ਡਾ. ਰਜਿੰਦਰ ਬਾਂਸਲ ਨੇ ਸੰਭਾਲਿਆ ਬਾਬਾ ਫਰੀਦ ਯੂਨੀਵਰਸਿਟੀ ਦੇ ਵੀ.ਸੀ. ਦਾ ਅਹੁਦਾ

Monday, Aug 24, 2026 - 05:44 PM (IST)

ਡਾ. ਰਜਿੰਦਰ ਬਾਂਸਲ ਨੇ ਸੰਭਾਲਿਆ ਬਾਬਾ ਫਰੀਦ ਯੂਨੀਵਰਸਿਟੀ ਦੇ ਵੀ.ਸੀ. ਦਾ ਅਹੁਦਾ

ਫ਼ਰੀਦਕੋਟ (ਰਾਜਨ) : ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫ਼ਰੀਦਕੋਟ ਦੇ ਨਵੇਂ ਵਾਈਸ ਚਾਂਸਲਰ (ਵੀ.ਸੀ.) ਵਜੋਂ ਡਾ. ਰਜਿੰਦਰ ਬਾਂਸਲ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਅਤੇ ਯੂਨੀਵਰਸਿਟੀ ਦੇ ਕੰਮਕਾਜ ਦੀ ਕਮਾਨ ਸੰਭਾਲਦਿਆਂ ਆਪਣਾ ਕੰਮ ਸ਼ੁਰੂ ਕਰ ਦਿੱਤਾ। ਉਨ੍ਹਾਂ ਦੀ ਨਿਯੁਕਤੀ ਸਬੰਧੀ ਨੋਟੀਫਿਕੇਸ਼ਨ ਬੀਤੇ ਦਿਨ ਹੀ ਜਾਰੀ ਹੋਇਆ ਸੀ, ਜਿਸ ਤੋਂ ਬਾਅਦ ਅੱਜ ਉਨ੍ਹਾਂ ਨੇ ਯੂਨੀਵਰਸਿਟੀ ਪਹੁੰਚ ਕੇ ਵੀ.ਸੀ. ਦੀ ਕੁਰਸੀ ਸੰਭਾਲੀ। ਡਾ. ਰਜਿੰਦਰ ਬਾਂਸਲ ਦੇ ਫ਼ਰੀਦਕੋਟ ਪਹੁੰਚਣ ’ਤੇ ਸ਼ਹਿਰ ਦੇ ਸਮਾਜ ਸੇਵੀਆਂ ਵੱਲੋਂ ਉਨ੍ਹਾਂ ਦਾ ਨਿੱਘਾ ਅਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਸਮਾਜ ਸੇਵੀਆਂ ਨੇ ਉਮੀਦ ਜਤਾਈ ਕਿ ਡਾ. ਬਾਂਸਲ ਦੀ ਅਗਵਾਈ ਹੇਠ ਬਾਬਾ ਫਰੀਦ ਯੂਨੀਵਰਸਿਟੀ ਹੋਰ ਤਰੱਕੀ ਕਰੇਗੀ ਅਤੇ ਮੈਡੀਕਲ ਸਿੱਖਿਆ ਤੇ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਨਵੀਆਂ ਉਚਾਈਆਂ ਹਾਸਲ ਕਰੇਗੀ।

ਜ਼ਿਕਰਯੋਗ ਹੈ ਕਿ ਡਾ. ਰਜਿੰਦਰ ਬਾਂਸਲ ਨੂੰ ਬਾਬਾ ਫਰੀਦ ਯੂਨੀਵਰਸਿਟੀ ਦੇ ਵੀ.ਸੀ. ਵਜੋਂ ਅਗਲੇ ਤਿੰਨ ਸਾਲਾਂ ਲਈ ਨਿਯੁਕਤ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਵੀ.ਸੀ. ਦੀ ਨਿਯੁਕਤੀ ਲਈ ਤਿੰਨ ਡਾਕਟਰਾਂ ਦਾ ਪੈਨਲ ਤਿਆਰ ਕਰਕੇ ਪੰਜਾਬ ਦੇ ਰਾਜਪਾਲ ਨੂੰ ਭੇਜਿਆ ਗਿਆ ਸੀ, ਜਿਸ ਵਿੱਚੋਂ ਰਾਜਪਾਲ ਵੱਲੋਂ ਡਾ. ਬਾਂਸਲ ਦੇ ਨਾਮ ਨੂੰ ਮਨਜ਼ੂਰੀ ਦਿੱਤੀ ਗਈ। ਡਾ. ਰਜਿੰਦਰ ਬਾਂਸਲ ਪੰਜਾਬ ਦੇ ਮੰਨੇ-ਪ੍ਰਮੰਨੇ ਨਿਊਰੋਲੋਜਿਸਟ ਹਨ ਅਤੇ ਮੈਡੀਕਲ ਖੇਤਰ ਵਿੱਚ ਉਨ੍ਹਾਂ ਦੀ ਵਿਸ਼ੇਸ਼ ਪਛਾਣ ਹੈ। ਉਨ੍ਹਾਂ ਦੀ ਨਿਯੁਕਤੀ ਤੋਂ ਬਾਅਦ ਯੂਨੀਵਰਸਿਟੀ ਦੇ ਪ੍ਰਸ਼ਾਸਨਿਕ, ਅਕਾਦਮਿਕ ਅਤੇ ਮੈਡੀਕਲ ਖੇਤਰ ਨਾਲ ਸਬੰਧਤ ਕੰਮਕਾਜ ਵਿੱਚ ਹੋਰ ਸੁਧਾਰ ਅਤੇ ਮਹੱਤਵਪੂਰਨ ਪਹਿਲਕਦਮੀਆਂ ਦੀ ਉਮੀਦ ਕੀਤੀ ਜਾ ਰਹੀ ਹੈ। ਡਾ. ਬਾਂਸਲ ਦੇ ਅਹੁਦਾ ਸੰਭਾਲਣ ਨਾਲ ਪਿਛਲੇ ਕੁਝ ਸਮੇਂ ਤੋਂ ਵੀ.ਸੀ. ਦੀ ਨਿਯੁਕਤੀ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ’ਤੇ ਵੀ ਵਿਰਾਮ ਲੱਗ ਗਿਆ ਹੈ। ਹੁਣ ਅਗਲੇ ਤਿੰਨ ਸਾਲਾਂ ਲਈ ਡਾ. ਰਜਿੰਦਰ ਬਾਂਸਲ ਬਾਬਾ ਫਰੀਦ ਯੂਨੀਵਰਸਿਟੀ ਦੀ ਅਗਵਾਈ ਕਰਨਗੇ।


author

Gurminder Singh

Content Editor

Related News