ਦੇਸ਼ ਦਾ ਪਹਿਲਾ ਵਰਲਡ ਕਲਾਸ ਰੇਲਵੇ ਸਟੇਸ਼ਨ ਜਿੱਥੇ ਏ. ਟੀ. ਐੱਮ. ਦੀ ਸਹੂਲਤ ਹੀ ਨਹੀਂ

Friday, Dec 10, 2021 - 03:38 PM (IST)

ਦੇਸ਼ ਦਾ ਪਹਿਲਾ ਵਰਲਡ ਕਲਾਸ ਰੇਲਵੇ ਸਟੇਸ਼ਨ ਜਿੱਥੇ ਏ. ਟੀ. ਐੱਮ. ਦੀ ਸਹੂਲਤ ਹੀ ਨਹੀਂ

ਚੰਡੀਗੜ੍ਹ (ਲਲਨ) : ਸ਼ਹਿਰ ਦੇ ਹਰ ਸੈਕਟਰ ਅਤੇ ਬਾਜ਼ਾਰ ’ਚ ਏ. ਟੀ. ਐੱਮ. ਲੱਗੇ ਹੋਏ ਹਨ ਪਰ ਸ਼ਹਿਰ ’ਚ ਬਣੇ ਵਰਲਡ ਕਲਾਸ ਰੇਲਵੇ ਸਟੇਸ਼ਨ ’ਤੇ ਇਕ ਵੀ ਏ. ਟੀ. ਐੱਮ. ਨਹੀਂ ਲੱਗਾ ਹੈ। ਇਹ ਦੇਸ਼ ਦਾ ਪਹਿਲਾ ਵਰਲਡ ਕਲਾਸ ਰੇਲਵੇ ਸਟੇਸ਼ਨ ਹੈ, ਜਿੱਥੇ ਏ. ਟੀ. ਐੱਮ. ਤਕ ਨਹੀਂ ਹੈ। ਮੁਸਾਫਰਾਂ ਨੂੰ ਏ. ਟੀ. ਐੱਮ. ਵਿਚੋਂ ਪੈਸੇ ਕੱਢਵਾਉਣ ਲਈ 1 ਕਿ. ਮੀ. ਦੂਰ ਜਾਣਾ ਪੈਂਦਾ ਹੈ। ਉਂਝ ਵੀ ਇਹ ਇਲਾਕਾ ਰਾਤ ਨੂੰ ਕਾਫ਼ੀ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ।

ਰੈਵੇਨਿਊ ਵਧਾਉਣ ਕਾਰਨ ਕੋਈ ਵੀ ਬੈਂਕ ਏ. ਟੀ. ਐੱਮ. ਲਾਉਣ ਲਈ ਤਿਆਰ ਨਹੀਂ
ਜਾਣਕਾਰੀ ਅਨੁਸਾਰ ਕਈ ਬੈਂਕਾਂ ਨੇ ਏ. ਟੀ. ਐੱਮ. ਲਾਉਣ ਲਈ ਅੰਬਾਲਾ ਮੰਡਲ ’ਚ ਅਰਜ਼ੀਆਂ ਦਿੱਤੀਆਂ ਸਨ ਪਰ ਰੇਲਵੇ ਵੱਲੋਂ ਰੈਵੇਨਿਊ ਵਧਾਉਣ ਕਾਰਨ ਕੋਈ ਵੀ ਬੈਂਕ ਤਿਆਰ ਨਹੀਂ ਹੋ ਰਿਹਾ ਹੈ। ਇਸ ਦਾ ਖਮਿਆਜ਼ਾ ਮੁਸਾਫਰਾਂ ਨੂੰ ਭੁਗਤਣਾ ਪੈ ਰਿਹਾ ਹੈ। ਇਹੀ ਨਹੀਂ, ਰੇਲਵੇ ਦੀਆਂ ਕਈ ਕੈਸ਼ਲੈੱਸ ਸਹੂਲਤਾਂ ਵੀ ਸਿਰੇ ਨਹੀਂ ਚੜ੍ਹ ਸਕੀਆਂ ਹਨ। ਮੁਸਾਫਰਾਂ ਨੂੰ ਖੁੱਲ੍ਹੇ ਪੈਸੇ ਲੈਣ ਲਈ ਇੱਧਰ-ਉੱਧਰ ਭਟਕਣਾ ਪੈਂਦਾ ਹੈ। ਇਸਦੀ ਸ਼ਿਕਾਇਤ ਵੀ ਮੁਸਾਫਰਾਂ ਵੱਲੋਂ ਮੰਡਲ ਨੂੰ ਕੀਤੀ ਜਾ ਚੁੱਕੀ ਹੈ ਪਰ ਰੇਲਵੇ ਵਿਭਾਗ ਵੱਲੋਂ ਇਸ ਸਬੰਧੀ ਵੀ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ।

