ਰੇਲਵੇ ਲਾਈਨ ਦਾ ਹੇਠਲਾ ਹਿੱਸਾ ਧਸਿਆ, ਆਵਾਜਾਈ ਰੋਕੀ

Monday, Jun 11, 2018 - 05:28 AM (IST)

ਕੁਰਾਲੀ,   (ਬਠਲਾ)-  ਗੋਸਾਈਂਆਣਾ ਨੇੜੇ ਬਣ ਰਹੇ ਰੇਲਵੇ ਅੰਡਰਬ੍ਰਿਜ ਨੇੜੇ ਰੇਲਵੇ ਟਰੈਕ ਦੀ ਇਕ ਲਾਈਨ ਹੇਠਲਾ ਮਿੱਟੀ ਵਾਲਾ ਹਿੱਸਾ ਧਸ ਗਿਆ। ਰੇਲਵੇ ਵਿਭਾਗ ਦੀ ਚੌਕਸੀ ਕਾਰਨ ਰੇਲਵੇ ਲਾਈਨ 'ਤੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ।
ਸ਼ਹਿਰ ਦੀ ਅਨਾਜ ਮੰਡੀ ਨੂੰ ਜੋੜਨ ਵਾਲੀ ਰੇਲਵੇ ਰੋਡ 'ਤੇ ਬਣ ਰਹੇ ਰੇਲਵੇ ਅੰਡਰਬ੍ਰਿਜ ਦੇ ਨਿਰਮਾਣ ਲਈ ਕੁਝ ਅਰਸਾ ਪਹਿਲਾਂ ਰੇਵਲੇ ਵਲੋਂ ਧਰਤੀ ਦੀ ਖੋਦਾਈ ਕੀਤੀ ਗਈ ਸੀ। ਅੰਡਰਬ੍ਰਿਜ ਬਣਾਉਣ ਲਈ ਕੀਤੀ ਖੋਦਾਈ ਤੋਂ ਬਾਅਦ ਸੀਮਿੰਟ ਦੀਆਂ ਤਿਆਰ ਕੀਤੀਆਂ ਸਲੈਬਾਂ ਫਿੱਟ ਕਰਨ ਉਪਰੰਤ ਕੀਤੀ ਪੁਟਾਈ ਦੇ ਬਾਕੀ ਬਚਦੇ ਹਿੱਸੇ ਵਿਚ ਮਿੱਟੀ ਦਾ ਭਰਤ ਪਾਇਆ ਗਿਆ ਸੀ ਪਰ ਇਸਦੇ ਬਾਵਜੂਦ ਸ਼ਹਿਰ ਵਿਚਲੀਆਂ ਤਿੰਨ ਰੇਲਵੇ ਲਾਈਨਾਂ ਵਿਚੋਂ ਇਕ ਲਾਈਨ ਦੇ ਥੱਲੇ ਪਾਈ ਮਿੱਟੀ ਧਸ ਗਈ ਤੇ ਰੇਲਵੇ ਲਾਈਨ ਹਵਾ ਵਿਚ ਖੜ੍ਹੀ ਰਹਿ ਗਈ। ਜਾਣਕਾਰੀ ਅਨੁਸਾਰ ਇਸ ਨਿਰਮਾਣ ਅਧੀਨ ਪੁਲ ਦੇ ਨੇੜੇ ਬਾਰਿਸ਼ ਦਾ ਪਾਣੀ ਇਕੱਠਾ ਹੋਣ ਕਾਰਨ ਇਹ ਮਿੱਟੀ ਧਸੀ ਹੈ। 
  ਰੇਲਵੇ ਲਾਈਨ ਦੇ ਹੇਠੋਂ ਮਿੱਟੀ ਖਿਸਕਣ ਕਾਰਨ ਕੋਈ ਗੰਭੀਰ ਹਾਦਸਾ ਵਾਪਰਨ ਤੋਂ ਪਹਿਲਾਂ ਹੀ ਚੌਕਸ ਹੋਏ ਰੇਲਵੇ ਵਿਭਾਗ ਨੇ ਇਸ ਸਬੰਧੀ ਰੂਪਨਗਰ ਤੇ ਮੋਰਿੰਡਾ ਸਟੇਸ਼ਨਾਂ ਦੇ ਅਧਿਕਾਰੀਆਂ ਨੂੰ ਸੂਚਿਤ ਕਰਨ ਤੋਂ ਇਲਾਵਾ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ। 
ਇਸੇ ਦੌਰਾਨ ਮਿੱਟੀ ਧਸਣ ਕਾਰਨ ਨੁਕਸਾਨੇ ਟਰੈਕ 'ਤੇ ਆਵਾਜਾਈ ਰੋਕ ਦਿੱਤੀ ਗਈ। ਰੇਲਵੇ ਵਲੋਂ ਕਈ ਘੰਟਿਆਂ ਦੀ ਜੱਦੋ-ਜਹਿਦ ਮਗਰੋਂ ਟਰੈਕ ਥੱਲੇ ਦੁਬਾਰਾ ਮਿੱਟੀ ਪਾ ਕੇ ਤੋੜੇ ਲਾਏ ਗਏ, ਤਾਂ ਜੋ ਮੁੜ ਮਿੱਟੀ ਨਾ ਖੁਰ ਸਕੇ ਤੇ ਟਰੈਕ ਦਾ ਹੋਰ ਹਿੱਸਾ ਨਾ ਧਸੇ। 
ਇਸ ਸਬੰਧੀ ਅੰਡਰਬ੍ਰਿਜ ਨਿਰਮਾਣ ਕਰ ਰਹੀ ਕੰਪਨੀ ਦੇ ਅਧਿਕਾਰੀ ਓਂਕਾਰ ਸਿੰਘ ਨੇ ਕਿਹਾ ਕਿ ਮਿੱਟੀ ਧਸਣ ਸਬੰਧੀ ਪਤਾ ਲੱਗਣ 'ਤੇ ਤੁਰੰਤ ਮੌਕਾ ਸੰਭਾਲ ਲਿਆ ਗਿਆ। ਇਸੇ ਦੌਰਾਨ ਸਥਾਨਕ ਸਟੇਸ਼ਨ ਮਾਸਟਰ ਮਨੋਜ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਉਨ੍ਹਾਂ ਨੇ ਲੋੜੀਂਦੇ ਪ੍ਰਬੰਧ ਕਰ ਲਏ ਸਨ, ਤਾਂ ਜੋ ਕਿਸੇ ਕਿਸਮ ਦਾ ਹਾਦਸਾ ਨਾ ਵਾਪਰੇ। 
ਉਨ੍ਹਾਂ ਕਿਹਾ ਕਿ ਅਜਿਹੇ ਹਾਦਸਿਆਂ ਦੇ ਮੱਦੇਨਜ਼ਰ ਹੀ ਵਿਭਾਗ ਵਲੋਂ ਨਵੇਂ ਬਣਨ ਵਾਲੇ ਅੰਡਰਬ੍ਰਿਜਾਂ 'ਤੇ ਵਿਸ਼ੇਸ਼ ਕਰਕੇ ਕਰਮਚਾਰੀ ਤਾਇਨਾਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਇਸ ਮਨੋਰਥ ਲਈ ਤਾਇਨਾਤ ਕਰਮਚਾਰੀ ਦੀ ਚੌਕਸੀ ਕਾਰਨ ਹੀ ਗੰਭੀਰ ਹਾਦਸਾ ਹੋਣ ਤੋਂ ਟਲ ਗਿਆ।


Related News