10 ਐੱਮ. ਐੱਮ. ਮੀਂਹ ਨਾਲ ਸੀਵਰੇਜ ਸਿਸਟਮ ਹੋਇਆ ਠੱਪ

Wednesday, Jul 18, 2018 - 03:40 AM (IST)

10 ਐੱਮ. ਐੱਮ. ਮੀਂਹ ਨਾਲ ਸੀਵਰੇਜ ਸਿਸਟਮ ਹੋਇਆ ਠੱਪ

ਬਠਿੰਡਾ(ਸੁਖਵਿੰਦਰ)-ਹੁੰਮਸ ਭਰੇ ਮਾਹੌਲ ’ਚ ਉਂਝ ਤਾਂ ਬਠਿੰਡਾ ਵਾਸੀਆਂ ’ਤੇ ਬਾਰਿਸ਼ ਦੀਆਂ ਬੂੰਦਾਂ ਰਾਹਤ ਬਣ ਕੇ ਬਰਸੀਅਾਂ ਪਰ ਸ਼ਹਿਰ ਵਿਚ  ਪਿਆ  ਮੀਂਹ ਆਪਣੇ ਨਾਲ ਮੁਸੀਬਤ ਵੀ ਲੈ ਕੇ ਆਇਆ। ਮੰਗਲਵਾਰ ਸਵੇਰੇ  ਪਏ 10 ਐੱਮ. ਐੱਮ.  ਮੀਂਹ ਨਾਲ ਸ਼ਹਿਰ ਜਲ-ਥਲ ਹੋ ਗਿਆ, ਜਿਸ ਕਾਰਨ ਲੋਕਾਂ ਨੇ ਪਾਣੀ ’ਚ ਕਿਸ਼ਤੀਆਂ ਛੱਡ ਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਜ਼ਿਕਰਯੋਗ ਹੈ ਕਿ ਮਹਾਨਗਰ ਦੀ ਸੀਵਰੇਜ ਵਿਵਸਥਾ ਬਿਨਾਂ  ਮੀਂਹ ਦੇ ਬੇਹਾਲ ਸੀ ਤੇ ਹੁਣ  ਮੀਂਹ ਨੇ ਸੀਵਰੇਜ ਸਿਸਟਮ ਨੂੰ ਬਿਲਕੁਲ ਹੀ ਠੱਪ ਕਰ ਦਿੱਤਾ ਹੈ। ਇਸ ਕਾਰਨ ਜ਼ਿਆਦਾਤਰ ਇਲਾਕਿਆਂ ’ਚ ਸ਼ਾਮ ਤੱਕ ਪਾਣੀ ਦੀ ਨਿਕਾਸੀ ਨਹੀਂ ਹੋ ਸਕੀ।  ਮੀਂਹ ਕਾਰਨ ਪਾਵਰ ਹਾਊਸ ਰੋਡ, ਅਜੀਤ ਰੋਡ, ਸਿਵਲ ਲਾਈਨਜ਼, ਸਿਰਕੀ ਬਾਜ਼ਾਰ, ਗੋਨਿਆਣਾ ਰੋਡ, ਭੱਟੀ ਰੋਡ, ਪਰਸਰਾਮ ਨਗਰ ਤੇ ਹੋਰ ਹੇਠਲੇ ਥਾਵਾਂ ’ਤੇ ਪਾਣੀ ਭਰ ਗਿਆ, ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮਹਾਨਗਰ ਤੋਂ ਪਾਣੀ ਕੱਢਣ ਲਈ ਨਗਰ ਨਿਗਮ ਨੂੰ ਬਹੁਤ ਮੁਸ਼ੱਕਤ ਕਰਨੀ ਪਈ ਪਰ ਫਿਰ ਵੀ ਕਈ ਇਲਾਕਿਆਂ ’ਚੋਂ ਪਾਣੀ ਨਹੀਂ ਕੱਢਿਆ ਜਾ ਸਕਿਆ। ਲੋਕਾਂ ਨੇ ਕਿਹਾ ਕਿ ਹਰ ਸਾਲ ਆਗੂਅਾਂ ਤੇ ਅਧਿਕਾਰੀਆਂ ਵੱਲੋਂ ਇਲਾਕਿਆਂ ’ਚੋਂ ਪਾਣੀ ਦੀ ਨਿਕਾਸੀ ਲਈ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਜ਼ਮੀਨੀ ਪੱਧਰ ’ਤੇ ਕੋਈ ਕੰਮ ਨਹੀਂ ਕੀਤਾ ਜਾਂਦਾ। ਉਧਰ,  ਮੀਂਹ ਕਾਰਨ ਝੋਨਾ ਲਾਉਣ  ਵਾਲੇ ਕਿਸਾਨਾਂ ਨੂੰ ਲਾਭ ਹੋਇਆ ਹਾਲਾਂਕਿ ਕਈ ਗ੍ਰਾਮੀਣ ਇਲਾਕੇ  ਮੀਂਹ ਤੋਂ ਵਾਂਝੇ ਰਹੇ, ਇਸਦੇ ਬਾਵਜੂਦ ਕੁਝ ਇਲਾਕਿਆਂ ’ਚ  ਪਏ ਮੀਂਹ ਕਾਰਨ ਕਿਸਾਨਾਂ ਨੇ ਸੁੱਖ ਦਾ ਸਾਹ ਲਿਆ।