ਰੇਲਵੇ ਸਟੇਸ਼ਨ ’ਤੇ ਬਣੇ 3 ਏ. ਟੀ. ਐੱਮ. ਬੰਦ
ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਏ. ਟੀ. ਐੱਮ. ਲਾਉਣ ਸਬੰਧੀ ਅੰਬਾਲਾ ਮੰਡਲ ਦੇ ਅਧਿਕਾਰੀਆਂ ਅਤੇ ਬੈਂਕ ਦੇ ਮੈਨੇਜਰਾਂ ਨਾਲ ਕਈ ਵਾਰ ਮੀਟਿੰਗ ਹੋ ਚੁੱਕੀ ਹੈ ਪਰ ਕੋਈ ਹੱਲ ਨਹੀਂ ਨਿਕਲ ਸਕਿਆ। ਜਾਣਕਾਰੀ ਅਨੁਸਾਰ ਬੈਂਕ ਅਧਿਕਾਰੀਆਂ ਵੱਲੋਂ ਕਿਰਾਏ ਨੂੰ ਘੱਟ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਵਿਭਾਗ ਕਿਰਾਇਆ ਘੱਟ ਕਰਨ ਲਈ ਤਿਆਰ ਨਹੀਂ ਹੈ। ਬੈਂਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸਹੂਲਤ ਮੁਸਾਫਰਾਂ ਨੂੰ ਉਪਲੱਬਧ ਕਰਵਾਈ ਜਾ ਰਹੀ ਹੈ। ਇਸ ਲਈ ਬੈਂਕ ਨੂੰ ਸਕਿਓਰਿਟੀ ਗਾਰਡ ਵੀ ਰੱਖਣੇ ਪੈਣਗੇ। ਅਜਿਹੇ ਵਿਚ ਕਿਰਾਇਆ 15 ਹਜ਼ਾਰ ਤੋਂ ਘਟਾ ਕੇ 10 ਹਜ਼ਾਰ ਤੋਂ ਘੱਟ ਕਰਨ ਦੀ ਗੱਲ ਕਰ ਰਹੇ ਹਨ। ਇਸ ਸਬੰਧੀ ਨਾ ਹੀ ਬੈਂਕ ਅਧਿਕਾਰੀ ਹੀ ਤਿਆਰ ਹੋ ਰਹੇ ਹਨ , ਰੇਲਵੇ ਵੀ ਝੁਕਣ ਲਈ ਤਿਆਰ ਨਹੀਂ ਹੈ। ਇਸ ਨਾਲ ਨੁਕਸਾਨ ਮੁਸਾਫਰਾਂ ਦਾ ਹੋ ਰਿਹਾ ਹੈ।

