ਰੱਖੜੀ ਬੰਨ੍ਹਣ ਗਿਆ ਪਰਿਵਾਰ, ਪਿੱਛੋਂ 6 ਲੱਖ ਦੇ ਗਹਿਣੇ ਤੇ ਰਿਵਾਲਵਰ ਚੋਰੀ

Wednesday, Aug 21, 2024 - 01:43 PM (IST)

ਮਾਛੀਵਾੜਾ ਸਾਹਿਬ : ਮਾਛੀਵਾੜਾ ਸਾਹਿਬ 'ਚ ਪੈਂਦੇ ਗੁਰੂ ਨਾਨਕ ਮੁਹੱਲਾ ਵਾਸੀ ਮਨਮੋਹਣ ਸ਼ਰਮਾ ਦੇ ਘਰ ਬੀਤੀ ਰਾਤ ਚੋਰਾਂ ਨੇ ਧਾਵਾ ਬੋਲ ਦਿੱਤਾ। ਜਿਸ ਵਿਚ ਚੋਰ ਉਸਦਾ ਲਾਇਸੈਂਸੀ ਰਿਵਾਲਵਰ ਅਤੇ ਤਕਰੀਬਨ 6 ਲੱਖ ਰੁਪਏ ਦੀ ਕੀਮਤ ਦੇ ਗਹਿਣੇ ਚੋਰੀ ਕਰਕੇ ਲੈ ਗਏ। ਜਾਣਕਾਰੀ ਦਿੰਦਿਆਂ ਮਨਮੋਹਣ ਸ਼ਰਮਾ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਰੱਖੜੀ ਬੰਨ੍ਹਣ ਲਈ ਸ਼ਿਮਲਾ (ਹਿਮਾਚਲ ਪ੍ਰਦੇਸ਼) ਗਿਆ ਹੋਇਆ ਸੀ ਅਤੇ ਘਰ ਨੂੰ ਤਾਲ੍ਹਾ ਲਗਾ ਕੇ ਚਾਬੀ ਗੁਆਂਢੀਆਂ ਨੂੰ ਫੜਾ ਗਏ। ਅੱਜ ਸਵੇਰੇ ਘਰ ਦੇ ਬਾਹਰ ਤਾਂ ਤਾਲਾ ਲੱਗਾ ਹੋਇਆ ਸੀ ਅਤੇ ਜਦੋਂ ਗੁਆਂਢੀਆਂ ਨੇ ਤਾਲਾ ਖੋਲ ਕੇ ਘਰ ਦਾ ਮੇਨ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਉਹ ਨਾ ਖੁੱਲ੍ਹਿਆ। ਉਨ੍ਹਾਂ ਨੇ ਆਸ-ਪਾਸ ਹੋਰ ਗੁਆਂਢੀਆਂ ਨੂੰ ਬੁਲਾਇਆ ਅਤੇ ਜਦੋਂ ਕੰਧ ਟੱਪ ਕੇ ਦੇਖਿਆ ਤਾਂ ਅੰਦਰ ਮੇਨ ਦਰਵਾਜ਼ੇ ਨੂੰ ਅੰਦਰੋਂ ਕੁੰਡਾ ਲੱਗਾ ਹੋਇਆ ਸੀ ਜਦਕਿ ਕੋਠੀ ਦਾ ਲੌਬੀ ਵਾਲਾ ਦਰਵਾਜ਼ਾ ਤੋੜਿਆ ਹੋਇਆ ਸੀ। 

ਇਹ ਵੀ ਪੜ੍ਹੋ : ਪੰਜਾਬ ਵਿਚ ਦੋ ਪਹੀਆ ਵਾਹਨ ਚਾਲਕ ਸਾਵਧਾਨ! ਅੱਜ ਤੋਂ ਲਾਗੂ ਹੋਇਆ ਨਵਾਂ ਰੂਲ

ਘਰ ਦੇ ਅੰਦਰ ਜਾ ਕੇ ਦੇਖਿਆ ਤਾਂ ਸਾਰਾ ਸਮਾਨ ਖਿੱਲਰਿਆ ਪਿਆ ਸੀ, ਬੈੱਡਾਂ ਤੇ ਅਲਮਾਰੀਆਂ ਦੀ ਚੰਗੀ ਤਰ੍ਹਾਂ ਫਰੋਲਾ-ਫਰਾਲੀ ਕੀਤੀ ਸੀ। ਮਾਲਕ ਮਨਮੋਹਣ ਸ਼ਰਮਾ ਨੇ ਦੱਸਿਆ ਕਿ ਘਰ ਵਿਚ ਨਕਦੀ ਤਾਂ ਕੁਝ ਵੀ ਨਹੀਂ ਸੀ ਪਰ ਇਕ ਬੇਸ਼ਕੀਮਤੀ ਸੁੱਚੇ ਮੋਤੀਆਂ ਦਾ ਸੈੱਟ, ਸੋਨੇ ਦੇ ਟਾਪਸ ਅਤੇ 2 ਕੜੇ ਪਏ ਸਨ ਜੋ ਕਿ ਅਲਮਾਰੀ ਵਿਚੋਂ ਗਾਇਬ ਸਨ ਜਿਨ੍ਹਾਂ ਦੀ ਕੀਮਤ ਕਰੀਬ 6 ਲੱਖ ਰੁਪਏ ਹੈ। ਇਸ ਤੋਂ ਇਲਾਵਾ ਮੇਰਾ ਇਕ ਲਾਇਸੈਂਸੀ 32 ਬੋਰ ਦਾ ਰਿਵਾਲਵਰ ਜੋ ਕਿ ਅਲਮਾਰੀ ਵਿਚ ਹੀ ਪਿਆ ਸੀ ਉਹ ਵੀ ਚੋਰ ਉਡਾ ਕੇ ਲੈ ਗਏ। ਸੀ. ਸੀ. ਟੀ. ਵੀ. ਕੈਮਰੇ ਵਿਚ ਚੋਰਾਂ ਦੀਆਂ ਕੁਝ ਗਤੀਵਿਧੀਆਂ ਕੈਦ ਹੋਈਆਂ ਅਤੇ ਚੋਰਾਂ ਨੇ ਮਨਮੋਹਣ ਸ਼ਰਮਾ ਦੇ ਘਰ ਬਾਹਰ ਲੱਗਿਆ ਕੈਮਰਾ ਵੀ ਤੋੜ ਦਿੱਤਾ। ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਹੈ।

 


Gurminder Singh

Content Editor

Related News