ਹੁਸ਼ਿਆਰਪੁਰ ਵਿਖੇ ਬਿਲਾਸਪੁਰ 'ਚ ਕਬਜ਼ਾ ਛੁਡਾਉਣ ਗਈ ਪੁਲਸ 'ਤੇ ਹੋਈ ਥੱਪੜਾਂ ਦੀ ਬਰਸਾਤ
Friday, May 13, 2022 - 12:32 PM (IST)
ਬਿਲਾਸਪੁਰ (ਵੈੱਬ ਡੈਸਕ, ਗੁਰਮੀਤ)- ਬਲਾਕ ਮਾਹਿਲਪੁਰ ਦੇ ਪਿੰਡ ਬਿਲਾਸਪੁਰ 'ਚ ਮਾਹੌਲ ਉਸ ਸਮੇਂ ਗਰਮਾ ਗਿਆ ਜਦੋਂ ਅਦਾਲਤੀ ਹੁਕਮਾਂ 'ਤੇ ਪੰਚਾਇਤੀ ਜ਼ਮੀਨ 'ਤੇ ਕਬਜਾ ਛੁਡਾਉਣ ਲਏ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਹਾਜ਼ਰੀ ਵਿਚ ਕਬਜ਼ਾਧਾਰੀਆਂ ਨੇ ਮਹਿਲਾ ਪੁਲਸ ਅਧਿਕਾਰੀ ਸਮੇਤ ਥਾਣੇਦਾਰਾਂ 'ਤੇ ਹਮਲਾ ਕਰਕੇ ਉਨ੍ਹਾਂ ਦੇ ਥੱਪੜਾਂ ਦੀ ਬਰਸਾਤ ਕਰ ਦਿੱਤੀ। ਮਾਮਲਾ ਉਸ ਸਮੇਂ ਅਜੀਬ ਹੋ ਗਿਆ ਜਦੋਂ ਕਬਜਾ ਛੁਡਾਉਣ ਤੋਂ ਬਾਅਦ ਆਪਣੇ 'ਤੇ ਹੋਏ ਹਮਲੇ ਲਈ ਬਿਆਨ ਲਿਖ਼ਵਾਉਣ ਲਈ ਚੱਬੇਵਾਲ ਪੁਲਸ ਨਾਇਬ ਤਹਿਸੀਲਦਾਰ, ਬੀ. ਡੀ. ਪੀ. ਓ. ਅਤੇ ਪਿੰਡ ਦੀ ਸਰਪੰਚ ਦੀਆਂ ਲੇਹੜੀਆਂ ਕੱਢਦੀ ਰਹੀ ਪਰ ਕਿਸੇ ਨੇ ਉਨ੍ਹਾਂ ਨੂੰ ਹੱਥ ਪੱਲਾ ਨਾ ਫ਼ੜਾਇਆ ਅਤੇ ਆਪਣੀਆਂ ਗੱਡੀਆਂ ਵਿਚ ਬੈਠ ਕੇ ਚੱਲਦੇ ਬਣੇ। ਪੁਲਸ ਦੇ ਤਿੰਨ ਥਾਣੇਦਾਰ ਆਪਣੇ ਉੱਚ ਅਧਿਕਾਰੀਆਂ ਅਤੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਨਾਲ ਸੰਪਰਕ ਕਰਦੇ ਹੋਏ ਵਾਪਸ ਚਲੇ ਗਏ। ਪੁਲਸ ਵਾਲਿਆਂ ਦੀ ਕੁੱਟ ਖ਼ਾ ਕੇ ਹੋਈ ਤਰਸਯੋਗ ਹਾਲਤ 'ਤੇ ਕੋਈ ਵੀ ਉਨ੍ਹਾਂ ਦਾ ਸਾਥ ਦੇਣ ਲਈ ਖ਼ੜ੍ਹਾ ਨਾ ਹੋਇਆ। ਹਾਲਾਂਕਿ ਸਾਰੇ ਉੱਚ ਅਧਿਕਾਰੀ ਪੁਲਸ ਦੀ ਕੁੱਟਮਾਰ ਮੰਨ ਰਹੇ ਸਨ ਪਰ ਕਥਿਤ ਦੋਸ਼ੀਆਂ ਵਿਰੁੱਧ ਕੋਈ ਵੀ ਬਿਆਨ ਲਿਖ਼ਵਾਉਣ ਨੂੰ ਤਿਆਰ ਨਾ ਹੋਇਆ।
ਇਹ ਵੀ ਪੜ੍ਹੋ: ਪੰਜਾਬ ਪੁਲਸ ਅਕੈਡਮੀ 'ਚ ਚੱਲ ਰਹੇ ਡਰੱਗ ਰੈਕੇਟ ਦੇ ਮਾਮਲੇ 'ਚ ਖੁੱਲ੍ਹਣ ਲੱਗੀਆਂ ਪਰਤਾਂ, ਨਿਸ਼ਾਨੇ 'ਤੇ 6 ਹੋਰ ਮੁਲਾਜ਼ਮ
