ਰਾਜਾ ਵੜਿੰਗ ਨੇ ‘ਆਪ’ ਸਰਕਾਰ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ, ਕਿਹਾ-ਕਾਂਗਰਸ ਲੋਕਾਂ ਦੀ ਕਚਹਿਰੀ ’ਚ ਦੇਵੇਗੀ ਜਵਾਬ

Friday, Oct 07, 2022 - 01:59 AM (IST)

ਰਾਜਾ ਵੜਿੰਗ ਨੇ ‘ਆਪ’ ਸਰਕਾਰ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ, ਕਿਹਾ-ਕਾਂਗਰਸ ਲੋਕਾਂ ਦੀ ਕਚਹਿਰੀ ’ਚ ਦੇਵੇਗੀ ਜਵਾਬ

ਚੰਡੀਗੜ੍ਹ (ਬਿਊਰੋ) : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕਾਂਗਰਸ ਪਾਰਟੀ ਦੇ ਆਗੂਆਂ ਵਿਰੁੱਧ ਦੁਸ਼ਮਣੀ ਦੀ ਸਿਆਸਤ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਇਸ ਲੜਾਈ ਦਾ ਜਵਾਬ ਲੋਕਾਂ ਦੀ ਕਚਹਿਰੀ ’ਚ ਦੇਵੇਗੀ। ਉਨ੍ਹਾਂ ਠੇਕੇਦਾਰ ਤੋਂ ਪੈਸੇ ਵਸੂਲਣ ਦੀ ਸਾਜ਼ਿਸ਼ ਰਚਣ ਦੇ ਪੁਖਤਾ ਸਬੂਤ ਹੋਣ ਦੇ ਬਾਵਜੂਦ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਦਿੱਤੀ ਜਾ ਰਹੀ ਸ਼ਹਿ ਵਿਰੁੱਧ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਦਾ ਐਲਾਨ ਵੀ ਕੀਤਾ। ਉਨ੍ਹਾਂ ‘ਆਪ’ ਸਰਕਾਰ ਨੂੰ ਕਿਹਾ ਕਿ ਬਹੁਤ ਹੋ ਗਿਆ। ਅਸੀਂ ਬਿਨਾਂ ਕਿਸੇ ਸਬੂਤ ਦੇ ਤੁਹਾਡੇ ਵੱਲੋਂ ਚੁਣ-ਚੁਣ ਕੇ ਲੋਕਾਂ ਨੂੰ ਪਰੇਸ਼ਾਨ ਕਰਨ ਅਤੇ ਡਰਾਉਣ ਦੀ ਹੋਰ ਇਜਾਜ਼ਤ ਨਹੀਂ ਦੇ ਸਕਦੇ। ਸੂਬਾ ਕਾਂਗਰਸ ਪ੍ਰਧਾਨ ਨੇ ਸਰਕਾਰ ਦੇ ਦੋਹਰੇ ਮਾਪਦੰਡਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਕ ਪਾਸੇ ‘ਆਪ’ ਨੇ ਆਪਣੇ ਦੋ ਮੰਤਰੀਆਂ ਵਿਜੇ ਸਿੰਗਲਾ ਅਤੇ ਫੌਜਾ ਸਿੰਘ ਸਰਾਰੀ ਨੂੰ ਖੁੱਲ੍ਹੇਆਮ ਘੁੰਮਣ ਦੀ ਇਜਾਜ਼ਤ ਦੇ ਦਿੱਤੀ ਹੈ। ਸਿੰਗਲਾ ਦੇ ਸਬੰਧ ’ਚ ਤੁਸੀਂ ਡਰਾਮਾ ਕੀਤਾ ਅਤੇ ਬਾਅਦ ’ਚ ਅਦਾਲਤ ਵਿਚ ਕੇਸ ਨੂੰ ਚੰਗੀ ਤਰ੍ਹਾਂ ਪੇਸ਼ ਨਹੀਂ ਕੀਤਾ, ਜੋ ਵੱਡੇ-ਵੱਡੇ ਦਾਅਵਿਆਂ ਦੇ ਉਲਟ ਜਾਂ ਤਾਂ ਇਨ੍ਹਾਂ ਕੋਲ ਸਬੂਤ ਨਹੀਂ ਹਨ ਜਾਂ ਉਸ ਨੂੰ ਬਚਾਉਣ ਲਈ ਅਦਾਲਤ ਤੋਂ ਸਬੂਤ ਛੁਪਾਏ ਗਏ ਹਨ।

