ਕਤਲ ਮਾਮਲੇ 'ਚ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਹੋਣ 'ਤੇ ਪਰਿਵਾਰ ਨੇ ਥਾਣੇ ਦਾ ਕੀਤਾ ਘਿਰਾਓ

12/18/2019 5:35:27 PM

ਰਾਜਾਸਾਂਸੀ (ਰਜਿੰਦਰ) : ਰਾਜਾਸਾਂਸੀ ਵਿਖੇ ਪ੍ਰੇਮ ਸਬੰਧਾਂ ਦੇ ਚਲਦਿਆਂ ਲੜਕੀ ਦੇ ਪਰਿਵਾਰ ਵਲੋਂ ਇਕ 17 ਸਾਲਾ ਨੌਜਵਾਨ ਅਕਾਸ਼ਦੀਪ ਸਿੰਘ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ। ਇਸ ਸਬੰਧੀ ਮ੍ਰਿਤਕ ਅਕਾਸ਼ਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਸੈਂਕੜੇ ਸਾਥੀਆਂ ਸਮੇਤ ਥਾਣਾ ਰਾਜਾਸਾਂਸੀ ਦਾ ਘਿਰਾਓ ਕਰ ਕੇ ਪੰਜਾਬ ਪੁਲਸ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਮ੍ਰਿਤਕ ਦੀ ਮਾਤਾ ਨੇ ਪੰਜਾਬ ਪੁਲਸ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਪੁਲਸ ਪ੍ਰਸ਼ਾਸਨ ਕਾਤਲਾਂ ਦਾ ਬਚਾਅ ਕਰ ਰਿਹਾ ਹੈ। ਇਨ੍ਹਾਂ ਨੇ ਕਾਤਲਾਂ ਪਾਸੋਂ ਪੰਜ ਲੱਖ ਰੁਪਏ ਲੈ ਕੇ ਸਾਰਾ ਮਾਮਲਾ ਖੁਰਦ-ਬੁਰਦ ਕਰਨ ਦਾ ਪ੍ਰੋਗਰਾਮ ਬਣਾਇਆ ਹੈ ਅਤੇ ਸਾਨੂੰ ਵੀ ਧਮਕੀਆਂ ਮਿਲ ਰਹੀਆਂ ਹਨ ਕਿ ਛੱਡਣਾ ਤੁਹਾਨੂੰ ਵੀ ਨਹੀਂ ਹੈ। ਪਰ ਪੁਲਸ ਵਲੋਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਕਤਲ ਵਾਲੇ ਦਿਨ ਪੁਲਸ ਵਲੋਂ ਲੜਕੀ ਦੀ ਮਾਂ ਤੇ ਲੜਕੀ ਦੇ ਮਾਮੇ ਨੂੰ ਕਾਬੂ ਕਰ ਲਿਆ ਸੀ ਪਰ ਬਾਅਦ 'ਚ ਰਿਸ਼ਵਤ ਲੈ ਕੇ ਛੱਡ ਦਿੱਤਾ ਗਿਆ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੁਲਸ ਦੇ ਉੱਚ ਅਧਿਕਾਰੀਆਂ ਕੋਲ ਇਨਸਾਫ ਦੀ ਗੁਹਾਰ ਲਾਉਂਦਿਆਂ ਕਿਹਾ ਕਿ ਉਕਤ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਦੇ ਨਾਬਾਲਗ ਪੁੱਤਰ ਨੂੰ ਕਤਲ ਕਰਨ ਵਾਲੇ ਲੜਕੀ ਦੇ ਮਾਤਾ-ਪਿਤਾ ਦਾ ਸਾਥ ਦੇਣ ਵਾਲੇ ਉਕਤ ਨੌਜਵਾਨਾਂ ਨੂੰ ਤੁਰੰਤ ਗ੍ਰਿਫਤਾਰ ਨਾ ਕੀਤਾ ਤਾਂ ਅਜਨਾਲਾ ਅੰਮ੍ਰਿਤਸਰ ਮੁੱਖ ਰੋਡ ਜਾਮ ਕਰਨਗੇ।

ਮਾਮਲੇ ਦੀ ਗੰਭੀਰਤਾ ਨਾਲ ਜਾਂਚ ਪੜਤਾਲ ਕੀਤੀ ਜਾਵੇਗੀ : ਥਾਣਾ ਮੁਖੀ
ਇਸ ਸਬੰਧੀ ਪੁਲਸ ਥਾਣਾ ਰਾਜਾਸਾਂਸੀ ਦੇ ਥਾਣਾ ਮੁਖੀ ਮਨਮੀਤ ਸਿੰਘ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਅੱਜ ਹੀ ਥਾਣੇ ਦਾ ਚਾਰਜ ਸੰਭਾਲਿਆ ਹੈ, ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਪੜਤਾਲ ਕੀਤੀ ਜਾਵੇਗੀ ਤੇ ਜੇਕਰ ਉਕਤ ਦੋਵੇਂ ਨੌਜਵਾਨ ਕਤਲ ਮਾਮਲੇ 'ਚ ਸ਼ਾਮਲ ਪਾਏ ਗਏ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


Baljeet Kaur

Content Editor

Related News