ਸੱਚਖੰਡ ਬੋਰਡ ਹਜ਼ੂਰ ਸਾਹਿਬ ਦੇ ਮੈਂਬਰ ਰਜਿੰਦਰ ਸਿੰਘ ਪੁਜਾਰੀ ਤਨਖਾਹੀਆ ਕਰਾਰ
Friday, Feb 22, 2019 - 09:24 PM (IST)
ਅਜਨਾਲਾ, (ਵਰਿੰਦਰ)-ਸਿੱਖ ਧਰਮ ਦੇ ਅਹਿਮ ਤਖਤ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਨੰਦੇਡ਼ ਦੇ ਗੁਰਦੁਆਰਾ ਸੱਚਖੰਡ ਬੋਰਡ ਦੇ ਸੀਨੀਅਰ ਮੈਂਬਰ ਰਜਿੰਦਰ ਸਿੰਘ ਪੁਜਾਰੀ ਨੂੰ 5 ਪਿਆਰਿਆਂ ਵਲੋਂ ਤਨਖਾਹੀਆ ਕਰਾਰ ਦਿੰਦਿਆਂ ਸਮੂਹ ਤਖਤਾਂ ’ਤੇ 5-5 ਦਿਨ ਸੇਵਾ ਕਰਨ ਦੀ ਧਾਰਮਿਕ ਸਜ਼ਾ ਸੁਣਾਈ ਗਈ।
ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਤਖਤ ਸੱਚਖੰਡ ਸ੍ਰੀ ਹਜ਼ੂਰ ਨੰਦੇਡ਼ ਵਿਖੇ ਤਖਤ ਸਾਹਿਬ ਦੇ ਮੀਤ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਤਇੰਦਰ ਸਿੰਘ ਤੇ ਪੰਜ ਪਿਆਰਿਆਂ ਦੀ ਇਕੱਤਰਤਾ ਹੋਈ, ਜਿਸ ਵਿਚ ਪਿਛਲੇ ਦਿਨੀਂ ਤਖਤ ਸਾਹਿਬ ਵਿਖੇ ਪੁਲਵਾਮਾ ਹਮਲੇ ਦੌਰਾਨ ਸ਼ਹੀਦ ਹੋਏ ਜਵਾਨਾਂ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਰੱਖੇ ਗਏ ਸਨ ਅਤੇ ਭੋਗ ਉਪਰੰਤ ਸ਼ਬਦ ਕੀਰਤਨ ਆਰੰਭ ਹੋਣ ਤੋਂ ਪਹਿਲਾਂ ਬੋਰਡ ਮੈਂਬਰ ਰਜਿੰਦਰ ਸਿੰਘ ਪੁਜਾਰੀ ਵਲੋਂ ਰੌਲਾ ਪਾ ਕੇ ਤਖਤ ਸਾਹਿਬ ਦੀ ਮਰਿਆਦਾ ਭੰਗ ਕਰਨ ਨੂੰ ਲੈ ਕੇ ਵਿਚਾਰ-ਚਰਚਾ ਕੀਤੀ ਗਈ।
ਜਾਣਕਾਰੀ ਅਨੁਸਾਰ ਪੰਜ ਪਿਆਰਿਆਂ ਦੀ ਇਕੱਤਰਤਾ ’ਚ ਬੋਰਡ ਦੇ ਮੈਂਬਰ ਰਜਿੰਦਰ ਸਿੰਘ ਪੁਜਾਰੀ ਨੂੰ ਤਖਤ ਸਾਹਿਬ ਦੀ ਮਰਿਆਦਾ ਨੂੰ ਭੰਗ ਕਰਨ ਦਾ ਦੋਸ਼ੀ ਪਾਉਂਦਿਆਂ ਉਨ੍ਹਾਂ ਤੋਂ ਚੌਟੰਗੇ (ਬੱਕਰੇ ਨੂੰ ਝਟਕਾਉਣ) ਦੀ ਸੇਵਾ ਨੂੰ ਵਾਪਸ ਲੈਂਦਿਆਂ ਤਨਖਾਹੀਆ ਕਰਾਰ ਦਿੱਤਾ ਗਿਆ ਤੇ ਉਨ੍ਹਾਂ ਨੂੰ ਧਾਰਮਿਕ ਸਜ਼ਾ ਸੁਣਾਉਂਦਿਆਂ ਸਿੱਖ ਪੰਥ ਦੇ ਪੰਜ ਤਖਤਾਂ ’ਤੇ 5-5 ਦਿਨ ਜੂਠੇ ਬਰਤਨਾਂ ਤੇ ਜੋਡ਼ਿਆਂ ਦੀ ਸੇਵਾ ਦੀ ਸਜ਼ਾ ਸੁਣਾਈ ਗਈ। ਸਜ਼ਾ ਪੂਰੀ ਹੋਣ ’ਤੇ ਉਨ੍ਹਾਂ ਲਈ ਮੁਆਫੀ ਦੀ ਅਰਦਾਸ ਕੀਤੀ ਜਾਵੇਗੀ।