ਚੰਡੀਗੜ੍ਹ ''ਚ ਭਿਆਨਕ ''ਤੂਫਾਨ'' ਨੇ ਮਚਾਈ ''ਤਬਾਹੀ'', ਸੜਕਾਂ ''ਤੇ ਡਿਗੇ ਦਰੱਖਤ
Tuesday, Jun 04, 2019 - 11:44 AM (IST)

ਚੰਡੀਗੜ੍ਹ : ਸ਼ਹਿਰ 'ਚ ਬੀਤੀ ਰਾਤ ਕਰੀਬ 11 ਵਜੇ 65 ਤੋਂ 70 ਕਿਲੋਮੀਟਰ ਦੀ ਰਫਤਾਰ ਨਾਲ ਆਏ 'ਤੂਫਾਨ' ਨੇ 20 ਮਿੰਟਾਂ 'ਚ ਹੀ ਤਬਾਹੀ ਮਚਾ ਦਿੱਤੀ। ਇਸ ਤੂਫਾਨ ਦੌਰਾਨ ਸ਼ਹਿਰ ਦੀ ਅਜਿਹੀ ਕੋਈ ਸੜਕ ਨਹੀਂ ਬਚੀ, ਜਿੱਥੇ ਦਰੱਖਤ ਨਾ ਡਿਗੇ ਹੋਣ। ਅੱਧੀ ਰਾਤ ਨੂੰ ਸੁੱਤੇ ਪਏ ਲੋਕਾਂ ਦੀ ਨੀਂਦ ਭਿਆਨਕ ਤੁਫਾਨ ਨੇ ਉਡਾ ਦਿੱਤੀ।
ਲੋਹੇ ਦੀਆਂ ਚਾਦਰਾਂ, ਟੀਨਾਂ ਹਵਾ 'ਚ ਉੱਡੀਆਂ
ਚੰਡੀਗੜ੍ਹ ਦੇ ਸੈਕਟਰ-9, 17, 22, 24, 32 ਅਤੇ 26 'ਚ ਕਈ ਥਾਵਾਂ ਦੇ ਤੂਫਾਨ ਕਾਰਨ ਲੋਹੇ ਦੀਆਂ ਚਾਦਰਾਂ ਅਤੇ ਟੀਨਾਂ ਹਵਾ 'ਚ ਉੱਡ ਗਈਆਂ। ਸੜਕਾਂ ਕਿਨਾਰੇ ਦਰੱਖਤ ਟੁੱਟ ਗਏ। ਕਈ ਥਾਵਾਂ 'ਤੇ ਤਾਂ ਗੱਡੀਆਂ 'ਤੇ ਦਰੱਖਤ ਡਿਗ ਗਏ।
ਟ੍ਰਾਈਸਿਟੀ 'ਚ ਹੋਇਆ 'ਬਲੈਕਆਊਟ'
ਦੇਰ ਰਾਤ ਆਏ ਤੂਫਾਨ ਕਾਰਨ ਟ੍ਰਾਈਸਿਟੀ 'ਚ ਬਿਜਲੀ ਗੁੱਲ ਹੋਣ ਕਾਰਨ 'ਬਲੈਕਆਊਟ' ਹੋ ਗਿਆ, ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇੱਥੋਂ ਤੱਕ ਕਿ ਤੂਫਾਨ 'ਚ ਬਿਜਲੀ ਦੇ ਖੰਭੇ ਤੱਕ ਵੀ ਡਿਗ ਗਏ।
ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ
ਕਈ ਦਿਨਾਂ ਤੋਂ ਅੰਤਾਂ ਦੀ ਗਰਮੀ ਝੱਲ ਰਹੇ ਲੋਕਾਂ ਨੂੰ ਹਨ੍ਹੇਰੀ ਚੱਲਣ ਅਤੇ ਮੀਂਹ ਪੈਣ ਕਾਰਨ ਕੁਝ ਰਾਹਤ ਮਿਲੀ। ਦੱਸਣਯੋਗ ਹੈ ਕਿ ਬੀਤੇ ਗਈ ਦਿਨਾਂ ਤੋਂ ਸ਼ਹਿਰ 'ਚ ਲੂ ਦੇ ਨਾਲ-ਨਾਲ ਗਰਮ ਹਵਾਵਾਂ ਨੇ ਲੋਕਾਂ ਦਾ ਜਿਊਣਾ ਔਖਾ ਕੀਤਾ ਹੋਇਆ ਸੀ ਅਤੇ ਬੀਤੀ ਰਾਤ ਪਈ ਬਾਰਸ਼ ਕਾਰਨ ਤਾਪਮਾਨ 'ਚ ਗਿਰਾਵਟ ਆਈ, ਜਿਸ ਕਾਰਨ ਸ਼ਹਿਰ 'ਚ ਗਰਮੀ ਕੁਝ ਘੱਟ ਗਈ ਹੈ।