 ਲੋਕਾਂ ਨੇ ਕਿਸ਼ਤੀਆਂ ਛੱਡ ਕੇ ਕੀਤਾ ਵਿਰੋਧ
 ਪਰਸਰਾਮ ਨਗਰ ’ਚ ਸੰਘਰਸ਼ ਕਮੇਟੀ ਦੇ ਪ੍ਰਧਾਨ ਵਿਜੇ ਕੁਮਾਰ ਦੀ ਅਗਵਾਈ ’ਚ ਲੋਕਾਂ ਨੇ ਮੁੱਖ ਸਡ਼ਕ ’ਤੇ ਭਰੇ ਪਾਣੀ ਵਿਚ ਕਿਸ਼ਤੀਆਂ  ਛੱਡ ਕੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ। ਵਿਜੇ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬਠਿੰਡਾ ਨੂੰ ਡੁੱਬਣ ਤੋਂ ਬਚਾਉਣ ਲਈ ਕੋਈ ਕਦਮ ਨਹੀਂ ਚੁੱਕੇ। ਸਰਕਾਰ ਨੇ ਚਲ ਰਹੇ ਪ੍ਰੋਜੈਕਟਾਂ ਦੇ ਸਾਰੇ ਫੰਡ ਰੋਕ ਦਿੱਤੇ, ਜਿਸ ਕਾਰਨ ਕੋਈ ਕੰਮ ਨਹੀਂ ਹੋ ਸਕਿਆ ਤੇ ਬਠਿੰਡਾ ਫਿਰ  ਮੀਂਹ ਦੇ ਪਾਣੀ ’ਚ ਡੁੱਬ ਗਿਆ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਬਠਿੰਡਾ ਵਾਸੀਆਂ ਲਈ ਕੁਝ ਨਹੀਂ ਕਰ ਸਕੇ। ਦੂਜੇ ਪਾਸੇ ਕੁਝ ਕਾਂਗਰਸੀ ਕੌਂਸਲਰਾਂ ਨੇ ਦੱਸਿਆ ਕਿ ਵਿਜੇ ਕੁਮਾਰ ਡਰਾਮੇਬਾਜ਼ੀ ਕਰ ਰਹੇ ਹਨ। ਨਗਰ ਨਿਗਮ ’ਤੇ ਅਕਾਲੀ-ਭਾਜਪਾ ਕਾਬਿਜ਼ ਹੈ ਤੇ ਸ਼ਹਿਰ ’ਚੋਂ ਪਾਣੀ ਦੀ ਨਿਕਾਸੀ ਦੀ ਪੂਰੀ ਜ਼ਿੰਮੇਵਾਰੀ ਨਗਰ ਨਿਗਮ ਦੀ ਬਣਦੀ ਹੈ। ਅਜਿਹੇ ਵਿਚ ਜੇਕਰ ਵਿਜੇ ਕੁਮਾਰ ਨੇ ਪ੍ਰਦਰਸ਼ਨ ਕਰਨਾ ਹੈ ਤਾਂ ਪੰਜਾਬ ਸਰਕਾਰ ਖਿਲਾਫ ਨਾ ਕਰਕੇ ਨਗਰ ਨਿਗਮ ਖਿਲਾਫ ਕਰੇ। ਉਨ੍ਹਾਂ ਕਿਹਾ ਕਿ ਵਿਜੇ ਕੁਮਾਰ ਖੁਦ ਅਕਾਲੀ ਦਲ ਨਾਲ ਜੁਡ਼ੇ ਹੋਏ ਹਨ, ਜਿਸ ਕਾਰਨ ਉਹ ਕਾਂਗਰਸ ਸਰਕਾਰ ਨੂੰ ਬਦਨਾਮ ਕਰਨ ਲਈ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਦੇ ਹਨ। 


Related News