ਰੇਲਵੇ ਯਾਤਰੀਆਂ ਲਈ ਖੋਲ੍ਹਿਆ ਵੇਟਿੰਗ ਹਾਲ, ਹੁਣ ਗਰਮੀ ਨਾਲ ਨਹੀਂ ਹੋਣਗੇ ਬੇਹਾਲ
Friday, Jun 05, 2020 - 07:36 AM (IST)
ਜਲੰਧਰ, (ਗੁਲਸ਼ਨ)– ਸਿਟੀ ਰੇਲਵੇ ਸਟੇਸ਼ਨ ’ਤੇ ਆਉਣ ਵਾਲੇ ਯਾਤਰੀਆਂ ਨੂੰ ਹੁਣ ਬਾਹਰ ਕੜਕ ਦੀ ਧੁੱਪ ਵਿਚ ਖੜ੍ਹੇ ਨਹੀਂ ਹੋਣਾ ਪਵੇਗਾ ਕਿਉਂਕਿ ਜਦੋਂ ਰੇਲਵੇ ਨੇ ਯਾਤਰੀਆਂ ਦੀ ਸੁਵਿਧਾ ਲਈ ਰਿਜ਼ਰਵੇਸ਼ਨ ਕੇਂਦਰ ਦੇ ਸਾਹਮਣੇ ਸਥਿਤ ਵੇਟਿੰਗ ਹਾਲ ਖੋਲ੍ਹ ਦਿੱਤਾ ਹੈ।
ਵੇਟਿੰਗ ਹਾਲ ਵਿਚ ਲੱਗੇ ਬੈਂਚਾਂ ਉਪਰ ਸੋਸ਼ਲ ਡਿਸਟੈਂਸਿੰਗ ਬਣਾ ਕੇ ਰੱਖਣ ਲਈ ਲਾਲ ਰੰਗ ਦੇ ਨਿਸ਼ਾਨ ਲਾਏ ਗਏ ਹਨ। ਯਾਤਰੀਆਂ ਦੀ ਥਰਮਲ ਸਕ੍ਰੀਨਿੰਗ ਵੀ ਹੁਣ ਸਟੇਸ਼ਨ ਦੇ ਅੰਦਰ ਹੀ ਹੋਵੇਗੀ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲੰਬੇ ਸਮੇਂ ਤੱਕ ਰੇਲ ਆਵਾਜਾਈ ਬੰਦ ਰਹੀ ਪਰ ਹੁਣ ਹੌਲੀ-ਹੌਲੀ ਜ਼ਿੰਦਗੀ ਨੂੰ ਪਟੜੀ 'ਤੇ ਲਿਆਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।
ਰੇਲ ਆਵਾਜਾਈ ਮੁੜ ਸ਼ੁਰੂ ਹੋਣ ਨਾਲ ਸਫਰ ਕਰਨ ਵਾਲਿਆਂ ਨੂੰ ਹੋਰ ਵੀ ਧਿਆਨ ਰੱਖਣ ਦੀ ਜ਼ਰੂਰਤ ਹੈ ਤਾਂ ਕਿ ਇਸ ਮਹਾਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਅਜੇ ਕੋਰੋਨਾ ਵਾਇਰਸ ਦਾ ਖਤਰਾ ਟਲਿਆ ਨਹੀਂ ਹੈ, ਇਸ ਲਈ ਲੋਕਾਂ ਨੂੰ ਮਾਸਕ ਲਗਾ ਕੇ ਰੱਖਣ ਤੇ ਸਮਾਜਕ ਦੂਰੀ ਬਣਾਈ ਰੱਖਣ ਲਈ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ।