ਪੰਜਾਬ ''ਚ 13 ਸਾਲਾਂ ਬਾਅਦ ਲੱਗੀ ''ਪੋਹ ਦੀ ਝੜੀ'', ਰਾਹਤ ਦੇ ਆਸਾਰ ਨਹੀਂ (ਵੀਡੀਓ)
Tuesday, Jan 07, 2020 - 12:06 PM (IST)
ਲੁਧਿਆਣਾ (ਨਰਿੰਦਰ) : ਬੀਤੇ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਪੰਜਾਬ 'ਚ ਪਾਰਾ ਇਕ ਵਾਰ ਫਿਰ ਤੋਂ ਡਿਗਣਾ ਸ਼ੁਰੂ ਹੋ ਗਿਆ ਹੈ। ਐਤਵਾਰ ਰਾਤ ਤੋਂ ਸ਼ੁਰੂ ਹੋਈ ਹਲਕੀ ਬਾਰਸ਼ ਲਗਾਤਾਰ ਜਾਰੀ ਹੈ, ਜਿਸ ਨਾਲ ਤਾਪਮਾਨ 'ਚ ਹੋਰ ਵੀ ਗਿਰਾਵਟ ਆਉਣ ਦੇ ਆਸਾਰ ਹਨ। ਮੌਸਮ ਵਿਭਾਗ ਦੀ ਮੰਨੀਏ ਤਾਂ ਪੋਹ ਮਹੀਨੇ 'ਚ ਲੱਗੀ ਇਹ ਝੜੀ ਅਜੇ ਇਕ-ਦੋ ਦਿਨ ਇਸੇ ਤਰ੍ਹਾਂ ਰਹੇਗੀ। ਆਉਣ ਵਾਲੇ 24 ਘੰਟਿਆਂ 'ਚ ਪੰਜਾਬ ਦੇ ਨਾਲ-ਨਾਲ ਦਿੱਲੀ, ਅੰਬਾਲਾ ਤੇ ਉੱਤਰੀ ਭਾਰਤ ਦੇ ਕਈ ਹੋਰ ਇਲਾਕਿਆਂ 'ਚ ਕਿਣਮਿਣ ਹੁੰਦੀ ਰਹੇਗੀ, ਹਾਲਾਂਕਿ ਇਸ ਹਲਕੀ ਬਾਰਸ਼ ਨਾਲ ਰਾਤ ਦੇ ਤਾਪਮਾਨ 'ਚ ਵਾਧਾ ਹੋਇਆ ਹੈ ਅਤੇ ਕੋਹਰੇ ਤੋਂ ਰਾਹਤ ਮਿਲੀ ਹੈ।
ਇਸ ਹਲਕੀ ਬਾਰਸ਼ ਨਾਲ ਫਸਲਾਂ, ਖਾਸ ਕਰਕੇ ਕਣਕ ਦੀ ਫਸਲ ਨੂੰ ਕਾਫੀ ਲਾਭ ਮਿਲੇਗਾ। ਬਾਰਸ਼ ਨਾਲ ਜਿੱਥੇ ਕਣਕ ਨੂੰ ਬੀਮਾਰੀਆਂ ਤੋਂ ਰਾਹਤ ਮਿਲੇਗੀ, ਉੱਥੇ ਹੀ ਝਾੜ ਵੀ ਚੰਗਾ ਨਿਕਲਣ ਦੀ ਆਸ ਹੈ। ਪਹਾੜਾਂ 'ਤੇ ਵੀ ਰੁਕ-ਰੁਕ ਕੇ ਬਰਫਬਾਰੀ ਹੋ ਰਹੀ ਹੈ ਅਤੇ ਸ਼ਿਮਲਾ ਦੇ ਕਈ ਇਲਾਕਿਆਂ 'ਚ ਵੀ ਅੱਧਾ ਫੁੱਟ ਤੱਕ ਬਰਫਬਾਰੀ ਹੋਈ ਹੈ।