ਦਰਅਸਲ ਬਿਲਾਸਪੁਰ ਵਿਖੇ ਘਰਾਂ ਦੇ ਨਾਲ ਲੱਗਦੀ ਬੰਦ ਕੀਤੀ ਗਲੀ ਨੂੰ ਖੋਲ੍ਹਣ ਗਏ ਪੁਲਸ ਮੁਲਾਜ਼ਮਾਂ ਨਾਲ ਹੱਥੋਪਾਈ ਕਰਨ ਦੇ ਦੋਸ਼ ਹੇਠ ਥਾਣਾ ਪੁਲਸ ਵੱਲੋਂ ਪਤੀ-ਪਤਨੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬਿਲਾਸਪੁਰ ਦੀ ਸਰਪੰਚ ਮਨਜੀਤ ਕੌਰ ਅਤੇ ਪੰਚਾਇਤ ਮੈਂਬਰਾਂ ਵੱਲੋਂ ਧਰਮਪਾਲ ਸਿੰਘ ਬੀ. ਡੀ. ਪੀ. ਓ. ਮਾਹਿਲਪੁਰ ਦੇ ਦਫ਼ਤਰ ਵਿਖੇ ਲਿਖਤੀ ਸ਼ਿਕਾਇਤ ਕੀਤੀ ਗਈ ਸੀ ਕਿ ਪਰਮਜੀਤ ਕੌਰ ਅਤੇ ਉਸ ਦੇ ਪਤੀ ਅਮਰਜੀਤ ਸਿੰਘ ਨੇ ਆਪਣੇ ਘਰ ਨਾਲ ਲੱਗਦੀ ਤਿੰਨ ਫੁੱਟ ਚੌੜੀ, 52 ਫੁੱਟ ਲੰਬੀ ਗਲੀ ਨੂੰ ਨਾਜਾਇਜ਼ ਤੌਰ ’ਤੇ ਕੰਧ ਬਣਾ ਕੇ ਬੰਦ ਕਰ ਦਿੱਤਾ ਹੈ।
ਇਸ ਦਰਖ਼ਾਸਤ ’ਤੇ ਕਾਰਵਾਈ ਕਰਦਿਆਂ ਬੀ. ਡੀ. ਪੀ. ਓ. ਮਾਹਿਲਪੁਰ ਅਤੇ ਥਾਣਾ ਚੱਬੇਵਾਲ ਦੀ ਪੁਲਸ ਮੌਕੇ ’ਤੇ ਜਾ ਕੇ ਕਾਰਵਾਈ ਕਰਦਿਆਂ ਬੰਦ ਗਲੀ ਦੀ ਕੰਧ ਨੂੰ ਤੋੜਨ ਲੱਗੇ ਤਾਂ ਪਰਮਜੀਤ ਕੌਰ ਅਤੇ ਉਸ ਦੇ ਪਤੀ ਅਮਰਜੀਤ ਸਿੰਘ ਨੇ ਵਿਰੋਧ ਕਰਦਿਆਂ ਥਾਣਾ ਚੱਬੇਵਾਲ ਦੇ ਆਏ ਪੁਲਸ ਕਰਮਚਾਰੀ ਏ. ਐੱਸ. ਆਈ. ਰਾਕੇਸ਼ ਕੁਮਾਰ, ਏ. ਐੱਸ. ਆਈ. ਤਜਿੰਦਰ ਸਿੰਘ, ਸਿਪਾਹੀ ਹਰਮਿੰਦਰ ਕਠਿਆਲ ਅਤੇ ਮਹਿਲਾ ਮੁਲਾਜ਼ਮ ਸੀਮਾ ਰਾਣੀ ਨਾਲ ਗਾਲ੍ਹੀ-ਗਲੋਚ ਅਤੇ ਹੱਥੋਪਾਈ ਹੁੰਦਿਆਂ ਇਕ ਮੁਲਾਜ਼ਮ ਦੀ ਵਰਦੀ ਦੀ ਕਮੀਜ਼ ਦੇ ਬਟਨ ਅਤੇ ਨੇਮ ਪਲੇਟ ਵੀ ਤੋੜ ਦਿੱਤੀ। ਥਾਣਾ ਚੱਬੇਵਾਲ ਦੀ ਪੁਲਸ ਨੇ ਦੋਸ਼ੀਆਂ ਖ਼ਿਲਾਫ਼ 186, 353, 323, 148 ਅਤੇ 506 ਆਈ. ਪੀ. ਸੀ. ਦੀ ਧਾਰਾ ਅਧੀਨ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਜਲੰਧਰ: ਦੋਵੇਂ ਹੱਥ ਬੰਨ੍ਹੇ ਲੋਹੇ ਦੀ ਗਰਿੱਲ ਨਾਲ ਲਟਕਦੀ ਮਿਲੀ ਪੁੱਤ ਦੀ ਲਾਸ਼, ਮਾਂ ਨੇ ਨੂੰਹ 'ਤੇ ਲਾਏ ਕਤਲ ਦੇ ਦੋਸ਼
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