ਲੁਧਿਆਣਾ ''ਚ ਲਗਾਤਾਰ ਭਾਰੀ ਬਾਰਸ਼, ਤੋੜਿਆ ਕਈ ਸਾਲਾਂ ਦਾ ਰਿਕਾਰਡ
Thursday, Feb 07, 2019 - 06:28 PM (IST)

ਲੁਧਿਆਣਾ (ਨਰਿੰਦਰ) : ਪੰਜਾਬ ਦੇ ਕਈ ਇਲਾਕਿਆਂ 'ਚ ਪਿਛਲੇ 24 ਘੰਟਿਆਂ ਤੋਂ ਲਗਾਤਾਰ ਭਾਰੀ ਬਾਰਸ਼ ਹੋ ਰਹੀ ਹੈ। ਲੁਧਿਆਣਾ 'ਚ ਵੀ ਭਾਰੀ ਬਾਰਸ਼ ਦੇ ਨਾਲ ਗੜੇਮਾਰੀ ਹੋਈ ਹੈ, ਜਿਸ ਕਾਰਨ ਮੌਸਮ ਤਾਂ ਸੁਹਾਵਣਾ ਹੋ ਗਿਆ ਹੈ ਪਰ ਨਾਲ ਹੀ ਠੰਡ 'ਚ ਵੀ ਵਾਧਾ ਹੋ ਗਿਆ ਹੈ। ਪੰਜਾਬ ਦੇ ਮਹਾਂਨਗਰ ਲੁਧਿਆਣਾ 'ਚ ਇਸ ਵਾਰ ਰਿਕਾਰਡ ਤੋੜ ਬਾਰਸ਼ ਦਰਜ ਕੀਤੀ ਗਈ ਹੈ। ਦੱਸ ਦੇਈਏ ਕਿ ਫਰਵਰੀ ਮਹੀਨੇ ਦੇ ਪਹਿਲੇ ਹਫਤੇ 'ਚ ਹੋਈ ਬਰਸਾਤ ਨੇ ਸਾਲ 1970 ਦਾ ਰਿਕਾਰਡ ਤੋੜ ਦਿੱਤਾ ਹੈ।
ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਕਹਿਣ ਮੁਤਾਬਕ ਇਸ ਵਾਰ ਫਰਵਰੀ ਦੇ ਪਹਿਲੇ ਹਫਤੇ 43.4 ਮਿਲੀਲੀਟਰ ਬਰਸਾਤ ਹੋਈ ਹੈ, ਜਿਸ ਨੂੰ ਕਣਕ ਦੀ ਫਸਲ ਲਈ ਲਾਹੇਵੰਦ ਦੱਸਿਆ ਜਾ ਰਿਹਾ ਹੈ ਪਰ ਇਸ ਦੇ ਨਾਲ ਹੀ ਲਗਾਤਾਰ ਪੈ ਰਹੇ ਮੀਂਹ ਕਾਰਨ ਸ਼ਹਿਰ ਦੀਆਂ ਸੜਕਾਂ 'ਤੇ ਪਾਣੀ ਇਕੱਠਾ ਹੋਣਾ ਸ਼ੁਰੂ ਹੋ ਚੁੱਕਾ ਹੈ, ਜਿਸ ਕਾਰਨ ਦੋਪਹੀਆ ਵਾਹਨ ਚਾਲਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 4 ਘੰਟਿਆਂ 'ਚ ਬਾਰਸ਼ ਇਸੇ ਤਰ੍ਹਾਂ ਦੇਖੀ ਜਾ ਸਕਦੀ ਹੈ।