ਮੀਂਹ ਤੇ ਠੰਡੀਆਂ ਹਵਾਵਾਂ ਨੇ ਕਰਵਾਇਆ ਦੁਬਾਰਾ ਠੰਡ ਦਾ ਅਹਿਸਾਸ

02/13/2018 7:33:11 AM

ਕਪੂਰਥਲਾ, (ਗੁਰਵਿੰਦਰ ਕੌਰ)- ਐਤਵਾਰ ਦੀ ਰਾਤ ਤੋਂ ਸੋਮਵਾਰ ਦੀ ਦੁਪਹਿਰ ਤਕ ਪਏ ਮੀਂਹ ਤੇ ਚੱਲੀਆਂ ਠੰਡੀਆਂ ਹਵਾਵਾਂ ਨੇ ਜਿਥੇ ਆਮ ਜਨ ਜੀਵਨ ਨੂੰ ਪ੍ਰਭਾਵਿਤ ਕੀਤਾ, ਉਥੇ ਹੀ ਲੋਕਾਂ ਨੂੰ ਦੁਬਾਰਾ ਠੰਡ ਦਾ ਅਹਿਸਾਸ ਕਰਵਾ ਦਿੱਤਾ। 
ਵਰਣਨਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਲੱਗ ਰਹੀਆਂ ਤੇਜ਼ ਧੁੱਪਾਂ ਦੇ ਕਾਰਨ ਜਿਥੇ ਲੱਗ ਰਿਹਾ ਸੀ ਕਿ ਜਿਥੇ ਗਰਮੀ ਦਾ ਮੌਸਮ ਬਹੁਤ ਜਲਦ ਹੀ ਆ ਜਾਵੇਗਾ ਪਰ  ਮੌਸਮ ਦੇ ਕਰਵਟ ਲੈਣ ਨਾਲ ਠੰਡ 'ਚ ਵਾਧਾ ਹੋ ਗਿਆ ਹੈ ਤੇ ਲੋਕ ਵੀ ਗਰਮ ਕੱਪੜੇ ਪਾਉਣ ਲਈ ਮਜਬੂਰ ਹੋ ਗਏ। 
PunjabKesari
ਇਸਦਾ ਅਸਰ ਬਾਜ਼ਾਰਾਂ 'ਤੇ ਵੀ ਦਿਖਾਈ ਦਿੱਤਾ ਹੈ। ਪਹਿਲਾਂ ਦੀ ਤਰ੍ਹਾਂ ਬਾਜ਼ਾਰਾਂ 'ਚ ਚਹਿਲ ਪਹਿਲ ਦੀ ਥਾਂ ਰੌਣਕਾਂ ਘੱਟ ਹੀ ਰਹੀਆਂ, ਇਕ ਦਿਨ ਪਏ ਤੇਜ਼ ਮੀਂਹ ਨੇ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਤੇ ਬਾਜ਼ਾਰਾਂ 'ਚ ਮੀਂਹ ਦਾ ਪਾਣੀ ਖੜਨ ਨਾਲ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਦੀਆਂ ਕੁਝ ਮਹੱਤਵਪੂਰਨ ਸੜਕਾਂ ਜੋ ਕਿ ਕਾਫੀ ਸਮੇਂ ਤੋਂ ਖਸਤਾ ਹਾਲਤ 'ਚ ਚੱਲ ਰਹੀਆਂ, ਜਿਨ੍ਹਾਂ ਦੀ ਹਾਲਤ ਅੱਜ ਮੀਂਹ ਪੈਣ ਨਾਲ ਹੋਰ ਬਦਤਰ ਹੋ ਗਈ ਹੈ। ਸ਼ਹਿਰ ਦੀ ਕਾਲਾ ਸੰਘਿਆਂ ਨੂੰ ਜਾਂਦੀ ਸੜਕ ਤੇ ਮਹਿਤਾਬਗੜ੍ਹ ਬਾਈਪਾਸ ਸੜਕ ਮੀਂਹ ਪੈਣ ਨਾਲ ਪੂਰੀ ਤਰ੍ਹਾਂ ਦਲ-ਦਲ 'ਚ ਤਬਦੀਲ ਹੋ ਗਈ ਹੈ, ਜਿਸ ਕਾਰਨ ਇਥੋਂ ਲੰਘਣ ਵਾਲੇ ਰਾਹਗੀਰਾਂ ਤੇ ਵਸਦੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਥੋਂ ਦੇ ਦੁਕਾਨਦਾਰਾਂ ਤੇ ਨਿਵਾਸੀਆਂ ਮੰਗ ਕਰਦਿਆਂ ਕਿਹਾ ਕਿ ਇਹ ਸੜਕਾਂ ਪਿਛਲੇ ਬਹੁਤ ਸਾਲਾਂ ਤੋਂ ਨਹੀਂ ਬਣੀਆਂ ਸਨ, ਜਿਨ੍ਹਾਂ ਨੂੰ ਜਲਦ ਬਣਾ ਕੇ ਉਨ੍ਹਾਂ ਨੂੰ ਰਾਹਤ ਦਿੱਤੀ ਜਾਵੇ। 
PunjabKesari
ਸੁਲਤਾਨਪੁਰ ਲੋਧੀ, (ਧੀਰ)-ਫੱਗਣ ਮਹੀਨੇ ਦੀ ਸੰਗਰਾਂਦ ਮੌਕੇ ਮੌਸਮ 'ਚ ਆਈ ਇਕ ਦਮ ਤਬਦੀਲੀ ਨੇ ਬਾਰਿਸ਼ ਤੇ ਤੇਜ਼ ਹਨੇਰੀ ਵਾਂਗ ਠੰਡੀਆਂ ਹਵਾਵਾਂ ਨੇ ਸਰਦ ਮੌਸਮ 'ਚ ਅਚਾਨਕ ਗਰਮਾਹਟ ਲਿਆ ਦਿੱਤੀ ਤੇ ਲੋਕਾਂ ਨੂੰ ਠੰਡ ਕਿਸਨੂੰ ਕਹਿੰਦੇ ਹਨ, ਉਸ ਦਾ ਅਹਿਸਾਸ ਕਰਵਾਇਆ। ਦੇਰ ਰਾਤ ਤੇ ਫਿਰ ਸਵੇਰੇ ਤੋਂ ਹੀ ਰੁਕ-ਰੁਕ ਕੇ ਪਈ ਬਾਰਿਸ਼ ਤੇ ਨਾਲ ਚੱਲੀਆਂ ਬਰਫਾਨੀ ਹਵਾਵਾਂ ਨੇ ਲੋਕਾਂ ਨੂੰ ਦੁਬਾਰਾ ਜੈਕਟਾਂ, ਸਵੈਟਰਾਂ, ਗਰਮ ਕੋਟੀਆਂ ਤੇ ਸ਼ਾਲ ਲੈਣ ਲਈ ਮਜਬੂਰ ਕਰ ਦਿੱਤਾ। ਸਰਦ ਮੌਸਮ 'ਚ ਪਏ ਇਸ ਬੇ-ਮੌਸਮੀ ਬਾਰਿਸ਼ ਨੇ ਜਿਥੇ ਕਈ ਦਿਨਾਂ ਤੋਂ ਚੱਲੇ ਆ ਰਹੇ ਗਰਮ ਮੌਸਮ 'ਚ ਦੁਬਾਰਾ ਸਰਦੀ ਦਾ ਅਹਿਸਾਸ ਕਰਵਾਇਆ। ਉਥੇ ਹੀ ਬਾਰਿਸ਼ ਕਾਰਨ ਲੋਕਾਂ ਨੂੰ ਕਈ ਪ੍ਰੇਸ਼ੀਆਂ ਦਾ ਸਾਹਮਣਾ ਕਰਨਾ ਪਿਆ। 
PunjabKesari
