ਼ਵਾਸ ਇਕ ਵਾਰ ਫਿਰ ਤੋਂ ਬੇਹੱਦ ਵਧ ਗਿਆ ਹੈ ਕਿ ਜੇਕਰ ਮੁੱਖ ਮੰਤਰੀ ਚੰਨੀ ਨੂੰ ਪੂਰੇ 5 ਸਾਲ ਕੰਮ ਕਰਨ ਲਈ ਦਿੱਤੇ ਜਾਣ ਤਾਂ ਉਹ ਸੂਬੇ ਦੀ ਕਾਇਆ ਕਲਪ ਕਰ ਦੇਣਗੇ।

ਇਹ ਵੀ ਪੜ੍ਹੋ: ਸੰਘਰਸ਼ ਭਰਿਆ ਰਿਹਾ ਸੁਰਿੰਦਰ ਸਿੰਘ ਡੁਲੇਵਾਲ ਦਾ ਜੀਵਨ, ‘ਨੇਤਾ ਜੀ ਸਤਿ ਸ੍ਰੀ ਅਕਾਲ’ ’ਚ ਹਰ ਮੁੱਦੇ ’ਤੇ ਕੀਤੀ ਗੱਲਬਾਤ
 

ਪ੍ਰ : ਨਵਜੋਤ ਸਿੱਧੂ ਫੈਕਟਰ ਕਿਤੇ ਕਾਂਗਰਸ ਨੂੰ ਨੁਕਸਾਨ ਤਾਂ ਨਹੀਂ ਪੰਹੁਚਾ ਰਿਹਾ?
ਉ :
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਕੰਮ ਕਰਨ ਅਤੇ ਬੇਬਾਕ ਗੱਲ ਕਰਨ ਦਾ ਆਪਣਾ ਅੰਦਾਜ਼ ਹੈ। ਸ਼੍ਰੀ ਠਾਕੁਰ ਨੇ ਕਿਹਾ ਕਿ ਪਾਰਟੀ ਨੇ ਆਪਣਾ ਕੰਮ ਅਤੇ ਸਰਕਾਰ ਨੇ ਆਪਣਾ ਕੰਮ ਕਰਨਾ ਹੈ। ਮੁੱਖ ਮੰਤਰੀ ’ਤੇ ਸਵਾਰ ਹੋ ਕੇ ਕੋਈ ਸੁਪਰ ਸੀ. ਐੱਮ. ਬਣੇਗਾ, ਉਹ ਨਹੀਂ ਹੋ ਸਕਦਾ ਹੈ। ਜਿਸ ਨੂੰ ਹਾਈਕਮਾਨ ਨੇ ਸੀ. ਐੱਮ. ਚਿਹਰਾ ਐਲਾਨਿਆ ਹੈ, ਉਹ ਹੀ ਮੁੱਖ ਮੰਤਰੀ ਦਾ ਕੰਮ ਕਰਨਗੇ।

ਪ੍ਰ : ਤੁਹਾਨੂੰ ਪੰਜਾਬ ’ਚ ਆਬਰਜ਼ਵਰ ਲਗਾਇਆ ਗਿਆ ਹੈ, ਕਾਂਗਰਸ ਦੀ ਜਿੱਤ ਯਕੀਨੀ ਕਿਵੇਂ ਕਰੋਗੇ?
ਉ :
ਪੰਜਾਬ ਮੇਰੇ ਲਈ ਕੋਈ ਨਵਾਂ ਨਹੀਂ ਹੈ, ਪਿਛਲੀਆਂ ਚੋਣਾਂ ’ਚ ਵੀ ਮੈਂ ਇੱਥੇ ਆਬਰਜ਼ਵਰ ਦੇ ਤੌਰ ’ਤੇ ਕੰਮ ਕਰ ਚੁੱਕਾ ਹਾਂ। ਸ਼੍ਰੀ ਠਾਕੁਰ ਨੇ ਕਿਹਾ ਕਿ ਮੈਨੂੰ 7-8 ਦਿਨ ਕੰਮ ਕਰਨ ਦਾ ਸਮਾਂ ਮਿਲਿਆ ਹੈ, 5 ਲੋਕ ਸਭਾ ਹਲਕੇ ਦਿੱਤੇ ਗਏ ਹਨ। ਮੈਂ ਰੋਜ਼ਾਨਾ 1-1 ਦਿਨ ਹਰੇਕ ਲੋਕ ਸਭਾ ਹਲਕੇ ’ਚ ਜਾ ਰਿਹਾ ਹਾਂ ਅਤੇ ਕੋਸ਼ਿਸ਼ ਹੈ ਕਿ 18 ਫਰਵਰੀ ਤੱਕ ਹਰੇਕ ਵਿਧਾਨ ਸਭਾ ਹਲਕੇ ’ਚ ਜਾ ਕੇ ਕਾਂਗਰਸ ਦੀ ਜਿੱਤ ’ਚ ਆਪਣਾ ਯੋਗਦਾਨ ਪਾ ਸਕਾਂ। ਜਿਸ ਤੋਂ ਬਾਅਦ ਆਪਣੀ ਰਿਪੋਰਟ ਬਣਾ ਕੇ ਹਾਈਕਮਾਨ ਨੂੰ ਭੇਜਾਂਗਾ।

