ਹਰਜੀਤ ਗਰੇਵਾਲ ਨੂੰ ਰਾਜਾ ਵੜਿੰਗ ਦਾ ਜਵਾਬ, ਕਹੀਆਂ ਇਹ ਗੱਲਾਂ

10/25/2022 7:42:48 PM

ਸ੍ਰੀ ਮੁਕਤਸਰ ਸਾਹਿਬ : ਰਾਜਾ ਵੜਿੰਗ ਵੱਲੋਂ ਰਾਹੁਲ ਗਾਂਧੀ ਦੀ ਗ੍ਰਿਫ਼ਤਾਰੀ ਦੀ ਸੰਭਾਵਨਾ ਵਾਲੇ ਬਿਆਨ 'ਤੇ ਸਿਆਸਤ ਜਾਰੀ ਹੈ। ਇਸ ਬਿਆਨ 'ਤੇ ਭਾਜਪਾ ਆਗੂ ਹਰਜੀਤ ਗਰੇਵਾਲ ਵੱਲੋਂ ਕਿਹਾ ਗਿਆ ਸੀ ਕਿ ਰਾਜਾ ਵੜਿੰਗ ਏਜੰਸੀਆਂ 'ਤੇ ਅਜਿਹੇ ਦੋਸ਼ ਲਗਾ ਕੇ ਲੋਕਤੰਤਰ ਦਾ ਅਪਮਾਨ ਕਰ ਰਹੇ ਹਨ। ਉਨ੍ਹਾਂ ਕਿਹਾ ਸੀ ਕਿ ਭਾਰਤ ਜੋੜੋ ਯਾਤਰਾ 'ਚ 2-4 ਹਜ਼ਾਰ ਲੋਕ ਹੀ ਆ ਰਹੇ ਹਨ ਤੇ ਭਾਜਪਾ ਨੂੰ ਇਸ ਤੋਂ ਕਿਸੇ ਕਿਸਮ ਦਾ ਖਤਰਾ ਨਹੀਂ ਹੈ। ਹੁਣ ਇਸ 'ਤੇ ਆਪਣਾ ਪ੍ਰਤੀਕਰਮ ਦਿੰਦਿਆਂ ਰਾਜਾ ਵੜਿੰਗ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਦੇ ਦੌਰ 'ਚ ਲੋਕ ਜਾਣਦੇ ਹਨ ਕਿ ਇਸ ਯਾਤਰਾ ਨੂੰ ਕਿੰਨਾ ਹੁੰਗਾਰਾ ਮਿਲ਼ ਰਿਹਾ ਹੈ। ਭਾਜਪਾ ਨਿਊਜ਼ ਚੈਨਲਾਂ ਰਾਹੀਂ ਭਾਵੇਂ ਇਸ ਸੱਚ ਨੂੰ ਸਾਹਮਣੇ ਨਾ ਆਉਣ ਦੇਵੇ ਪਰ ਲੋਕ ਇਸ ਤੋਂ ਚੰਗੀ ਤਰ੍ਹਾਂ ਜਾਣੂੰ ਹਨ।

ਇਹ ਖ਼ਬਰ ਵੀ ਪੜ੍ਹੋ - ਰਾਜਾ ਵੜਿੰਗ ਦਾ ਵੱਡਾ ਬਿਆਨ, ਰਾਹੁਲ ਗਾਂਧੀ ਨੂੰ ਜੇਲ੍ਹ ਭੇਜਣ ਦੇ ਮਨਸੂਬੇ ਬਣਾ ਰਹੀ ਭਾਜਪਾ