ਸਵੇਰੇ-ਸਵੇਰੇ ਬਾਰਿਸ਼ ਤੇਜ਼ ਹੋਣ 'ਤੇ ਠੰਡੀਆਂ ਹਵਾਵਾਂ ਕਾਰਨ ਸਕੂਲ ਦੇ ਸਮੇਂ ਬੱਚਿਆਂ ਨੂੰ ਪਹੁੰਚਣ 'ਚ ਕਾਫੀ ਪ੍ਰੇਸ਼ਾਨੀ ਪੇਸ਼ ਆਈ। ਦੋ ਪਹੀਆ ਵਾਹਨ ਵਾਲੇ ਰਾਹਗੀਰਾਂ ਨੇ ਤਾਂ ਬਾਰਿਸ਼ ਤੋਂ ਬਚਾਓ ਲਈ ਰੇਨ ਕਵਰ ਸੂਟ ਤੇ ਕਈਆਂ ਨੇ ਛੱਤਰੀ ਦਾ ਸਹਾਰਾ ਲਿਆ ਹੋਇਆ ਸੀ। ਉਥੇ ਹੀ ਕਾਰ ਤੇ ਹੋਰ ਵੱਡੇ ਵਾਹਨ ਵੀ ਹੈੱਡ ਲਾਈਟਾਂ ਜਗ੍ਹਾ ਕੇ ਵਾਈਪਰ ਚਲਾਉਂਦੇ ਹੋਏ ਹੌਲੀ-ਹੌਲੀ ਅੱਗੇ ਵੱਧ ਰਹੇ ਸਨ।
ਬੇ-ਮੌਸਮੀ ਬਾਰਿਸ਼ ਤੇ ਤੇਜ਼ ਹਵਾਵਾਂ ਨੇ ਕਿਸਾਨਾਂ ਦੇ ਚਿਹਰੇ 'ਤੇ ਚਿੰਤਾਵਾਂ ਦੀਆਂ ਲਕੀਰਾਂ ਖਿੱਚ ਦਿੱਤੀਆਂ ਹਨ। ਬਾਰਿਸ਼ ਨੂੰ ਜਿਥੇ ਹਾਲੇ ਕਣਕ ਦੀ ਫਸਲ ਵਾਸਤੇ ਜ਼ਿਆਦਾ ਨੁਕਸਾਨ ਨਹੀਂ ਦੱਸਿਆ ਜਾ ਰਿਹਾ ਹੈ ਪਰ ਇਨ੍ਹਾਂ ਦਿਨਾਂ 'ਚ ਕਿਸਾਨਾਂ ਵਲੋਂ ਆਲੂਆਂ ਦੀ ਫਸਲ ਦੀ ਪੁਟਾਈ ਸ਼ੁਰੂ ਕੀਤੀ ਜਾ ਚੁੱਕੀ ਹੈ ਪਹਿਲਾਂ ਹੀ ਆਲੂਆਂ ਦੀ ਫਸਲ ਦਾ ਕੋਈ ਮੁੱਲ ਨਾ ਮਿਲਣ ਕਾਰਨ ਜਿਥੇ ਕਿਸਾਨ ਫਸਲ ਨੂੰ ਵੇਚਣ ਲਈ ਵਪਾਰੀਆਂ ਦਾ ਇੰਤਜ਼ਾਰ ਕਰ ਰਹੇ ਸਨ ਤੇ ਹੁਣ ਉਲਟਾ ਬਾਰਿਸ਼ ਨੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਦਿੱਤਾ ਹੈ।ਖੇਤੀਬਾੜੀ ਵਿਭਾਗ ਦੇ ਮਾਹਿਰ ਡਾ. ਪਰਮਿੰਦਰ ਕੁਮਾਰ ਨੇ ਕਿਹਾ ਕਿ ਹਾਲਾਂ ਕਿ ਸਵੇਰ ਦੇ ਸਮੇਂ ਪਈ ਬਾਰਿਸ਼ ਨਾਲ ਕਣਕ ਦੀ ਫਸਲ ਨੂੰ ਕੋਈ ਨੁਕਸਾਨ ਨਹੀਂ ਹੈ ਪ੍ਰੰਤੂ ਜੇ ਤੇਜ਼ ਬਾਰਿਸ਼ ਹੋਰ ਹੋ ਜਾਂਦੀ ਹੈ ਤਾਂ ਇਹ ਕਣਕ ਦੀ ਫਸਲ ਲਈ ਵੀ ਨੁਕਸਾਨਦੇਹ ਹੋ ਸਕਦੀ ਹੈ। ਇਸ ਤੋਂ ਇਲਾਵਾ ਆਲੂਆਂ ਦੀ ਫਸਲ ਲਈ ਤਾਂ ਇਹ ਬਾਰਿਸ਼ ਬਹੁਤ ਹੀ ਨੁਕਸਾਨਦੇਹ ਹੈ।
PunjabKesari
ਸੁਲਤਾਨਪੁਰ ਲੋਧੀ, (ਅਸ਼ਵਨੀ)- ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ 'ਚ ਨਿਕਾਸੀ ਦੇ ਮਾੜੇ ਪ੍ਰਬੰਧਾਂ ਕਾਰਨ ਕਈ ਇਲਾਕਿਆਂ 'ਚ ਮੀਂਹ ਦਾ ਪਾਣੀ ਸੜਕਾਂ 'ਚ ਜਮ੍ਹਾ ਹੋ ਕੇ ਉਨ੍ਹਾਂ ਨੂੰ ਤੋੜਨ ਦਾ ਕਾਰਨ ਬਣ ਚੁੱਕਾ ਹੈ। ਹੁਣ ਇਹ ਸਵਾਲ ਪੈਦਾ ਹੁੰਦਾ ਹੈ ਕਿ ਪਿਛਲੀ ਸਰਕਾਰ ਵੱਲੋਂ ਵਿਕਾਸ ਵਾਸਤੇ ਖਰਚ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਦੇ ਬਾਅਦ ਨਿਕਾਸੀ ਦਾ ਬੁਰਾ ਹਾਲ ਕਿਉਂ ਹੈ। ਕਿÀੁਂਕਿ ਵਿਕਾਸ ਸਮੇਂ ਪਾਣੀ ਦੇ ਨਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।  ਸ਼ਹਿਰ ਤੇ ਇਸ ਦੇ ਆਸ ਪਾਸ ਦੇ ਖੇਤਰਾਂ 'ਚ ਹੋਈ ਭਾਰੀ ਬਾਰਿਸ਼ ਦਾ ਪਾਣੀ ਅੱਜ ਵੀ ਬੀ. ਐੱਸ. ਐੱਨ. ਐੱਲ. ਦਫ਼ਤਰ ਦੇ ਮੂਹਰੇ, ਲਾਰਡ ਕ੍ਰਿਸ਼ਨ ਇੰਦਰ ਨੈਸ਼ਨਲ ਸਕੂਲ ਮਾਰਗ ਦੇ ਸ਼ਹਿਰ ਦੇ ਹਿੱਸੇ 'ਚ ਖੜ੍ਹਾ ਹੋਇਆ ਨਜ਼ਰ ਆ ਰਿਹਾ ਸੀ। ਜਿਥੇ ਇਸ ਪਾਣੀ ਦੇ ਨਾਲ ਲੋਕਾਂ ਦਾ ਲੰਘਣਾ ਔਖਾ ਹੋਇਆ ਸੀ, ਉਥੇ ਇਸ ਪਾਣੀ ਦੇ ਕਾਰਨ ਸੜਕਾਂ ਨੂੰ ਭਾਰੀ ਨੁਕਸਾਨ ਪਹੁੰਚਣਾ ਲਾਜ਼ਮੀ ਹੈ। ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਾਣੀ ਦੀ ਨਿਕਾਸੀ ਵੱਲ ਜਲਦੀ ਧਿਆਨ ਦਿੱਤਾ ਜਾਵੇ।
 


Related News