ਪ੍ਰ : ਫਿਰੋਜ਼ਪੁਰ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੇ ਚੰਨੀ ਨੂੰ ਧੰਨਵਾਦ ਦੇ ਅੰਦਾਜ਼ ਨੂੰ ਕਿਵੇਂ ਵੇਖਦੇ ਹੋ?
ਉ :
ਸ਼੍ਰੀ ਠਾਕੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫਿਰੋਜ਼ਪੁਰ ਰੈਲੀ ’ਚ ਆਉਣ ਦੌਰਾਨ ਜੋ ਕੁਝ ਹੋਇਆ, ਉਸ ਨੂੰ ਪੂਰੇ ਦੇਸ਼ ਨੇ ਵੇਖਿਆ ਹੈ। ਠਾਕੁਰ ਨੇ ਕਿਹਾ ਕਿ ਕੇਂਦਰ ਨੇ ਪਿਛਲੇ ਸਾਲ ਕਿਹਾ ਸੀ ਕਿ ਪੰਜਾਬ ਸੰਵੇਦਨਸ਼ੀਲ ਬਾਰਡਰ ਸਟੇਟ ਹੈ, ਜਿਸ ਕਾਰਨ 50 ਕਿਲੋਮੀਟਰ ਤੱਕ ਜਾਂਚ ਦਾ ਅਧਿਕਾਰ ਬਾਰਡਰ ਸਕਿਓਰਿਟੀ ਫੋਰਸ ਨੂੰ ਦੇ ਦਿੱਤਾ ਸੀ। ਹੁਣ ਜਦੋਂ ਅੱਧੇ ਤੋਂ ਵੀ ਜ਼ਿਆਦਾ ਪੰਜਾਬ ਦੀ ਸੁਰੱਖਿਆ ਬੀ. ਐੱਸ. ਐੱਫ., ਜੋ ਕਿ ਗ੍ਰਹਿ ਮੰਤਰਾਲਾ ਦੇ ਅਧੀਨ ਹੈ ਦੇ ਹੱਥ ਹੈ ਤਾਂ ਸੁਰੱਖਿਆ ’ਚ ਕਮੀ ਦਾ ਦੋਸ਼ੀ ਚੰਨੀ ਸਰਕਾਰ ਨੂੰ ਕਹਿਣਾ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਮੀਡੀਆ ’ਚ ਆਇਆ ਕਿ ਰੈਲੀ ’ਚ ਸਿਰਫ 700 ਕੁਰਸੀਆਂ ਭਰੀਆਂ ਸੀ, ਜਿਸ ਕਾਰਨ ਪ੍ਰਧਾਨ ਮੰਤਰੀ ਨੇ ਸਕਿਓਰਿਟੀ ਫੇਲੀਅਰ ਹੋਣ ਦਾ ਸਾਰਾ ਡਰਾਮਾ ਰਚਿਆ ਸੀ। ਬੀਤੇ ਕੱਲ ਜਲੰਧਰ ’ਚ ਵੀ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਦੇ ਤੌਰ ’ਤੇ ਨਹੀਂ, ਸਗੋਂ ਚੋਣ ਪ੍ਰਚਾਰ ਕਰਨ ਅਤੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਆਏ ਸਨ।

ਪ੍ਰ : ਹਿਮਾਚਲ ਕਾਂਗਰਸ ’ਚ ਪੈਦਾ ਹੋਈ ਧੜੇਬਾਜ਼ੀ ਨਾਲ ਕਿਵੇਂ ਨਜਿੱਠੋਗੇ?
ਉ :
ਸ਼੍ਰੀ ਠਾਕੁਰ ਨੇ ਕਿਹਾ ਕਿ ਮੱਤਭੇਦ ਕਿਸ ਪਾਰਟੀ ’ਚ ਨਹੀਂ ਹੁੰਦੇ। ਜਦੋਂ ਜੈਰਾਮ ਠਾਕੁਰ ਮੁੱਖ ਮੰਤਰੀ ਬਣੇ ਸਨ, ਉਦੋਂ ਭਾਜਪਾ ਦਫ਼ਤਰ ’ਚ ਕੀ ਹੋਇਆ, ਇਕ-ਦੂਜੇ ਨੂੰ ਘਸੁੰਨ-ਲੱਤਾਂ ਮਾਰੀਆਂ ਗਈਆਂ। ਅਨੁਰਾਗ ਠਾਕੁਰ ਅਤੇ ਉਨ੍ਹਾਂ ਦੇ ਪਿਤਾ ਖੁੱਲ੍ਹ ਕੇ ਬੋਲੇ ਪਰ ਅਜਿਹਾ ਨਹੀਂ ਹੋਣਾ ਚਾਹੀਦਾ ਹੈ। ਰਾਜਨੀਤੀ ’ਚ ਅਨੁਸ਼ਾਸਨ ’ਚ ਰਹਿ ਕੇ ਕੰਮ ਕਰਨਾ ਚਾਹੀਦਾ ਹੈ ਨਾ ਕਿ ਤਾਕਤ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News