ਡਾਇਰੈਕਟਰ ਜਨਰਲ ਰਾਜਵਿੰਦਰ ਸਿੰਘ ਭੱਟੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤ

Friday, Apr 18, 2025 - 09:12 PM (IST)

ਡਾਇਰੈਕਟਰ ਜਨਰਲ ਰਾਜਵਿੰਦਰ ਸਿੰਘ ਭੱਟੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤ

ਜੈਤੋ (ਰਘੂਨੰਦਨ ਪਰਾਸ਼ਰ) : ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਡਾਇਰੈਕਟਰ ਜਨਰਲ ਰਾਜਵਿੰਦਰ ਸਿੰਘ ਭੱਟੀ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਨਤਮਸਤਕ ਹੋਣ ਉਪਰੰਤ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਕਮੇਟੀ ਸਕੱਤਰ ਪ੍ਰਤਾਪ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਲਿਖਿਆ ਪੱਤਰ ਸਕੱਤਰ ਪ੍ਰਤਾਪ ਸਿੰਘ ਨੇ ਰਾਜਵਿੰਦਰ ਸਿੰਘ ਭੱਟੀ ਨੂੰ ਸੌਂਪਿਆ, ਜਿਸ ਵਿਚ ਭਾਰਤੀ ਹਵਾਈ ਅੱਡਿਆਂ 'ਤੇ ਡਿਊਟੀ ਕਰਦੇ ਅੰਮ੍ਰਿਤਧਾਰੀ ਸਿੱਖ ਕਰਮਚਾਰੀਆਂ ਅਤੇ ਯਾਤਰੀਆਂ ਨੂੰ ਕਿਰਪਾਨ ਸੰਬੰਧੀ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਨ ਲਈ ਕਿਹਾ ਗਿਆ ਹੈ।

ਪੱਤਰ ਵਿੱਚ ਕਿਹਾ ਗਿਆ ਕਿ ਸਿਵਲ ਏਵੀਏਸ਼ਨ ਸੁਰੱਖਿਆ ਬਿਊਰੋ ਵੱਲੋਂ ਬੀਤੇ ਸਮੇਂ ਜਾਰੀ ਕੀਤੇ ਆਦੇਸ਼ ਅਨੁਸਾਰ ਹਵਾਈ ਅੱਡੇ ’ਤੇ ਡਿਊਟੀ ਕਰਨ ਵਾਲੇ ਸਿੱਖ ਕਰਮਚਾਰੀਆਂ ਦੇ ਡਿਊਟੀ ਦੌਰਾਨ ਕਿਰਪਾਨ ਪਹਿਨਣ ’ਤੇ ਰੋਕ ਲਗਾਉਣੀ ਸਿੱਖਾਂ ਨਾਲ ਧੱਕਾ ਹੈ। ਆਪਣੇ ਹੀ ਦੇਸ਼ ਅੰਦਰ ਇਹ ਵਿਤਕਰਾ ਦੇਸ਼ ਦੇ ਨਾਗਰਿਕ ਸਿੱਖਾਂ ਦੀ ਧਾਰਮਿਕ ਅਜ਼ਾਦੀ ’ਤੇ ਵੱਡਾ ਹਮਲਾ ਹੈ। ਭਾਰਤ ਸਰਕਾਰ ਨੂੰ ਇਹ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਕਿ ਇਸ ਦੇਸ਼ ਦੀ ਅਜ਼ਾਦੀ ਲਈ ਸਿੱਖਾਂ ਦੀਆਂ ਵੱਡੀਆਂ ਕੁਰਬਾਨੀਆਂ ਹਨ। ਦੁੱਖ ਦੀ ਗੱਲ ਹੈ ਕਿ ਦੇਸ਼ ਲਈ ਆਪਾ ਵਾਰਨ ਵਾਲੇ ਸਿੱਖਾਂ ਨਾਲ ਆਪਣੇ ਹੀ ਦੇਸ਼ ਵਿਚ ਧੱਕਾ ਕੀਤਾ ਜਾ ਰਿਹਾ ਹੈ। ਸਰਕਾਰਾਂ ਨੂੰ ਅਜਿਹੀਆਂ ਗੱਲਾਂ ਤੋਂ ਗੁਰੇਜ ਕਰਨਾ ਚਾਹੀਦਾ ਹੈ, ਜਿਸ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਵੱਜਦੀ ਹੋਵੇ। ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਡਾਇਰੈਕਟਰ ਜਨਰਲ ਨੂੰ ਕਿਹਾ ਕਿ ਸਬੰਧਤ ਮੰਤਰਾਲੇ ਨਾਲ ਰਾਬਤਾ ਕਰਕੇ ਇਸ ਮਸਲੇ ਦਾ ਪੱਕਾ ਹੱਲ ਕੱਢਿਆ ਜਾਵੇ। ਇਸ ਮੌਕੇ ਮੀਤ ਮੈਨੇਜਰ ਗੁਰਿੰਦਰਪਾਲ ਸਿੰਘ, ਸੂਚਨਾ ਅਧਿਕਾਰੀ ਜਤਿੰਦਰਪਾਲ ਸਿੰਘ, ਸੰਦੀਪ ਸਿੰਘ ਆਦਿ ਹਾਜ਼ਰ ਸਨ।


author

Inder Prajapati

Content Editor

Related News