ਸੇਵਾਮੁਕਤ ETO ਨੇ ਖ਼ੁਦ ਨੂੰ ਅੱਗ ਲਾ ਕੇ ਕੀਤੇ ਖ਼ੁਦਕੁਸ਼ੀ, ਲਿਖਿਆ ਸੁਸਾਈਡ ਨੋਟ
Wednesday, Oct 21, 2026 - 01:23 PM (IST)
ਮੋਹਾਲੀ (ਜਸਬੀਰ ਜੱਸੀ) : ਇੱਥੇ ਇਕ ਸੇਵਾਮੁਕਤ ਈ. ਟੀ. ਓ. ਵਲੋਂ ਖ਼ੁਦ ਨੂੰ ਅੱਗ ਲਗਾ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਗੁਰਮੁੱਖ ਸਿੰਘ (75) ਵਜੋਂ ਹੋਈ ਹੈ, ਜੋ ਕਿ ਪਿਛਲੇ ਕਰੀਬ 10 ਸਾਲਾਂ ਤੋਂ ਇਕੱਲੇ ਹੀ ਫੇਜ਼-11 'ਚ ਕਿਰਾਏ ਦੇ ਮਕਾਨ 'ਚ ਰਹਿ ਰਿਹਾ ਸੀ। ਇਸ ਸਬੰਧੀ ਥਾਣਾ ਫੇਜ਼-011 ਦੇ ਮੁਖੀ ਅਮਨ ਬੈਦਵਾਣ ਨੇ ਦੱਸਿਆ ਕਿ ਸਵੇਰੇ ਪੁਲਸ ਨੂੰ ਕਰੀਬ ਸਾਢੇ 7 ਵਜੇ ਸੂਚਨਾ ਮਿਲੀ ਕਿ ਕੋਠੀ ਨੰਬਰ-2414 'ਚ ਅੱਗ ਲੱਗ ਗਈ ਹੈ। ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਦੇਖਿਆ ਕਿ ਇਕ ਵਿਅਕਤੀ ਬੁਰੀ ਤਰਾਂ ਨਾਲ ਸੜ ਚੁੱਕਾ ਸੀ, ਉਸ ਦੀ ਲਾਸ਼ ਬੈਡ 'ਤੇ ਪਈ ਹੋਈ ਸੀ। ਪੁਲਸ ਵਲੋਂ ਫਾਰੈਂਸਿਕ ਟੀਮ ਬੁਲਾਈ ਗਈ ਅਤੇ ਸੈਂਪਲ ਇਕੱਤਰ ਕਰਨ ਉਪਰੰਤ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮੋਰਚਰੀ 'ਚ ਰਖਵਾਇਆ ਗਿਆ।
ਮੌਕੇ ਤੋਂ ਪੁਲਸ ਨੂੰ ਇਕ ਖ਼ੁਦਕੁਸ਼ੀ ਨੋਟ ਮਿਲਿਆ, ਜਿਸ 'ਚ ਮਰਨ ਵਾਲੇ ਨੇ ਆਪਣੇ ਦਸਤਖ਼ਤਾਂ ਹੇਠ ਲਿਖਿਆ ਕਿ 'ਮੇਰਾ ਸਰੀਰ ਅਤੇ ਦਿਮਾਗ ਕਮਜ਼ੋਰ ਹੋ ਗਿਆ ਹੈ, ਇਸ ਲਈ ਦੁਨੀਆ ਨੂੰ ਗੁੱਡ ਬਾਏ'। ਥਾਣਾ ਮੁਖੀ ਨੇ ਅੱਗੇ ਦੱਸਿਆ ਕਿ ਘਰ ਦੇ ਮਾਲਕ ਕੋਲੋਂ ਮ੍ਰਿਤਕ ਬਾਰੇ ਜਾਣਕਾਰੀ ਹਾਸਲ ਕੀਤੀ ਤਾਂ ਪਤਾ ਲੱਗਿਆ ਕਿ ਮ੍ਰਿਤਕ ਗੁਰਮੁਖ ਸਿੰਘ ਬਤੌਰ (ਈ. ਟੀ. ਓ ਸੇਵਾਮੁਕਤ) ਹੋਏ ਹਨ ਅਤੇ ਉਨ੍ਹਾਂ ਦੇ 2 ਬੱਚੇ ਹਨ, ਜੋ ਕਿ ਕੈਨੇਡਾ 'ਚ ਰਹਿ ਰਹੇ ਹਨ। ਸਾਲ 2020 ਕੋਰੋਨਾ ਦੌਰਾਨ ਗੁਰਮੁਖ ਸਿੰਘ ਦੀ ਪਤਨੀ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਹ ਪਰੇਸ਼ਾਨ ਰਹਿਣ ਲੱਗ ਪਏ। ਗੁਰਮੁਖ ਸਿੰਘ ਦਾ ਮੈਡੀਟੇਸ਼ਨ ਰਾਹੀਂ ਇਲਾਜ ਵੀ ਚੱਲ ਰਿਹਾ ਸੀ।
ਉਕਤ ਘਟਨਾ ਦੀ ਸੂਚਨਾ ਪਰਿਵਾਰ ਨੂੰ ਦਿੱਤੀ ਗਈ ਤਾਂ ਮ੍ਰਿਤਕ ਦਾ ਭਰਾ ਅਤੇ ਭੈਣ ਪੁਲਸ ਸਟੇਸ਼ਨ ਪਹੁੰਚੇ ਅਤੇ ਉਨ੍ਹਾਂ ਦੇ ਬਿਆਨਾਂ 'ਤੇ ਬੀ. ਐਨ. ਐਸ ਦੀ ਧਾਰਾ 194 ਦੇ ਤਹਿਤ ਕਾਰਵਾਈ ਸ਼ੁਰੂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪਰਿਵਾਰ ਵਲੋਂ ਵੀ ਕਿਸੇ 'ਤੇ ਕੋਈ ਸ਼ੱਕ ਜ਼ਾਹਰ ਨਹੀਂ ਕੀਤਾ ਗਿਆ ਅਤੇ ਬੁੱਧਵਾਰ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਪੁਲਸ ਮੁਤਾਬਕ ਜਦੋਂ ਉਨ੍ਹਾਂ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਤਾਂ ਉਹ ਤੁਰੰਤ ਮੌਕੇ 'ਤੇ ਪਹੁੰਚੇ ਪਰ ਉਦੋਂ ਤੱਕ ਗੁਰਮੁਖ ਸਿੰਘ ਪੂਰੀ ਤਰਾਂ ਸੜ ਚੁੱਕੇ ਸਨ, ਸਿਰਫ ਹੱਡੀਆਂ ਹੀ ਨਜ਼ਰ ਆ ਰਹੀਆਂ ਸਨ ਅਤੇ ਉਨ੍ਹਾਂ ਦੀ ਮੌਤ ਵੀ ਹੋ ਚੁੱਕੀ ਸੀ ਪੁਲਸ ਮੁਤਾਬਕ ਜਿਸ ਕਮਰੇ 'ਚ ਗੁਰਮੁਖ ਸਿੰਘ ਸੌਂਦੇ ਸਨ, ਸਿਰਫ ਉਹੀ ਕਮਰਾ ਅੱਗ ਦੀ ਲਪੇਟ 'ਚ ਆਇਆ, ਜਦੋਂ ਕਿ ਬਾਕੀ ਸਮਾਨ ਸੁਰੱਖਿਅਤ ਹੈ। ਪੁਲਸ ਮੁਤਾਬਕ ਗੁਰਮੁਖ ਸਿੰਘ ਵਲੋਂ ਆਪਣੇ ਆਪ ਨੂੰ ਅੱਗ ਕਿਵੇਂ ਲਗਾਈ ਗਈ, ਇਸ ਬਾਰੇ ਫਾਰੈਂਸਿਕ ਰਿਪੋਰਟ ਆਉਣ ਉਪਰੰਤ ਹੀ ਪਤਾ ਚੱਲ ਸਕੇਗਾ।
