ED ਨੂੰ ਮਿਲਿਆ ਜਗਮੋਹਨ ਗਰਗ ਦਾ 7 ਦਿਨਾਂ ਦਾ ਰਿਮਾਂਡ
Saturday, Oct 17, 2026 - 08:10 PM (IST)
ਚੰਡੀਗੜ੍ਹ: ਐਨਫੋਰਸਮੈਂਟ ਡਾਇਰੈਕਟੋਰੇਟ ਨੇ ਰੀਅਲ ਅਸਟੇਟ ਕੰਪਨੀ 'ਰੈਮੀਗੇਟ' ਮਾਮਲੇ ਦੀ ਜਾਂਚ ਦੇ ਸਬੰਧ ਵਿਚ ਜਗਮੋਹਨ ਗਰਗ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਉਸ ਦਾ ਸੱਤ ਦਿਨਾਂ ਦਾ ਰਿਮਾਂਡ ਹਾਸਲ ਕਰ ਲਿਆ ਹੈ। ਇਹ ਮਾਮਲਾ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਦੇ ਜ਼ਮੀਨੀ ਸੌਦਿਆਂ ਵਿਚ ਕਥਿਤ ਬੇਨਿਯਮੀਆਂ ਅਤੇ ਇਸ ਕੰਪਨੀ ਦੇ ਤਕਰੀਬਨ 57 ਕਰੋੜ ਰੁਪਏ ਦੇ ਬਕਾਏ ਮੁਆਫ ਕਰਨ ਨਾਲ ਸਬੰਧਤ ਹੈ। ਇਸ ਮਾਮਲੇ ਵਿਚ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦੀ ਭੂਮਿਕਾ ਵੀ ਜਾਂਚ ਦੇ ਘੇਰੇ ਵਿਚ ਹੈ।
ਕੇਂਦਰੀ ਏਜੰਸੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਗਮੋਹਨ ਗਰਗ 'ਤਿਰੂਪਤੀ ਇੰਫਰਾਪ੍ਰਾਜੈਕਟਸ' ਦਾ ਪ੍ਰਮੋਟਰ ਹੈ, ਜਦਕਿ 'ਰੈਮੀਗੇਟ ਬਿਲਡਸਟੇਟਸ (ਇੰਡੀਆ) ਪ੍ਰਾਈਵੇਟ ਲਿਮਟਿਡ' ਤਿਰੂਪਤੀ ਦੇ ਪ੍ਰਮੋਟਰਾਂ ਦੁਆਰਾ ਕੰਟਰੋਲ ਕੀਤੀ ਜਾਣ ਵਾਲੀ ਇਕ ਲਿੰਕਡ ਕੰਪਨੀ ਹੈ। ਈ ਡੀ ਗਰਗ ਨਾਲ ਜੁੜੇ ਕਥਿਤ ਬੈਂਕ ਧੋਖਾਧੜੀ ਵਾਲੇ 2013 ਦੇ CBI ਕੇਸ ਦੀ ਵੀ ਜਾਂਚ ਕਰ ਰਹੀ ਹੈ।
