ਪੰਜਾਬ ਦੇ 10 ਜ਼ਿਲ੍ਹਿਆਂ ’ਚ ਅੱਜ ਬੱਦਲਵਾਈ ਤੇ ਮੀਂਹ ਦੀ ਸੰਭਾਵਨਾ
Tuesday, May 16, 2023 - 10:03 AM (IST)
ਲੁਧਿਆਣਾ (ਬਸਰਾ) : ਪਿਛਲੇ ਹਫ਼ਤੇ ਤਾਪਮਾਨ ’ਚ ਹੋਏ ਤੇਜ਼ ਵਾਧੇ ਤੋਂ ਬਾਅਦ ਇਸ ਹਫ਼ਤੇ ਪਾਰਾ ਘੱਟ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ ਅਗਲੇ 3 ਦਿਨਾਂ ਦਰਮਿਆਨ ਤੇਜ਼ ਹਵਾਵਾਂ, ਹਨ੍ਹੇਰੀ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਬੀਤੇ ਦਿਨ ਤਾਪਮਾਨ ’ਚ 0.5 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ ਔਸਤ ਨਾਲੋਂ 2.5 ਡਿਗਰੀ ਸੈਲਸੀਅਸ ਵੱਧ ਹੈ। ਸੂਬੇ ’ਚ ਸਭ ਤੋਂ ਵੱਧ ਤਾਪਮਾਨ ਸਮਰਾਲਾ (ਲੁਧਿਆਣਾ) ਦਾ 43.2 ਡਿਗਰੀ ਸੈਲਸੀਅਸ ਰਿਹਾ।
ਮੌਸਮ ਵਿਭਾਗ ਵਲੋਂ ਪੰਜਾਬ ਦੇ ਕੁੱਝ ਇਲਾਕਿਆਂ ਅਤੇ ਹਰਿਆਣਾ ’ਚ ਕਈ ਥਾਈਂ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਨੂੰ ਮੱਦੇਨਜ਼ਰ ਰੱਖਦੇ ਹੋਏ ਅਲਰਟ ਜਾਰੀ ਕੀਤਾ ਹੈ। ਅੱਜ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ ਆਦਿ ਜ਼ਿਲਿਆਂ ’ਚ ਬੱਦਲਵਾਈ ਰਹਿਣ ਅਤੇ ਗਰਜ, ਚਮਕ ਨਾਲ ਛਿੱਟੇ ਪੈਣ ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।