ਰੇਲ ਮੰਡਲ ਨੇ ਟਿਕਟ ਚੈਕਿੰਗ ਰਾਹੀਂ ਵਸੂਲਿਆ 2.49 ਕਰੋੜ ਰੁਪਏ ਦਾ ਜੁਰਮਾਨਾ
Monday, Feb 12, 2024 - 03:37 PM (IST)
ਜੈਤੋ (ਰਘੂਨੰਦਨ ਪਰਾਸ਼ਰ) : ਉੱਤਰੀ ਰੇਲਵੇ ਦੇ ਫਿਰੋਜ਼ਪੁਰ ਰੇਲ ਮੰਡਲ ਦੇ ਡੀ. ਆਰ. ਐੱਮ. ਸੰਜੇ ਸਾਹੂ ਨੇ ਸੋਮਵਾਰ ਨੂੰ ਦੱਸਿਆ ਕਿ ਫਿਰੋਜ਼ਪੁਰ ਮੰਡਲ ਦੀ ਟਿਕਟ ਚੈਕਿੰਗ ਟੀਮ ਵੱਲੋਂ ਰੇਲ ਗੱਡੀਆਂ 'ਚ ਅਣ-ਅਧਿਕਾਰਤ ਤੌਰ 'ਤੇ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਰੋਕਣ ਲਈ ਲਗਾਤਾਰ ਟਿਕਟਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਰੇਲ ਗੱਡੀਆਂ 'ਚ ਮੰਡਲ ਦੇ ਟਿਕਟ ਚੈਕਿੰਗ ਸਟਾਫ਼ ਅਤੇ ਮੁੱਖ ਟਿਕਟ ਇੰਸਪੈਕਟਰਾਂ ਵੱਲੋਂ ਜਨਵਰੀ, 2024 ਦੌਰਾਨ ਰੇਲ ਗੱਡੀਆਂ ਦੀ ਚੈਕਿੰਗ ਦੌਰਾਨ ਕੁੱਲ 28,140 ਯਾਤਰੀ ਬਿਨਾਂ ਟਿਕਟ ਜਾਂ ਬੇਨਿਯਮੀ ਨਾਲ ਸਫ਼ਰ ਕਰਦੇ ਪਾਏ ਗਏ ਅਤੇ ਉਨ੍ਹਾਂ ਤੋਂ ਜੁਰਮਾਨੇ ਵਜੋਂ ਕਰੀਬ 2.49 ਕਰੋੜ ਰੁਪਏ ਦੀ ਵਸੂਲੀ ਕੀਤੀ ਗਈ। ਫ਼ਿਰੋਜ਼ਪੁਰ ਮੰਡਲ ਨੇ ਜਨਵਰੀ, 2024 ਦੌਰਾਨ ਟਿਕਟ ਚੈਕਿੰਗ ਰਾਹੀਂ 2.49 ਕਰੋੜ ਰੁਪਏ ਦੀ ਕਮਾਈ ਕੀਤੀ, ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਨਾਲੋਂ 25 ਫ਼ੀਸਦੀ ਵੱਧ ਹੈ।
ਮੰਡਲ ਦੇ ਰੇਲਵੇ ਸਟੇਸ਼ਨਾਂ ਨੂੰ ਸਾਫ਼-ਸੁਥਰਾ ਰੱਖਣ ਅਤੇ ਆਮ ਲੋਕਾਂ ਨੂੰ ਸਟੇਸ਼ਨਾਂ 'ਤੇ ਕੂੜਾ ਸੁੱਟਣ ਤੋਂ ਰੋਕਣ ਅਤੇ ਸਫ਼ਾਈ ਪ੍ਰਤੀ ਜਾਗਰੂਕ ਕਰਨ ਲਈ ਮੰਡਲ ਦੇ ਮੁੱਖ ਸਟੇਸ਼ਨਾਂ 'ਤੇ ਨਿਯਮਤ ਤੌਰ 'ਤੇ ਚੈਕਿੰਗ ਕੀਤੀ ਜਾਂਦੀ ਹੈ। ਇਸ ਦੇ ਨਤੀਜੇ ਵਜੋਂ ਜਨਵਰੀ ਮਹੀਨੇ ਦੌਰਾਨ 478 ਯਾਤਰੀਆਂ ਨੂੰ ਸਟੇਸ਼ਨ ਦੀ ਚਾਰਦੀਵਾਰੀ ਵਿੱਚ ਕੂੜਾ ਸੁੱਟਣ ਕਾਰਨ 74 ਹਜ਼ਾਰ ਰੁਪਏ ਤੋਂ ਵੱਧ ਦਾ ਜੁਰਮਾਨਾ ਕੀਤਾ ਗਿਆ। ਮੰਡਲ ਰੇਲਵੇ ਮੈਨੇਜਰ ਸੰਜੇ ਸਾਹੂ ਨੇ ਦੱਸਿਆ ਕਿ ਫ਼ਿਰੋਜ਼ਪੁਰ ਮੰਡਲ ਵਿੱਚ ਟਿਕਟ ਚੈਕਿੰਗ ਮੁਹਿੰਮ ਜਾਰੀ ਰਹੇਗੀ। ਟਿਕਟ ਚੈਕਿੰਗ ਦਾ ਮੁੱਖ ਮਕਸਦ ਰੇਲਵੇ ਟਿਕਟਾਂ ਦੀ ਵਿਕਰੀ 'ਚ ਸੁਧਾਰ ਕਰਨਾ ਅਤੇ ਬਿਨਾਂ ਟਿਕਟ ਸਫ਼ਰ ਕਰਨ ਵਾਲੇ ਯਾਤਰੀਆਂ ਤੋਂ ਜੁਰਮਾਨਾ ਵਸੂਲਣਾ ਹੈ ਤਾਂ ਜੋ ਭਵਿੱਖ 'ਚ ਉਹ ਸਹੀ ਟਿਕਟਾਂ ਨਾਲ ਹੀ ਸਫ਼ਰ ਕਰ ਸਕਣ। ਮੰਡਲ ਰੇਲਵੇ ਮੈਨੇਜਰ ਨੇ ਸਾਰੇ ਟਿਕਟ ਚੈਕਿੰਗ ਸਟਾਫ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦੇ ਸਾਂਝੇ ਯਤਨਾਂ ਅਤੇ ਸਖ਼ਤ ਮਿਹਨਤ ਸਦਕਾ ਸੰਭਵ ਹੋਇਆ ਹੈ।