ਮਜ਼ਦੂਰਾਂ ਨੇ ਡੀ. ਸੀ. ਦਫਤਰ ਅੱਗੇ ਰੈਲੀ ਕਰ ਕੇ ਪ੍ਰਗਟਾਇਆ ਰੋਹ

Tuesday, Jul 24, 2018 - 01:45 AM (IST)

ਮਜ਼ਦੂਰਾਂ ਨੇ ਡੀ. ਸੀ. ਦਫਤਰ ਅੱਗੇ ਰੈਲੀ ਕਰ ਕੇ ਪ੍ਰਗਟਾਇਆ ਰੋਹ

 ਬਰਨਾਲਾ,     (ਵਿਵੇਕ ਸਿੰਧਵਾਨੀ, ਰਵੀ)– ਦਲਿਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ ’ਤੇ  ਜ਼ਿਲੇ ਦੇ ਪਿੰਡਾਂ ’ਚੋਂ ਦਲਿਤਾਂ/ਮਜ਼ਦੂਰਾਂ ਨੇ ਹਜ਼ਾਰਾਂ ਦੀ ਗਿਣਤੀ ’ਚ ਸਰਕਾਰੀ ਸਿਵਲ ਹਸਪਤਾਲ ਬਰਨਾਲਾ ਦੇ ਪਾਰਕ ’ਚ ਇਕੱਠੇ ਹੋ ਕੇ ਸ਼ਹਿਰ ’ਚ ਦਲਿਤ ਵਿਰੋਧੀ ਨਾਅਰੇ ਮਾਰਦੇ ਹੋਏ ਡੀ. ਸੀ. ਬਰਨਾਲਾ ਦੇ ਦਫਤਰ ਅੱਗੇ ਰੈਲੀ ਕੀਤੀ। 
ਰੈਲੀ ’ਚ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਨਰੇਗਾ ਮਜ਼ਦੂਰ ਯੂਨੀਅਨ ਦੇ ਸੀਟੂ ਦੇ ਸੂਬਾਈ ਆਗੂ ਕਾ. ਸ਼ੇਰ ਸਿੰਘ ਫਰਵਾਹੀ ਨੇ ਕਿਹਾ ਕਿ ਦਲਿਤ ਵਿਰੋਧੀ  ਮੋਦੀ ਸਰਕਾਰ ਨੇ ਸਵਾ 4 ਸਾਲ ਦੇ ਰਾਜ ਦੌਰਾਨ ਦੇਸ਼ ਦੀਆਂ ਘੱਟ ਗਿਣਤੀਅਾਂ ਅਤੇ ਦਲਿਤ ਵਰਗ ਦੇ ਲੋਕਾਂ ਖਿਲਾਫ ਨਫਰਤ ਭਰਨ ਤੋਂ ਇਲਾਵਾ ਕੋਈ ਕੰਮ ਨਹੀਂ ਕੀਤਾ।  ਨੋਟਬੰਦੀ, ਜੀ. ਐੱਸ. ਟੀ. ਲਾਗੂ ਕਰ ਕੇ ਲੋਕਾਂ ਦੀ ਆਰਥਕਤਾ ਨੂੰ ਲੁੱਟਿਆ। ਮੋਦੀ ਦੇ ਰਾਜ ਦੌਰਾਨ ਦਲਿਤਾਂ/ਮਜ਼ਦੂਰਾਂ ਦੀ ਸੁਰੱਖਿਆ ਤੇ ਰਖਵਾਲੀ ਵਾਲੇ ਐੱਸ. ਟੀ. /ਐੱਸ. ਸੀ. ਕਾਨੂੰਨ ਨੂੰ ਕਮਜ਼ੋਰ ਕਰਨ, ਕਿਰਤ ਕਾਨੂੰਨਾਂ ਨੂੰ ਤੋਡ਼ਨ ਦੀ ਕੋਸ਼ਿਸ਼ ਕੀਤੀ ਗਈ।  ਦਲਿਤ ਵਿਰੋਧੀ ਮੋਦੀ ਨੇ ਪਡ਼੍ਹਾਈ ਕਰਨ ਦਾ ਹੱਕ ਦਲਿਤਾਂ ਕੋਲੋਂ ਖੋਹ ਕੇ ਧ੍ਰੋਹ ਕਮਾਇਆ ਹੈ।  ਇਕਟੂ ਦੇ ਸੂਬਾਈ ਆਗੂ ਗੁਰਪ੍ਰੀਤ ਸਿੰਘ ਰੂਡ਼ੇਕੇ ਨੇ ਕਿਹਾ ਕਿ ਪਿੰਡ ਕੋਟਦੁੰਨਾ, ਕਾਲੇਕੇ, ਸੱਦੋਵਾਲ ਦੇ ਦਲਿਤ ਮਜ਼ਦੂਰਾਂ ਤੇ ਪਿੰਡਾਂ ਦੇ ਧਨਾਢ ਚੌਧਰੀਆਂ ਵੱਲੋਂ ਜ਼ੁਲਮ  ਕੀਤਾ  ਗਿਆ। ਜ਼ਿਲੇ  ਦੇ ਸਿਵਲ ਤੇ ਪੁਲਸ ਪ੍ਰਸ਼ਾਸਨ ਵੱਲੋਂ ਲਿਖਤੀ ਸ਼ਿਕਾਇਤਾਂ ਦੇਣ ਦੇ ਬਾਵਜੂਦ ਅੱਜ ਤੱਕ ਮਾਮਲਿਆਂ ਦਾ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਦਲਿਤਾਂ ਦੇ ਮਸਲੇ ਨੂੰ ਜਲਦੀ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਵਿਸ਼ਾਲ ਤੇ ਤਿੱਖਾ ਹੋਵੇਗਾ। ਇਸ ਮੌਕੇ ਜੀਤ ਸਿੰਘ ਪੱਖੋਂ ਕਲਾਂ, ਭਾਨ ਸਿੰਘ ਸੰਘੇਡ਼ਾ, ਹਰਮਨ ਸਿੰਘ, ਜਗਰਾਜ ਸਿੰਘ, ਸ਼ਿੰਦਰ ਕੌਰ ਹਰੀਗਡ਼੍ਹ, ਸਰਬਜੀਤ ਕੌਰ ਰੂਡ਼ੇਕੇ, ਹਰਚਰਨ ਸਿੰਘ ਰੂਡ਼ੇਕੇ, ਚਰਨ ਸਿੰਘ ਆਦਿ ਹਾਜ਼ਰ ਸਨ। 
 


Related News