''ਆਪ'' ਨੇ ਔਰਤਾਂ ਨੂੰ 1000-1000 ਰੁਪਏ ਦਾ ਲਾਅਰਾ ਲਾ ਉਧਾਰੀਆਂ ਲਈਆਂ ਸੀ ਵੋਟਾਂ: ਵੜਿੰਗ

Wednesday, Feb 11, 2026 - 05:59 PM (IST)

''ਆਪ'' ਨੇ ਔਰਤਾਂ ਨੂੰ 1000-1000 ਰੁਪਏ ਦਾ ਲਾਅਰਾ ਲਾ ਉਧਾਰੀਆਂ ਲਈਆਂ ਸੀ ਵੋਟਾਂ: ਵੜਿੰਗ

ਨਾਭਾ (ਵੈੱਬ ਡੈਸਕ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਔਰਤਾਂ ਨੂੰ 1000-1000 ਰੁਪਏ ਹਰ ਮਹੀਨੇ ਦੇਣ ਦਾ ਵਾਅਦਾ ਕਰ ਕੇ ਵੋਟਾਂ ਉਧਾਰੀਆਂ ਲਈਆਂ ਸਨ, ਪਰ 4 ਸਾਲਾਂ 'ਚ ਇਹ ਵਾਅਦਾ ਵਫ਼ਾ ਨਾ ਹੋ ਸਕਿਆ। ਉਨ੍ਹਾਂ ਅੱਗੇ ਕਿਹਾ ਕਿ ਜੇ ਹੁਣ ਸਰਕਾਰ ਔਰਤਾਂ ਨੂੰ ਇਹ ਪੈਸੇ ਦਿੰਦੀ ਵੀ ਹੈ ਤਾਂ ਉੁਹ 5 ਸਾਲਾਂ ਦੇ ਪੂਰੇ 60 ਹਜ਼ਾਰ ਰੁਪਏ ਮੰਗਣ। ਉਨ੍ਹਾਂ ਕਿਹਾ ਕਿ ਜੇ ਸਰਕਾਰ ਅਖ਼ੀਰਲੇ ਕੁਝ ਮਹੀਨਿਆਂ ਵਿਚ ਇਹ ਪੈਸੇ ਦੇ ਵੀ ਦਿੰਦੀ ਹੈ, ਤਾਂ ਵੀ ਬੀਬੀਆਂ ਉਨ੍ਹਾਂ ਨੂੰ ਵੋਟ ਨਹੀਂ ਪਾਉਣਗੀਆਂ। 

ਨਾਭਾ ਵਿਖੇ ਕਾਂਗਰਸ ਦੀ ਮਨਰੇਗਾ ਬਚਾਓ ਰੈਲੀ ਦੌਰਾਨ ਸੰਬੋਧਨ ਕਰਦਿਆਂ ਵੜਿੰਗ ਨੇ  ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਬੀਬੀਆਂ ਨੂੰ 1000 ਰੁਪਏ ਮਹੀਨਾ ਦੇਣ ਦਾ ਵਾਅਦਾ ਪਿਛਲੇ ਚਾਰ ਸਾਲਾਂ ਤੋਂ ਵਫ਼ਾ ਨਹੀਂ ਹੋਇਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਗਲੀਆਂ ਵੋਟਾਂ ਵੇਲੇ ਸਰਕਾਰ ਤੋਂ ਪਿਛਲੇ ਪੰਜਾਂ ਸਾਲਾਂ ਦੇ ਬਕਾਏ ਵਜੋਂ 60 ਹਜ਼ਾਰ ਰੁਪਏ ਦੀ ਮੰਗ ਕਰਨ ਅਤੇ ਝੂਠੇ ਵਾਅਦਿਆਂ ਤੋਂ ਸੁਚੇਤ ਰਹਿਣ। ਰਾਜਾ ਵੜਿੰਗ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਝੂਠੇ ਵਾਅਦੇ ਕਰਨ ਵਾਲੇ ਲੀਡਰਾਂ ਨੂੰ ਸਬਕ ਸਿਖਾਉਣ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹੁਣ 'ਯੁੱਧ ਝਾੜੂ ਵਿਰੁੱਧ' ਅਤੇ 'ਯੁੱਧ ਝੂਠਾਂ ਵਿਰੁੱਧ' ਚਲਾਏਗੀ ਅਤੇ ਪੰਜਾਬ ਦੇ ਲੋਕ ਆਉਣ ਵਾਲੀਆਂ ਵੋਟਾਂ ਵਿਚ ‘ਝਾੜੂ’ (ਆਪ) ਨੂੰ ਨਕਾਰ ਕੇ ਮੁੜ ਕਾਂਗਰਸ ਦਾ ਰਾਜ ਬਹਾਲ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਮਜ਼ਦੂਰਾਂ, ਕਿਸਾਨਾਂ ਅਤੇ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਲੈ ਕੇ ਕੇਂਦਰ ਅਤੇ ਪੰਜਾਬ ਸਰਕਾਰ 'ਤੇ ਤਿੱਖੇ ਨਿਸ਼ਾਨੇ ਵਿੰਨ੍ਹੇ। 

ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਪਾਰਟੀ ਆਉਣ ਵਾਲੇ ਦਿਨਾਂ ਵਿਚ ਮਜ਼ਦੂਰਾਂ ਅਤੇ ਮਨਰੇਗਾ ਵਰਕਰਾਂ ਦੀ ਲੜਾਈ ਪੂਰੀ ਮਜ਼ਬੂਤੀ ਨਾਲ ਲੜੇਗੀ। ਉਨ੍ਹਾਂ ਕਿਹਾ ਕਿ ਮਜ਼ਦੂਰ ਆਪਣੀ ਦਿਹਾੜੀ ਛੱਡ ਕੇ ਲਗਾਤਾਰ ਧਰਨੇ 'ਤੇ ਨਹੀਂ ਬੈਠ ਸਕਦਾ, ਇਸ ਲਈ ਪਾਰਟੀ ਉਨ੍ਹਾਂ ਦੇ ਹੱਕਾਂ ਲਈ ਮੈਦਾਨ ਵਿਚ ਨਿਤਰੇਗੀ। ਉਨ੍ਹਾਂ ਮੰਗ ਕੀਤੀ ਕਿ ਮਨਰੇਗਾ ਵਰਕਰਾਂ ਦੀ ਦਿਹਾੜੀ ਵਧਾ ਕੇ 700 ਰੁਪਏ ਕੀਤੀ ਜਾਵੇ। ਰਾਜਾ ਵੜਿੰਗ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਮੋਦੀ ਜੀ 125 ਦਿਨਾਂ ਦੇ ਕੰਮ ਦੀ ਗਰੰਟੀ ਦੀ ਗੱਲ ਕਰਦੇ ਹਨ, ਜਦਕਿ ਹਕੀਕਤ ਵਿਚ ਮਜ਼ਦੂਰਾਂ ਨੂੰ 50 ਦਿਨ ਦਾ ਕੰਮ ਵੀ ਨਹੀਂ ਮਿਲ ਰਿਹਾ। ਉਨ੍ਹਾਂ ਮਨਰੇਗਾ ਨੂੰ ਡਾਕਟਰ ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ਦੀ ਦੇਣ ਦੱਸਦਿਆਂ ਕਿਹਾ ਕਿ ਇਹ ਕਾਨੂੰਨ ਗਰੀਬਾਂ ਦੇ ਚੁੱਲ੍ਹੇ ਬਾਲਣ ਲਈ ਬਣਾਇਆ ਗਿਆ ਸੀ, ਜਿਸ ਨੂੰ ਹੁਣ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਸ਼ਿਆਂ ਦੇ ਮੁੱਦੇ 'ਤੇ ਬੋਲਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਪਾਕਿਸਤਾਨੀ ਸਰਹੱਦ ਤੋਂ ਡਰੋਨਾਂ ਰਾਹੀਂ ਨਸ਼ਾ ਸਪਲਾਈ ਹੋ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਸਰਹੱਦ 'ਤੇ ਬੀ.ਐਸ.ਐਫ (BSF) ਦਾ ਪਹਿਰਾ ਹੈ, ਜੋ ਕਿ ਕੇਂਦਰ ਸਰਕਾਰ ਦੇ ਅਧੀਨ ਹੈ, ਤਾਂ ਨਸ਼ਾ ਅੰਦਰ ਕਿਵੇਂ ਆ ਰਿਹਾ ਹੈ? ਉਨ੍ਹਾਂ ਨੇ ਪੰਜਾਬ ਦੇ ਰਾਜਪਾਲ ਨੂੰ ਇਸ ਮੁੱਦੇ 'ਤੇ ਕੇਂਦਰ ਨਾਲ ਗੱਲ ਕਰਨ ਦੀ ਸਲਾਹ ਦਿੱਤੀ।

