ਲੁਧਿਆਣਾ ''ਚ ''ਬਾਰਸ਼'' ਨੇ ਦਿੱਤੀ ਦਸਤਕ, ਠੰਡੀਆਂ ਹਵਾਵਾਂ ਨਾਲ ਵਧੀ ਠਾਰ
Monday, Dec 28, 2020 - 12:57 PM (IST)
ਲੁਧਿਆਣਾ (ਸਲੂਜਾ) : ਲੁਧਿਆਣਾ 'ਚ ਐਤਵਾਰ ਸਵੇਰ ਦਾ ਆਗਾਜ਼ ਸੰਘਣੇ ਕੋਹਰੇ ਨਾਲ ਹੋਇਆ। ਉਸ ਤੋਂ ਬਾਅਦ ਚੱਲੀ ਹਵਾ ਨਾਲ ਕੋਹਰਾ ਕੁਝ ਮਿੰਟਾਂ 'ਚ ਹੀ ਖਤਮ ਹੋ ਗਿਆ। ਸ਼ਾਮ ਤੱਕ ਚੱਲੀ ਹਵਾ ਨਾਲ ਠਾਰ ਇਕਦਮ ਵਧ ਗਈ। ਦੁਪਹਿਰ ਨੂੰ ਧੁੱਪ ਦਾ ਵੀ ਲੋਕਾਂ ਨੇ ਆਨੰਦ ਲਿਆ। ਗਰੀਬ ਅਤੇ ਮਜ਼ਦੂਰੀ ਕਰਨ ਵਾਲੇ ਲੋਕ ਸਰਦੀ ਤੋਂ ਬਚਣ ਲਈ ਸੜਕਾਂ ਕਿਨਾਰੇ ਅੱਗ ਬਾਲ ਕੇ ਬੈਠੇ ਨਜ਼ਰ ਆਏ।
ਫਿਰ ਸ਼ਾਮ ਦੇ ਸਮੇਂ ਮਹਾਨਗਰ ਅਤੇ ਨੇੜਲੇ ਇਲਾਕਿਆਂ 'ਚ ਬਾਰਸ਼ ਨੇ ਦਸਤਕ ਦਿੱਤੀ, ਜਿਸ ਦਾ ਦੌਰ ਰੁਕ-ਰੁਕ ਕੇ ਜਾਰੀ ਰਿਹਾ। ਬਾਰਸ਼ ਦੀ ਸ਼ੁਰੂਆਤ ਹੁੰਦੇ ਹੀ ਕਈ ਇਲਾਕਿਆਂ ਦੀ ਬਿਜਲੀ ਗੁੱਲ ਹੋ ਗਈ, ਜਿਸ ਨਾਲ ਸਬੰਧਿਤ ਇਲਾਕਾ ਵਾਸੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬੀਤੇ ਦਿਨ ਮਹਾਨਗਰ 'ਚ ਵੱਧ ਤੋਂ ਵੱਧ ਤਾਪਮਾਨ 17.4 ਡਿਗਰੀ ਅਤੇ ਘੱਟੋ-ਘੱਟ 5.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਮਹਿਕਮੇ ਦੀ ਇੰਚਾਰਜ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਆਉਣ ਵਾਲੇ 24 ਘੰਟਿਆਂ ਦੌਰਾਨ ਇਸੇ ਤਰ੍ਹਾਂ ਠੰਡੀਆਂ ਹਵਾਵਾਂ ਚੱਲਣ ਅਤੇ ਬਾਰਸ਼ ਹੋਣ ਦੀ ਸੰਭਾਵਨਾ ਹੈ। ਉਸ ਤੋਂ ਬਾਅਦ ਮੌਸਮ ਸਾਫ ਹੋ ਜਾਵੇਗਾ।