ਨਵੰਬਰ ਮਹੀਨੇ ’ਚ ਰੇਲਵੇ ਵਿਭਾਗ ਨੇ ਟਿਕਟ ਚੈਕਿੰਗ ਵਲੋਂ 4.45 ਕਰੋੜ ਰੁਪਏ ਦਾ ਜੁਰਮਾਨਾ ਵਸੂਲਿਆ
Friday, Dec 08, 2023 - 06:05 PM (IST)
ਫਿਰੋਜ਼ਪੁਰ (ਕੁਮਾਰ) : ਰੇਲ ਗੱਡੀਆਂ ’ਚ ਅਣਅਧਿਕਾਰਤ ਤੌਰ ’ਤੇ ਸਫ਼ਰ ਕਰਨ ਵਾਲੇ ਯਾਤਰੀਆਂ ਦੇ ਇਸ ਰੁਝਾਨ ਨੂੰ ਰੋਕਣ ਲਈ ਫਿਰੋਜ਼ਪੁਰ ਡਵੀਜ਼ਨ ਦੀ ਟਿਕਟ ਚੈਕਿੰਗ ਟੀਮ ਵੱਲੋਂ ਰੇਲ ਗੱਡੀਆਂ ਵਿਚ ਲਗਾਤਾਰ ਟਿਕਟਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਡਵੀਜ਼ਨ ਦੇ ਟਿਕਟ ਚੈਕਿੰਗ ਸਟਾਫ਼ ਅਤੇ ਮੁੱਖ ਟਿਕਟ ਇੰਸਪੈਕਟਰਾਂ ਵੱਲੋਂ ਨਵੰਬਰ 2023 ਦੌਰਾਨ ਰੇਲ ਗੱਡੀਆਂ ਵਿਚ ਟਿਕਟਾਂ ਦੀ ਚੈਕਿੰਗ ਦੌਰਾਨ ਕੁੱਲ 43501 ਯਾਤਰੀ ਬਿਨਾਂ ਟਿਕਟ ਅਤੇ ਅਨਿਯਮਿਤ ਤੌਰ ’ਤੇ ਯਾਤਰਾ ਕਰਦੇ ਪਾਏ ਗਏ। ਉਨ੍ਹਾਂ ਤੋਂ ਜੁਰਮਾਨੇ ਵਜੋਂ ਲਗਭਗ 4.45 ਕਰੋੜ ਰੁਪਏ ਦੀ ਮਾਲੀਆ ਵਸੂਲਿਆ ਗਿਆ, ਜੋ ਪਿਛਲੇ ਸਾਲ ਦੇ ਮੁਕਾਬਲੇ 48 ਫੀਸਦੀ ਵੱਧ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਆਰ. ਐੱਮ ਫਿਰੋਜ਼ਪੁਰ ਸੰਜੇ ਸਾਹੂ ਨੇ ਦੱਸਿਆ ਕਿ ਮੁੱਖ ਦਫ਼ਤਰ ਵੱਲੋਂ ਨਵੰਬਰ ਮਹੀਨੇ ਦੌਰਾਨ ਫਿਰੋਜ਼ਪੁਰ ਡਵੀਜ਼ਨ ਨੂੰ ਟਿਕਟਾਂ ਦੀ ਚੈਕਿੰਗ ਰਾਹੀਂ ਮਾਲੀਆ ਵਸੂਲ ਕਰਨ ਦਾ 4 ਕਰੋੜ ਦਾ ਟੀਚਾ ਦਿੱਤਾ ਗਿਆ ਸੀ। ਨਵੰਬਰ ਮਹੀਨੇ ਦੌਰਾਨ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਦੇ ਚੱਲਦਿਆਂ ਰੇਲ ਆਵਾਜਾਈ ਪ੍ਰਭਾਵਿਤ ਹੋਈ। ਇਸ ਦੇ ਬਾਵਜੂਦ ਡਿਵੀਜ਼ਨ ਦੇ ਟਿਕਟ ਚੈਕਿੰਗ ਸਟਾਫ ਵੱਲੋਂ ਮਿੱਥੇ ਟੀਚੇ ਨਾਲੋਂ 11 ਫੀਸਦੀ ਵੱਧ ਮਾਲੀਆ ਵਸੂਲਿਆ ਗਿਆ। ਨਵੰਬਰ ਮਹੀਨੇ ਦੌਰਾਨ ਸਭ ਤੋਂ ਵੱਧ ਮਾਲੀਆ ਵਸੂਲ ਕਰਨ ਵਾਲੇ 10 ਟਿਕਟ ਚੈਕਿੰਗ ਸਟਾਫ਼ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਡਵੀਜ਼ਨ ਦੇ ਰੇਲਵੇ ਸਟੇਸ਼ਨਾਂ ਨੂੰ ਸਾਫ਼ ਸੁਥਰਾ ਰੱਖਣ ਅਤੇ ਆਮ ਲੋਕਾਂ ਨੂੰ ਸਟੇਸ਼ਨਾਂ ’ਤੇ ਕੂੜਾ ਸੁੱਟਣ ਤੋਂ ਰੋਕਣ ਅਤੇ ਸਫ਼ਾਈ ਪ੍ਰਤੀ ਜਾਗਰੂਕ ਕਰਨ ਲਈ ਡਵੀਜ਼ਨ ਦੇ ਮੁੱਖ ਸਟੇਸ਼ਨਾਂ ’ਤੇ ਲਗਾਤਾਰ ਚੈਕਿੰਗ ਕੀਤੀ ਜਾਂਦੀ ਹੈ। ਇਸ ਦੇ ਨਤੀਜੇ ਵਜੋਂ ਨਵੰਬਰ ਮਹੀਨੇ ਦੌਰਾਨ 445 ਯਾਤਰੀਆਂ ਨੂੰ ਸਟੇਸ਼ਨ ਕੰਪਲੈਕਸ ਕੂੜਾ ਸੁੱਟਣ ਕਾਰਨ (ਐਂਟੀ ਲਿਟਰਿੰਗ ਐਕਟ ਤਹਿਤ) ਉਨ੍ਹਾ ਤੋਂ 60 ਹਜ਼ਾਰ ਰੁਪਏ ਤੋਂ ਵੱਧ ਦੀ ਵਸੂਲੀ ਕੀਤੀ ਗਈ। ਡਿਵੀਜ਼ਨਲ ਰੇਲਵੇ ਮੈਨੇਜਰ ਸੰਜੇ ਸਾਹੂ ਨੇ ਦੱਸਿਆ ਕਿ ਫਿਰੋਜ਼ਪੁਰ ਡਵੀਜ਼ਨ ਵਿਚ ਟਿਕਟ ਚੈਕਿੰਗ ਮੁਹਿੰਮ ਜਾਰੀ ਰਹੇਗੀ। ਟਿਕਟ ਚੈਕਿੰਗ ਦਾ ਮੁੱਖ ਉਦੇਸ਼ ਰੇਲਵੇ ਟਿਕਟਾਂ ਦੀ ਵਿਕਰੀ ਵਿਚ ਸੁਧਾਰ ਕਰਨਾ ਅਤੇ ਬਿਨਾਂ ਟਿਕਟ ਸਫ਼ਰ ਕਰਨ ਵਾਲੇ ਯਾਤਰੀਆਂ ਤੋਂ ਜੁਰਮਾਨਾ ਵਸੂਲਣਾ ਹੈ ਤਾਂ ਜੋ ਭਵਿੱਖ ਵਿਚ ਉਹ ਸਹੀ ਟਿਕਟਾਂ ਨਾਲ ਹੀ ਸਫ਼ਰ ਕਰ ਸਕਣ। ਡਵੀਜ਼ਨਲ ਰੇਲਵੇ ਮੈਨੇਜਰ ਨੇ ਸਾਰੇ ਟਿਕਟ ਚੈਕਿੰਗ ਸਟਾਫ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦੇ ਸਾਂਝੇ ਯਤਨਾਂ ਅਤੇ ਸਖ਼ਤ ਮਿਹਨਤ ਸਦਕਾ ਸੰਭਵ ਹੋਇਆ ਹੈ।