ਚੰਡੀਗੜ੍ਹ ''ਚ ਆਉਣ ਵਾਲੇ 3 ਦਿਨਾਂ ਦੌਰਾਨ ਪਵੇਗਾ ਮੀਂਹ, ਚੱਲਣਗੀਆਂ ਤੇਜ਼ ਹਵਾਵਾਂ
Monday, Feb 19, 2024 - 02:50 PM (IST)
ਚੰਡੀਗੜ੍ਹ (ਪਾਲ) : ਪਿਛਲੇ ਕੁੱਝ ਦਿਨਾਂ ਤੋਂ ਸ਼ਹਿਰ ਦੇ ਵੱਧ ਤੋਂ ਵੱਧ ਤਾਪਮਾਨ 'ਚ ਵਾਧਾ ਦੇਖਿਆ ਜਾ ਰਿਹਾ ਹੈ। ਅਚਾਨਕ ਮੌਸਮ ਦਿਨ ਵੇਲੇ ਗਰਮ ਅਤੇ ਰਾਤ ਨੂੰ ਠੰਡਾ ਹੁੰਦਾ ਹੈ ਪਰ ਮੌਸਮ 'ਚ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਚੰਡੀਗੜ੍ਹ ਮੌਸਮ ਕੇਂਦਰ ਅਨੁਸਾਰ ਅਗਲੇ ਤਿੰਨ ਦਿਨਾਂ ਤੱਕ ਸ਼ਹਿਰ 'ਚ ਮੀਂਹ ਪੈਣ ਦੀਆਂ ਚੰਗੀਆਂ ਸੰਭਾਵਨਾਵਾਂ ਹਨ। ਪੱਛਮੀ ਪੌਣਾਂ ਸਰਗਰਮ ਹੋ ਗਈਆਂ ਹਨ, ਜਿਸ ਕਾਰਨ ਦਿਨ ਦਾ ਤਾਪਮਾਨ ਵੱਧ ਗਿਆ ਹੈ। ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ ਨੂੰ ਗਰਜ ਅਤੇ ਮੀਂਹ ਪੈ ਸਕਦਾ ਹੈ। ਜੇਕਰ ਮੀਂਹ ਪੈਂਦਾ ਹੈ ਤਾਂ ਤਾਪਮਾਨ 'ਤੇ ਇਸ ਦਾ ਵੱਡਾ ਅਸਰ ਪਵੇਗਾ। ਇਸ ਦੇ ਨਾਲ ਹੀ ਕੇਂਦਰ ਅਨੁਸਾਰ ਆਉਣ ਵਾਲੇ ਦਿਨਾਂ ’ਚ 12 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਰਿਕਾਰਡ ਕੀਤੀਆਂ ਜਾ ਸਕਦੀਆਂ ਹਨ। ਸਥਿਤੀ ਨੂੰ ਦੇਖਦਿਆਂ ਸੋਮਵਾਰ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਤਾਪਮਾਨ ਦੀ ਗੱਲ ਕਰੀਏ ਤਾਂ ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 10.5 ਡਿਗਰੀ ਦਰਜ ਕੀਤਾ ਗਿਆ।
ਅੱਗੇ ਕੁੱਝ ਇਸ ਤਰ੍ਹਾਂ ਦਾ ਰਹੇਗਾ ਮੌਸਮ
ਸੋਮਵਾਰ ਨੂੰ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ, ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 13 ਡਿਗਰੀ ਰਹਿ ਸਕਦਾ ਹੈ।
ਮੰਗਲਵਾਰ ਨੂੰ ਵੀ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ, ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 13 ਡਿਗਰੀ ਰਹਿ ਸਕਦਾ ਹੈ।
ਬੁੱਧਵਾਰ ਨੂੰ ਵੀ ਮੀਂਹ ਪੈਣ ਦੀ ਸੰਭਾਵਨਾ ਹੈ, ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 12 ਡਿਗਰੀ ਰਹਿ ਸਕਦਾ ਹੈ।