ਰੇਲਵੇ ਦੀ ਸਵੈਪ ਮਸ਼ੀਨ ਦਾ ਪ੍ਰਪੋਜ਼ਲ ਵੀ ਫੇਲ੍ਹ
ਨੋਟਬੰਦੀ ਤੋਂ ਬਾਅਦ ਰੇਲਵੇ ਵੱਲੋਂ ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਕੈਸ਼ਲੈੱਸ ਬਣਾਉਣ ਦਾ ਵੀ ਐਲਾਨ ਕੀਤਾ ਗਿਆ ਸੀ ਪਰ ਨੋਟਬੰਦੀ ਨੂੰ ਹੋਇਆਂ 2 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਪਰ ਇਸਤੋਂ ਬਾਅਦ ਵੀ ਰੇਲਵੇ ਸਟੇਸ਼ਨ ਹੁਣ ਤਕ ਕੈਸ਼ਲੈੱਸ ਨਹੀਂ ਹੋ ਸਕਿਆ। ਅਧਿਕਾਰੀਆਂ ਦਾ ਦਾਅਵਾ ਹੈ ਕਿ ਚੰਡੀਗੜ੍ਹ ਰੇਲਵੇ ਸਟੇਸ਼ਨ ਪੂਰੀ ਤਰ੍ਹਾਂ ਕੈਸ਼ਲੈੱਸ ਹੈ ਪਰ ਸੱਚਾਈ ਇਸਦੇ ਉਲਟ ਹੈ। ਵਿਭਾਗ ਨੇ ਸਵੈਪ ਮਸ਼ੀਨਾਂ ਖਰੀਦਣ ਦਾ ਦਾਅਵਾ ਕੀਤਾ ਸੀ ਪਰ ਅੱਜ ਵੀ ਰੇਲਵੇ ਸਟੇਸ਼ਨ ’ਤੇ ਟਿਕਟ ਖਰੀਦਣ ਤੋਂ ਬਾਅਦ ਮੁਸਾਫਰਾਂ ਨੂੰ ਕੈਸ਼ ਹੀ ਦੇਣਾ ਪੈਂਦਾ ਹੈ। ਭਾਵੇਂ ਉਹ ਪਾਰਸਲ ਹੋਵੇ ਜਾਂ ਰਿਜ਼ਰਵੇਸ਼ਨ ਜਾਂ ਅਣਰਿਜ਼ਰਵ ਟਿਕਟ, ਹਰ ਜਗ੍ਹਾ ਕੈਸ਼ ਹੀ ਦੇਣਾ ਪੈਂਦਾ ਹੈ।

ਬੂਥ ਦਾ ਕਿਰਾਇਆ ਜ਼ਿਆਦਾ
ਸੂਤਰਾਂ ਅਨੁਸਾਰ ਜਿੱਥੇ ਰੇਲਵੇ ਵੱਲੋਂ ਮੁਸਾਫਰਾਂ ਨੂੰ ਬਿਹਤਰ ਸਹੂਲਤ ਉਪਲੱਬਧ ਕਰਵਾਉਣ ਦਾ ਦਾਅਵਾ ਕੀਤਾ ਜਾਂਦਾ ਰਿਹਾ ਹੈ ਪਰ ਬੈਂਕਾਂ ਵੱਲੋਂ ਰੇਲਵੇ ਵਿਭਾਗ ਤੋਂ ਕਿਰਾਏ ਵਜੋਂ ਜ਼ਿਆਦਾ ਰਾਸ਼ੀ ਮੰਗੀ ਜਾਂਦੀ ਹੈ। ਕੋਈ ਵੀ ਬੈਂਕ ਏ. ਟੀ. ਐੱਮ. ਓਪਨ ਕਰਨ ਸਬੰਧੀ ਸੋਚ ਨਹੀਂ ਰਿਹਾ ਹੈ।

ਰੇਲਵੇ ਸਟੇਸ਼ਨ ’ਤੇ ਏ. ਟੀ. ਐੱਮ. ਲਾਉਣ ਸਬੰਧੀ ਬੈਂਕਾਂ ਨਾਲ ਗੱਲਬਾਤ ਚੱਲ ਰਹੀ ਹੈ। ਉਮੀਦ ਹੈ ਕਿ ਛੇਤੀ ਹੀ ਮੁਸਾਫਰਾਂ ਨੂੰ ਇਹ ਸਹੂਲਤ ਵੀ ਮਿਲਣੀ ਸ਼ੁਰੂ ਹੋ ਜਾਵੇਗੀ। -ਗੁਰਿੰਦਰ ਮੋਹਨ ਸਿੰਘ, ਡੀ. ਆਰ. ਐੱਮ. ਅੰਬਾਲਾ ਮੰਡਲ


author

Anuradha

Content Editor

Related News