ਸੜਕਾਂ ''ਤੇ ਮੀਂਹ ਦਾ ਪਾਣੀ, ਲੋਕ ਘਰਾਂ ''ਚ ''ਕੈਦ''
Sunday, Jun 10, 2018 - 04:29 AM (IST)
ਖਰੜ, (ਅਮਰਦੀਪ)– ਸ਼ਿਵਾਲਿਕ ਸਿਟੀ ਸੈਕਟਰ-127 ਖਰੜ-ਲਾਂਡਰਾਂ ਰੋਡ ਵਿਖੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਮੀਂਹ ਪੈਣ ਤੋਂ ਬਾਅਦ ਕਰਨਾ ਪੈਂਦਾ ਹੈ। ਭਾਵੇਂ ਕਿ ਸ਼ਿਵਾਲਿਕ ਸਿਟੀ ਡਿਵੈੱਲਪਰ ਗਰੁੱਪ ਵਲੋਂ ਹੁਣ ਇਕ ਸਾਲ ਦੇ ਵੱਧ ਸਮੇਂ ਤੋਂ ਉਕਤ ਟਾਊਨਸ਼ਿਪ ਕਾਲੋਨੀ ਨੂੰ ਮਿਊਂਸਪਲ ਕੌਂਸਲ ਅਧੀਨ ਦਿੱਤਾ ਚੁੱਕਾ ਹੈ ਪਰ ਕੌਂਸਲ ਨੇ ਵੀ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ, ਜਿਸ ਕਾਰਨ ਲੋਕਾਂ ਨੂੰ ਭਾਰੀ ਸਮੱਸਿਆ ਵਿਚੋਂ ਗੁਜ਼ਰਨਾ ਪੈਂਦਾ ਹੈ।
ਮੀਤ ਪ੍ਰਧਾਨ ਐਡਵੋਕੇਟ ਰਘਵੀਰ ਸਿੰਘ ਚਹਿਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕਾਲੋਨੀ ਦੇ ਮੁੱਖ ਮਾਰਗ 'ਤੇ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗੋਡੇ-ਗੋਡੇ ਪਾਣੀ ਕਈ-ਕਈ ਘੰਟੇ ਖੜ੍ਹਾ ਰਹਿੰਦਾ ਹੈ, ਜਿਸ ਕਾਰਨ ਵਸਨੀਕਾਂ ਦਾ ਲਾਂਘਾ ਬੰਦ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਉਕਤ ਸੜਕ ਸੈਂਟਰਲ ਰੋਡ ਤੋਂ ਬਹੁਤ ਨੀਵੀਂ ਹੈ, ਜਿਸ ਕਾਰਨ ਪਾਣੀ ਦਾ ਨਿਕਾਸ ਨਹੀਂ ਹੁੰਦਾ। ਇਸ ਸਬੰਧੀ ਇਲਾਕਾ ਕੌਂਸਲਰ ਤੇ ਕੌਂਸਲ ਅਧਿਕਾਰੀਆਂ ਦੇ ਧਿਆਨ ਵਿਚ ਕਈ ਵਾਰ ਲਿਆਂਦਾ ਹੈ ਪਰ ਉਨ੍ਹਾਂ ਦੇ ਕੰਨ 'ਤੇ ਜੂੰ ਨਹੀਂ ਸਰਕੀ।
ਇਸ ਸਬੰਧੀ ਸ਼ਿਵਾਲਿਕ ਸਿਟੀ ਡੈਮੋਕਰੇਟਿਕ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਡਾ. ਅੰਮ੍ਰਿਤਪਾਲ ਸਿੰਘ ਸੇਖੋਂ, ਉਪ ਪ੍ਰਧਾਨ ਆਰ. ਐੱਸ. ਚਹਿਲ, ਜਨਰਲ ਸਕੱਤਰ ਐੱਚ. ਐੱਸ. ਖੇਰਾ, ਅਟਲ ਸੈਣੀ ਜਨਰਲ ਸਕੱਤਰ, ਬਲਰਾਜ, ਬਲਦੇਵ ਸਿੰਘ ਐਡਵੋਕੇਟ, ਉਜਾਗਰ ਸਿੰਘ, ਕਮਲ ਸਿੱਧੂ, ਬਲਵਿੰਦਰ ਸਿੰਘ, ਗੁਲਜੀਤ ਸਿੰਘ, ਐੱਚ. ਐੱਸ. ਸੇਖੋਂ ਪ੍ਰਧਾਨ ਮਾਰਕੀਟ ਕਮੇਟੀ ਸ਼ਿਵਾਲਿਕ ਸਿਟੀ ਨੇ ਨਗਰ ਕੌਂਸਲ ਖਰੜ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਪਹਿਲ ਦੇ ਆਧਾਰ 'ਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੋਈ ਢੁਕਵੇਂ ਪ੍ਰਬੰਧ ਕੀਤੇ ਜਾਣ, ਤਾਂ ਜੋ ਬਰਸਾਤਾਂ ਦੇ ਦਿਨਾਂ ਵਿਚ ਲੋਕਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆ ਸਕੇ।
ਖਰੜ, (ਰਣਬੀਰ)-ਸ਼ਨੀਵਾਰ ਸਵੇਰੇ ਪਏ ਮੀਂਹ ਨੇ ਜਿਥੇ ਲੋਕਾਂ ਨੂੰ ਭਾਰੀ ਗਰਮੀ ਤੋਂ ਰਾਹਤ ਦਿੱਤੀ, ਉਥੇ ਹੀ ਇਹ ਮੀਂਹ ਕੁਝ ਥਾਵਾਂ 'ਤੇ ਆਪਣੇ ਨਾਲ ਭਾਰੀ ਮੁਸੀਬਤ ਵੀ ਲੈ ਕੇ ਆਇਆ। ਨਿਕਾਸੀ ਦੇ ਸਹੀ ਪ੍ਰਬੰਧ ਨਾ ਹੋਣ ਕਾਰਨ ਮੀਂਹ ਦਾ ਇਹ ਪਾਣੀ ਨੀਵੀਆਂ ਥਾਵਾਂ 'ਤੇ ਇਕੱਠਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅਜਿਹੇ ਹਾਲਾਤ ਪਿੰਡ ਝੰਜੇੜੀ ਵਿਖੇ ਵੀ ਵੇਖਣ ਨੂੰ ਮਿਲੇ।
ਪਿੰਡ ਦੇ ਵਸਨੀਕ ਭੁਪਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਵੀ ਮੀਂਹ ਆਉਂਦਾ ਹੈ ਤਾਂ ਬਰਸਾਤ ਦਾ ਪਾਣੀ ਕੋਈ ਨਿਕਾਸੀ ਨਾ ਹੋਣ ਕਾਰਨ ਕਈ-ਕਈ ਦਿਨ ਉਨ੍ਹਾਂ ਦੇ ਘਰਾਂ ਅੱਗੇ ਇਕੱਠਾ ਹੋ ਜਾਂਦਾ ਹੈ, ਜਿਸ ਕਾਰਨ ਉਹ ਆਪਣੇ ਘਰਾਂ 'ਚ ਕੈਦ ਹੋ ਕੇ ਰਹਿ ਜਾਂਦੇ ਹਨ। ਪਾਣੀ ਗਲੀਆਂ ਵਿਚ ਇਕੱਠਾ ਹੋਣ ਨਾਲ ਘਰਾਂ ਦੀਆਂ ਕੰਧਾਂ ਦਾ ਹਰ ਵੇਲੇ ਡਿਗਣ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਸਰਕਾਰ ਨੂੰ ਜਲਦੀ ਤੋਂ ਜਲਦੀ ਇਸ ਗਲੀ ਦੀ ਹਾਲਤ ਵੱਲ ਧਿਆਨ ਦੇਣ ਦੀ ਅਪੀਲ ਕੀਤੀ, ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀ ਤੋਂ ਛੁਟਕਾਰਾ ਮਿਲ ਸਕੇ।
