40 ਮਿ. ਮੀ. ਬਾਰਿਸ਼ ਨਾਲ ਮਹਾਨਗਰ ਜਲ-ਥਲ

Monday, Jun 18, 2018 - 03:09 AM (IST)

40 ਮਿ. ਮੀ. ਬਾਰਿਸ਼ ਨਾਲ ਮਹਾਨਗਰ ਜਲ-ਥਲ

ਲੁਧਿਆਣਾ,   (ਸਲੂਜਾ, ਮੁਕੇਸ਼)-  ਪਿਛਲੇ 24 ਘੰਟਿਆਂ ਦੌਰਾਨ ਹੋਈ 40 ਮਿਲੀਮੀਟਰ ਬਾਰਿਸ਼ ਨਾਲ ਮਹਾਨਗਰੀ ਜਲ-ਥਲ ਹੋ ਗਈ। ਮਿੱਟੀ-ਘੱਟਾ ਬਾਰਿਸ਼ ਵਿਚ ਇਕ ਤਰ੍ਹਾਂ ਨਾਲ ਧੋਤਾ ਗਿਆ ਅਤੇ ਮੌਸਮ ਦਾ ਮਿਜ਼ਾਜ ਸੁਹਾਵਣਾ ਹੋ ਗਿਆ। ਦੱਸ ਦੇਈਏ ਕਿ ਪਿਛਲੇ ਤਿੰਨ-ਚਾਰ ਦਿਨ ਇਨਸਾਨ ਤਾਂ ਕੀ ਪਸ਼ੂ ਪੰਛੀਆਂ ਲਈ ਕਿਸੇ ਆਫਤ ਤੋਂ ਘੱਟ ਨਹੀਂ ਸਨ। ਮੌਸਮ ਮਾਹਿਰ ਤੇ ਵਿਗਿਆਨੀ ਵੀ ਚਿੰਤਾ ਵਿਚ ਪੈ ਗਏ ਸਨ ਕਿ ਅੱਗੇ ਕੀ ਹੋਵੇਗਾ ਪਰ ਕੁਦਰਤ ਦੇ ਮਿਹਰਬਾਨ ਹੁੰਦਿਆਂ ਹੀ ਮੌਸਮ ਨੇ ਕਰਵਟ ਲੈ ਲਈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਵੱਧ ਤੋਂ ਵੱਧ ਤਾਪਮਾਨ ਦਾ ਪਾਰਾ 29.9 ਤੇ ਘੱਟੋ ਘੱਟੋ 21.3 ਡਿਗਰੀ ਸੈਲਸੀਅਸ ਰਿਹਾ। ਸਵੇਰੇ 8.30 ਵਜੇ ਤਕ 38 ਮਿਲੀਮੀਟਰ ਬਾਰਿਸ਼ ਤੇ ਉਸ ਦੇ ਬਾਅਦ 2 ਮਿਲੀਮੀਟਰ ਹੋਰ ਪਈ। ਮੌਸਮ ਮਾਹਿਰਾਂ ਨੇ ਆਉਣ ਵਾਲੇ 24 ਘੰਟਿਆਂ ਦੌਰਾਨ ਵੀ ਬਾਰਿਸ਼ ਹੋਣ ਦੀ ਸੰਭਾਵਨਾ ਪ੍ਰਗਟ ਕੀਤੀ ਹੈ। 

ਘਰਾਂ 'ਚ ਦਾਖਲ ਹੋਇਆ ਪਾਣੀ, ਲੋਕ ਪ੍ਰੇੇਸ਼ਾਨ
ਸ਼ਨੀਵਾਰ ਨੂੰ ਪਏ ਜ਼ੋਰਦਾਰ ਮੀਂਹ ਨਾਲ ਜਿੱਥੇ ਮੌਸਮ ਕੂਲ-ਕੂਲ ਹੋਣ ਕਾਰਨ ਲੋਕ ਨੂੰ ਗਰਮੀ ਤੋਂ ਰਾਹਤ ਮਿਲੀ, ਉਥੇ ਕਈ ਨੀਵੇਂ ਇਲਾਕਿਆਂ ਵਿਚ ਪਾਣੀ ਭਰਨ ਨਾਲ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। 
ਘਰਾਂ ਤੇ ਫੈਕਟਰੀਆਂ ਅੰਦਰ ਬਾਰਿਸ਼ ਦਾ ਪਾਣੀ ਭਰਨ ਤੋਂ ਇਲਾਵਾ ਸੜਕਾਂ ਨੇ ਤਲਾਬ/ਨਾਲਿਆਂ ਦਾ ਰੂਪ ਧਾਰ ਲਿਆ। ਚੰਡੀਗੜ੍ਹ ਰੋਡ 'ਤੇ ਕਈ ਸਾਲਾਂ ਤੋਂ ਸੀਵਰੇਜ ਦੀ ਸਮੱਸਿਆ ਚਲੀ ਆ ਰਹੀ ਹੈ, ਜਿਸ ਦਾ ਠੋਸ ਹੱਲ ਨਾ ਹੋਣ ਕਾਰਨ ਸੜਕਾਂ 'ਤੇ ਕਈ ਫੁੱਟ ਪਾਣੀ ਭਰ ਜਾਂਦਾ ਹੈ। ਇਲਾਕੇ ਦੇ ਲੋਕਾਂ ਨੇ ਕਿਹਾ ਕਿ ਤੇਜ਼ ਮੀਂਹ ਦੇ ਪਾਣੀ ਕਾਰਨ ਲੋਕਾਂ ਦੇ ਘਰਾਂ ਦੀਆਂ ਕੰਧਾਂ ਦੀਆਂ ਨੀਹਾਂ ਨਾਲ ਪਾਣੀ ਖੜ੍ਹਾ ਰਹਿਣ ਕਾਰਨ ਕੰਧਾਂ ਦੀਆਂ ਨੀਹਾਂ ਕਮਜ਼ੋਰ ਪੈ ਗਈਆਂ। ਤਰੇੜਾਂ ਵੀ ਪੈਣੀਆਂ ਸ਼ੁਰੂ ਹੋ ਗਈਆਂ ਹਨ। ਵਿਭਾਗ ਨੂੰ ਸਾਡੀ ਸਮੱਸਿਆ ਦਾ ਠੋਸ ਹੱਲ ਕਰਨਾ ਚਾਹੀਦਾ ਹੈ।


Related News