ਇਹ ਖ਼ਬਰ ਵੀ ਪੜ੍ਹੋ : ਪੰਜਾਬੀਆਂ ਲਈ ਮਾਣ ਵਾਲੀ ਗੱਲ : ਆਸਟ੍ਰੇਲੀਆ ਸਰਕਾਰ ਨੇ ਬੁਢਲਾਡਾ ਦੇ ਮੁਨੀਸ਼ ਨੂੰ ਦਿੱਤਾ ਵੱਕਾਰੀ ਅਹੁਦਾ

ਇਸੇ ਤਰ੍ਹਾਂ ਸਰਾਰੀ ਖ਼ਿਲਾਫ਼ ਵੀ ਸਪੱਸ਼ਟ ਤੌਰ ’ਤੇ ਖੁੱਲ੍ਹਾ ਕੇਸ ਹੈ, ਜਿਸ ਦੇ ਆਪਣੇ ਓ.ਐੱਸ.ਡੀ. ਨੇ ਆਡੀਓ ਰਿਕਾਰਡਿੰਗ ਸਹੀ ਹੋਣ ਦੀ ਗੱਲ ਮੰਨੀ ਹੈ। ਉਸ ਵਿਰੁੱਧ ਕੋਈ ਕਾਰਵਾਈ ਕਰਨੀ ਤਾਂ ਦੂਰ, ਤੁਸੀਂ ਜਾਂਚ ਵੀ ਸ਼ੁਰੂ ਨਹੀਂ ਕੀਤੀ। ਉਥੇ ਹੀ ਸਾਧੂ ਸਿੰਘ ਧਰਮਸੋਤ, ਸੰਗਤ ਸਿੰਘ ਗਿਲਜੀਆਂ, ਭਾਰਤ ਭੂਸ਼ਣ ਆਸ਼ੂ ਅਤੇ ਹੁਣ ਕੈਪਟਨ ਸੰਦੀਪ ਸੰਧੂ ਵਰਗੇ ਕਾਂਗਰਸੀ ਨੇਤਾਵਾਂ ’ਤੇ ਕੇਸ ਦਰਜ ਕਰਨ ’ਤੇ ਵੜਿੰਗ ਨੇ ਕਿਹਾ ਕਿ ਸਿਰਫ ਇਸ ਲਈ ਕਿ ਕਿਸੇ ਨੇ ਦੋਸ਼ ਲਗਾਇਆ ਕਿ ਉਸ ਨੇ ਕਿਸੇ ਨੂੰ ਪੈਸੇ ਦਿੱਤੇ ਜਾਂ ਕੋਈ ਕੰਮ ਕਰਨ ਲਈ ਉਸ ਨੂੰ ਕਿਹਾ ਗਿਆ, ਤੁਸੀਂ ਮਾਮਲਾ ਦਰਜ ਕਰਕੇ ਇਕ ਸਾਬਕਾ ਮੰਤਰੀ ਨੂੰ ਜੇਲ੍ਹ ਭੇਜ ਦਿੱਤਾ ਸੀ। ਉਨ੍ਹਾਂ ਖ਼ੁਲਾਸਾ ਕੀਤਾ ਕਿ ਵੱਡੀ ਗਿਣਤੀ ’ਚ ਕਾਂਗਰਸੀ ਸਰਪੰਚਾਂ ਅਤੇ ਹੇਠਲੇ ਪੱਧਰ ਦੇ ਵਰਕਰਾਂ ਨੂੰ ਦੁਸ਼ਮਣੀ ਦੀ ਰਾਜਨੀਤੀ ਤਹਿਤ ਤੰਗ ਪ੍ਰੇਸ਼ਾਨ ਕੀਤਾ ਗਿਆ ਹੈ।  ਇਹ ਤਾਨਾਸ਼ਾਹੀ ਅਤੇ ਅਸਵੀਕਾਰਨਯੋਗ ਹੈ।

ਇਹ ਖ਼ਬਰ ਵੀ ਪੜ੍ਹੋ : ਲੁਧਿਆਣਾ ’ਚ ਨੌਸਰਬਾਜ਼ਾਂ ਨੇ ਪਿਓ-ਪੁੱਤ ਤੋਂ ਲੁੱਟੇ 2 ਲੱਖ ਰੁਪਏ, ਹੈਰਾਨ ਕਰ ਦੇਵੇਗੀ ਘਟਨਾ

