ਮੀਂਹ ਕਾਰਨ ਪਿੰਡ ਮੰਡੋੜ ’ਚ ਦੋ ਘਰਾਂ ਦੀਆਂ ਡਿੱਗੀਆਂ ਛੱਤਾਂ, ਕਈਆਂ ਨੂੰ ਪਈਆਂ ਤਰੇੜਾਂ
Friday, Sep 05, 2025 - 02:41 PM (IST)

ਨਾਭਾ (ਖੁਰਾਣਾ) : ਲਗਾਤਾਰ ਪੈ ਰਹੇ ਮੀਂਹ ਕਾਰਨ ਨਾਭਾ ਬਲਾਕ ਦੇ ਪਿੰਡ ਮੰਡੋੜ ਵਿਖੇ ਦੋ ਘਰਾਂ ਦੀ ਛੱਤਾਂ ਡਿੱਗ ਪਈਆਂ ਅਤੇ ਕਈ ਘਰਾਂ ’ਚ ਤਰੇੜਾਂ ਪੈ ਗਈਆਂ। ਸਾਰੇ ਹੀ ਪੀੜਤ ਪਰਿਵਾਰਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮਦਦ ਦੀ ਅਪੀਲ ਕੀਤੀ। ਇਸ ਮੌਕੇ ਔਰਤ ਰੀਟਾ ਰਾਣੀ ਨਵਦੀਪ ਸ਼ਰਮਾ ਨੇ ਕਿਹਾ ਕਿ ਸਾਡੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਮਾਤਾ ਹੀ ਸਾਡੀ ਪਰਵਰਿਸ਼ ਕਰਦੀ ਹੈ ਅਤੇ ਇਹ ਮਿਡ ਡੇ ਮੀਲ ’ਚ ਕੰਮ ਕਰਦੀ ਹੈ ਅਤੇ ਹੁਣ ਮੀਂਹ ਕਾਰਨ ਸਾਡੇ ਘਰ ਦੀ ਛੱਤ ਡਿੱਗ ਗਈ ਹੈ ਅਤੇ ਅਸੀਂ ਕਿੱਥੇ ਜਾਈਏ ਅਤੇ ਅਸੀਂ ਘਰ ਨਹੀਂ ਬਣਾ ਸਕਦੇ ਹਾਂ।
ਇਸ ਮੌਕੇ ਅਪਾਹਜ ਵਿਅਕਤੀ ਮੁਖਤਿਆਰ ਸਿੰਘ, ਬਜ਼ੁਰਗ ਮਾਤਾ ਨੇ ਕਿਹਾ ਕਿ ਸਾਡਾ ਘਰ ਬਹੁਤ ਕੱਚਾ ਹੈ ਅਤੇ ਜਦੋਂ ਮੀਂਹ ਪਿਆ ਤਾਂ ਘਰ ਬਿਲਕੁਲ ਢਹਿ ਢੇਰੀ ਹੋ ਗਿਆ। ਹੁਣ ਅਸੀਂ ਸਾਮਾਨ ਨੂੰ ਬਚਾਉਣ ਲਈ ਤਰਪਾਲ ਪਾਈ ਹੋਈ ਹੈ ਅਤੇ ਮੈਂ ਬਾਥਰੂਮ ’ਚ ਬੈਠ ਕੇ ਹੀ ਗੁਜ਼ਾਰਾ ਕਰ ਕਰਦੇ ਹਾਂ ਅਤੇ ਸਵੇਰ ਦੀ ਅਸੀਂ ਰੋਟੀ ਵੀ ਨਹੀਂ ਖਾਦੀ ਕਿਉਂਕਿ ਜੇਕਰ ਮੀਂਹ ਹਟੇਗਾ ਤਾਂ ਹੀ ਮੈਂ ਕੁਝ ਬਣਾਵਾਂਗੀ। ਅਸੀਂ ਸਰਕਾਰ ਤੋਂ ਮਾਲੀ ਮਦਦ ਦੀ ਮੰਗ ਕਰਦੇ ਹਾਂ।
ਇਸ ਮੌਕੇ ਪੀੜਤ ਸੋਨੀ ਨੇ ਕਿਹਾ ਕਿ ਮੀਂਹ ਕਾਰਨ ਸਾਡੇ ਘਰ ਦਾ ਨੁਕਸਾਨ ਹੋ ਗਿਆ, ਘਰ ’ਚ ਛੱਤ ਚੋਅ ਰਹੀ ਹੈ ਅਤੇ ਘਰ ’ਚ ਤਰੇੜਾਂ ਪੈ ਗਈਆਂ ਹਨ ਅਤੇ ਛੱਤ ਵੀ ਕਿਸੇ ਵੀ ਸਮੇਂ ਵੀ ਨੁਕਸਾਨੀਆਂ ਜਾ ਸਕਦੀਆਂ ਹਨ। ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਸਾਡੀ ਬਾਂਹ ਫੜ੍ਹੇ। ਇਸ ਮੌਕੇ ਪਿੰਡ ਵਾਸੀ ਪੰਚਾਇਤ ਮੈਂਬਰ ਮਨਜੀਤ ਸਿੰਘ ਨੇ ਕਿਹਾ ਕਿ ਪਿੰਡ ’ਚ ਮੀਂਹ ਕਾਰਨ ਦੋ ਘਰਾਂ ਦੀਆਂ ਛੱਤਾਂ ਡਿੱਗ ਪਈਆਂ, ਕਈ ਕਾਰਨ ਨੁਕਸਾਨੇ ਗਏ, ਉਨ੍ਹਾਂ ਦਾ ਗੁਜ਼ਾਰਾ ਬਹੁਤ ਹੀ ਮੁਸ਼ਕਲ ਨਾਲ ਪਹਿਲਾਂ ਹੀ ਚੱਲ ਰਿਹਾ ਸੀ ਅਤੇ ਪਿੰਡ ਵੱਲੋਂ ਵੀ ਅਸੀਂ ਮਦਦ ਕਰਾਂਗੇ ਪਰ ਸਰਕਾਰ ਵੀ ਉਨ੍ਹਾਂ ਦੀ ਬਾਂਹ ਫੜ੍ਹੇ।