ਰਾਜਾ ਵੜਿੰਗ ਨੇ ਕਿਹਾ ਕਿ ਜਦੋਂ ਦੇਸ਼ ਅਜ਼ਾਦ ਹੋਇਆ ਸੀ ਤਾਂ ਇਹ ਬੜਾ ਸੋਹਣਾ ਮੁਲਕ ਸੀ, ਜਿੱਥੇ ਹਰ ਵਿਅਕਤੀ ਦੀ ਗੱਲ ਸੁਣੀ ਜਾਂਦੀ ਸੀ। ਲੋਕ ਹਿੰਦੋਸਤਾਨ ਦੇ ਲੋਕਤੰਤਰ ਦੀਆਂ ਮਿਸਾਲਾਂ ਦਿੰਦੇ ਸਨ ਪਰ ਅੱਜ ਲੋਕਤੰਤਰ ਨਾਂ ਦੀ ਕੋਈ ਚੀਜ਼ ਨਹੀਂ ਰਹਿ ਗਈ। ਇਸ ਲਈ ਰਾਹੁਲ ਗਾਂਧੀ ਵੱਲੋਂ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਭਾਰਤ ਜੋੜੋ ਯਾਤਰਾ ਕੀਤੀ ਜਾ ਰਹੀ ਹੈ। ਇਸ ਵਿਚ ਵੱਖ-ਵੱਖ ਧਰਮਾਂ ਦੇ ਲੋਕ ਜੁੜ ਰਹੇ ਹਨ। ਇਸ ਯਾਤਰਾ ਦਾ ਮਕਸਦ ਹੀ ਪਾਰਟੀਬਾਜ਼ੀ ਤੋਂ ਉੱਪਰ ਉਠ ਕੇ ਦੇਸ਼ ਨੂੰ ਇਕਜੁੱਟ ਕਰਨਾ ਹੈ। ਇਸ ਯਾਤਰਾ ਨੂੰ ਸਾਰੇ ਦੇਸ਼ 'ਚੋਂ ਬੇਮਿਸਾਲ ਹੁੰਗਾਰਾ ਮਿਲਿਆ ਹੈ। ਭਾਜਪਾ ਵੱਲੋਂ ਰਾਹੁਲ ਗਾਂਧੀ 'ਤੇ ਆਲਸੀ ਹੋਣ ਦੇ ਇਲਜ਼ਾਮ ਲਗਾਏ ਜਾਂਦੇ ਸੀ , ਪਰ ਅੱਜ ਰਾਹੁਲ ਗਾਂਧੀ ਪਿਛਲੇ ਇਕ ਮਹੀਨੇ ਤੋਂ ਰੋਜ਼ਾਨਾ ਸਵੇਰੇ 5 ਵਜੇ ਉਠ ਕੇ 3500-4000 ਕਿੱਲੋਮੀਟਰ ਦਾ ਸਫ਼ਰ ਕਰ ਰਹੇ ਹਨ।

ਇਸ ਯਾਤਰਾ 'ਚ ਲੋਕਾਂ ਦੀ ਭੀੜ ਵੇਖ ਕੇ ਭਾਜਪਾ ਦੇ ਮਨ 'ਚ ਡਰ ਪੈਦਾ ਹੋ ਗਿਆ ਹੈ ਅਤੇ ਇਸ ਨੂੰ ਰੋਕਣ ਦੇ ਤਰੀਕੇ ਲੱਭੇ ਜਾ ਰਹੇ ਹਨ। ਇਸ ਤਹਿਤ ਹੀ ਭਾਜਪਾ ਵੱਲੋਂ ਹਮੇਸ਼ਾ ਦੀ ਤਰ੍ਹਾਂ ਕੋਈ ਕਹਾਣੀ ਜਾਂ ਸਾਜ਼ਿਸ਼ ਰਚ ਕੇ ਇਸ ਯਾਤਰਾ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਕੋਈ ਵੀ ਸਾਜ਼ਿਸ਼ ਰਚੀ ਜਾ ਸਕਦੀ ਹੈ, ਪਰ ਕਾਂਗਰਸ ਨੂੰ ਅਜਿਹੀਆਂ ਚਾਲਾਂ ਦਾ ਕੋਈ ਡਰ ਨਹੀਂ ਹੈ ਕਿਉਂਕਿ ਕਾਂਗਰਸ ਜੇਲ੍ਹਾਂ 'ਚੋਂ ਨਿਕਲੀ ਹੋਈ ਪਾਰਟੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸੋਸ਼ਲ ਮੀਡੀਆ ਟੀਮ ਵੱਲੋਂ ਰਾਹੁਲ ਗਾਂਧੀ ਦੀ ਬਣਾਈ ਗਈ ਛਵੀ ਨੂੰ ਵੀ ਇਸ ਯਾਤਰਾ ਨੇ ਖ਼ਤਮ ਕਰ ਦਿੱਤਾ ਹੈ ਅਤੇ ਉਹ ਇਕ ਗੰਭੀਰ ਆਗੂ ਵਜੋਂ ਉੱਭਰੇ ਹਨ। 


Anuradha

Content Editor

Related News