ਸੂਬਾ ਕਾਂਗਰਸ ਪ੍ਰਧਾਨ ਨੇ ਚਿਤਾਵਨੀ ਦਿੱਤੀ ਕਿ ‘ਆਪ’ ਇਕ ਖ਼ਤਰਨਾਕ ਵਰਤਾਰਾ ਪੈਦਾ ਕਰ ਰਹੀ ਹੈ ਅਤੇ ਜੇਕਰ ਇਸਨੂੰ ਇੱਥੇ ਤੇ ਹੁਣ ਨਾ ਰੋਕਿਆ ਗਿਆ ਤਾਂ ਇਸ ਦਾ ਕੋਈ ਅੰਤ ਨਹੀਂ ਹੋਵੇਗਾ। ਤੁਸੀਂ ਸਦਾ ਲਈ ਸੱਤਾ ’ਚ ਨਹੀਂ ਰਹਿਣ ਵਾਲੇ ਅਤੇ ਤੁਸੀਂ ਕਿਤੇ ਜਾਣ ਵਾਲੇ ਨਹੀਂ ਹੋ, ਤੁਹਾਨੂੰ ਇੱਥੇ ਨਤੀਜੇ ਭੁਗਤਣੇ ਪੈਣਗੇ। ਉਨ੍ਹਾਂ ਪੁਲਸ ਅਧਿਕਾਰੀਆਂ ਨੂੰ 'ਆਪ' ਸਰਕਾਰ ਦੇ ਹੁਕਮਾਂ ਦੀ ਅੰਨ੍ਹੇਵਾਹ ਪਾਲਣਾ ਨਾ ਕਰਨ ਦੀ ਚਿਤਾਵਨੀ ਦਿੱਤੀ। ਉਨ੍ਹਾਂ ਪੁਲਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੇ ਦਿਮਾਗ ਦੀ ਵਰਤੋਂ ਕਰਨ ਅਤੇ ਸਬੂਤਾਂ ਦੇ ਆਧਾਰ ’ਤੇ ਕਾਰਵਾਈ ਕਰਨ ਅਤੇ ਉਨ੍ਹਾਂ ਦੀਆਂ ਵਿਰੋਧੀ ਹਦਾਇਤਾਂ ਦੀ ਅੰਨ੍ਹੇਵਾਹ ਪਾਲਣਾ ਨਾ ਕਰਨ। ਹੋ ਸਕਦਾ ਹੈ ਕਿ ‘ਆਪ’ ਨੇ ਸਾਡੇ ਵਿਰੁੱਧ ਕੋਈ ਸਿਆਸੀ ਬਦਲਾਖੋਰੀ ਕਰਨੀ ਹੋਵੇ ਪਰ ਤੁਸੀਂ ਇਸ ’ਚ ਧਿਰ ਕਿਉਂ ਬਣ ਰਹੇ ਹੋ। ਵੜਿੰਗ ਨੇ ਕਿਹਾ ਕਿ ਕਾਂਗਰਸੀ ਆਗੂਆਂ ਖ਼ਿਲਾਫ਼ ਦੁਸ਼ਮਣੀ ਅਤੇ ਧੱਕੇਸ਼ਾਹੀ ਦੀ ਸਿਆਸਤ ਖਤਮ ਹੋਣੀ ਚਾਹੀਦੀ ਹੈ। ਅਸੀਂ ਪ੍ਰਦਰਸ਼ਨਾਂ ਨੂੰ ਸੜਕਾਂ ’ਤੇ ਲੈ ਕੇ ਜਾਵਾਂਗੇ ਅਤੇ ਹੋਰ ਬਰਦਾਸ਼ਤ ਨਹੀਂ ਕਰਾਂਗੇ। ਉਨ੍ਹਾਂ ਸਰਕਾਰ ਤੋਂ ਦੁਸ਼ਮਣੀ ਦੀ ਰਾਜਨੀਤੀ ਤਹਿਤ ਦਰਜ ਕੀਤੇ ਝੂਠੇ ਕੇਸਾਂ ’ਚ ਸਬੂਤ ਪੇਸ਼ ਕਰਨ ਲਈ ਕਿਹਾ।
 


author

Manoj

Content Editor

Related News