ਸੂਬੇ ਵਿਚ ਵਧ ਰਹੇ ਨਸ਼ਿਆਂ ਦੇ ਮੁੱਦੇ 'ਤੇ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਦੋਸ਼ ਲਾਇਆ ਕਿ ਨਸ਼ਾ ਸਰਹੱਦ ਪਾਰੋਂ ਆ ਰਿਹਾ ਹੈ ਅਤੇ ਇਸ ਮਾਮਲੇ ਵਿਚ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਮਾਨ ਸਰਕਾਰ ਦੋਵੇਂ ਮਿਲੇ ਹੋਏ ਹਨ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਨਸ਼ਾ ਬੰਦ ਨਹੀਂ ਹੋ ਰਿਹਾ ਤਾਂ 'ਨਸ਼ਿਆਂ ਵਿਰੁੱਧ ਯੁੱਧ' ਦੇ ਦਾਅਵੇ ਸਿਰਫ਼ ਝੂਠੇ ਹਨ। ਉਨ੍ਹਾਂ ਭਗਵੰਤ ਮਾਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੂੰ ਚਾਹੀਦਾ ਸੀ ਕਿ ਜੇਕਰ ਕੇਂਦਰ ਪੈਸਾ ਨਹੀਂ ਦੇ ਰਿਹਾ, ਤਾਂ ਪੰਜਾਬ ਸਰਕਾਰ ਆਪਣੇ ਪੱਧਰ 'ਤੇ ਮਜ਼ਦੂਰਾਂ ਦੀ ਮਦਦ ਕਰਦੀ, ਪਰ ਮਾਨ ਸਰਕਾਰ ਨੇ ਸਿਰਫ਼ ਮਤੇ ਪਾਉਣ ਤੋਂ ਇਲਾਵਾ ਕੁਝ ਨਹੀਂ ਕੀਤਾ। ਰਾਜਾ ਵੜਿੰਗ ਨੇ ਇਹ ਵੀ ਦੋਸ਼ ਲਾਇਆ ਕਿ ਭਗਵੰਤ ਮਾਨ ਸਰਕਾਰ ਸਿਆਸੀ ਵਿਰੋਧੀਆਂ ਨੂੰ ਦਬਾਉਣ ਲਈ ਜੇਲ੍ਹਾਂ ਦਾ ਸਹਾਰਾ ਲੈ ਰਹੀ ਹੈ। ਉਨ੍ਹਾਂ ਸਾਬਕਾ ਮੰਤਰੀ ਸਾਧੂ ਸਿੰਘ ਦੀ ਮਿਸਾਲ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਜੇਲ੍ਹ ਭੇਜ ਕੇ ਪਾਰਟੀ ਬਦਲਣ ਲਈ ਦਬਾਅ ਪਾਇਆ ਗਿਆ, ਪਰ ਉਨ੍ਹਾਂ ਨੇ ਕਾਂਗਰਸ ਦਾ ਸਾਥ ਨਹੀਂ ਛੱਡਿਆ।


author

Anmol Tagra

Content Editor

Related News