ਰੇਲ ''ਚ ਸਫਰ ਕਰਨ ਵਾਲਿਆਂ ਜ਼ਰੂਰੀ ਖਬਰ, ਵਿਭਾਗ ਨੇ ਚੁੱਕਿਆ ਸਖ਼ਤ ਕਦਮ
Saturday, Aug 29, 2026 - 06:06 PM (IST)
ਫਿਰੋਜ਼ਪੁਰ (ਪਰਮਜੀਤ ਸੋਢੀ) : ਤਿਉਹਾਰ ਨੂੰ ਵੇਖਦੇ ਹੋਏ ਫਿਰੋਜ਼ਪੁਰ ਤੋਂ ਨਾਂਦੇੜ ਸਾਹਿਬ ਲਈ ਚੱਲਣ ਵਾਲੀ ਵਿਸ਼ੇਸ਼ ਰੇਲਗੱਡੀ ਦੇ ਮੱਦੇਨਜ਼ਰ, ਜੀ.ਆਰ.ਪੀ. ਥਾਣਾ ਫਿਰੋਜ਼ਪੁਰ ਵੱਲੋਂ ਰੇਲਵੇ ਸਟੇਸ਼ਨ ’ਤੇ ਵਿਸ਼ੇਸ਼ ‘ਪੈਸੰਜਰ ਅਵੇਅਰਨੈੱਸ ਅਤੇ ਸਰਚ ਅਪ੍ਰੇਸ਼ਨ’ ਚਲਾਇਆ ਗਿਆ। ਇਸ ਮੁਹਿੰਮ ਦਾ ਮੁੱਖ ਮਕਸਦ ਰੇਲਵੇ ਮੁਸਾਫ਼ਰਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਇਸ ਚੈਕਿੰਗ ਦੌਰਾਨ ਪੁਲਸ ਟੀਮਾਂ ਵੱਲੋਂ ਰੇਲਵੇ ਸਟੇਸ਼ਨ ਦੇ ਸਾਰੇ ਪਲੇਟਫਾਰਮਾਂ, ਖੜ੍ਹੀਆਂ ਟਰੇਨਾਂ, ਵੇਟਿੰਗ ਏਰੀਆ, ਮੋਟਰਸਾਈਕਲ ਪਾਰਕਿੰਗ ਦੇ ਨਾਲ-ਨਾਲ ਸਟੇਸ਼ਨ ਦੇ ਮੁੱਖ ਐਂਟਰੀ ਅਤੇ ਐਗਜ਼ਿਟ ਗੇਟਾਂ ’ਤੇ ਵਿਸ਼ੇਸ਼ ਨਜ਼ਰ ਰੱਖੀ ਗਈ। ਇਸ ਤੋਂ ਇਲਾਵਾ ਸਟੇਸ਼ਨ ’ਤੇ ਮੌਜ਼ੂਦ ਸ਼ੱਕੀ ਵਿਅਕਤੀਆਂ ਅਤੇ ਉਨ੍ਹਾਂ ਦੇ ਸਾਮਾਨ ਦੀ ਡੂੰਘਾਈ ਨਾਲ ਤਲਾਸ਼ੀ ਲਈ ਗਈ। ਰਾਹਤ ਦੀ ਗੱਲ ਇਹ ਰਹੀ ਕਿ ਇਸ ਪੂਰੇ ਅਪ੍ਰੇਸ਼ਨ ਦੌਰਾਨ ਕੋਈ ਵੀ ਸ਼ੱਕੀ ਵਸਤੂ ਜਾਂ ਗ਼ੈਰ-ਕਾਨੂੰਨੀ ਤੱਤ ਨਹੀਂ ਪਾਇਆ ਗਿਆ।
ਨਵੀਨ ਕੁਮਾਰ ਮੁੱਖ ਅਫ਼ਸਰ ਥਾਣਾ ਜੀ.ਆਰ.ਪੀ. ਫਿਰੋਜ਼ਪੁਰ ਨੇ ਦੱਸਿਆ ਕਿ ਇਸ ਚੈਕਿੰਗ ਅਭਿਆਨ ਦੇ ਨਾਲ-ਨਾਲ ਪੁਲਸ ਵੱਲੋਂ ਮੁਸਾਫ਼ਰਾਂ ਨੂੰ ਸੁਰੱਖਿਆ ਪ੍ਰਤੀ ਜਾਗਰੂਕ ਵੀ ਕੀਤਾ ਗਿਆ। ਯਾਤਰਾ ਕਰ ਰਹੇ ਯਾਤਰੀਆਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਉਨ੍ਹਾਂ ਨੂੰ ਸਟੇਸ਼ਨ ਜਾਂ ਟਰੇਨ ਵਿਚ ਕੋਈ ਵੀ ਸ਼ੱਕੀ ਵਿਅਕਤੀ, ਲਾਵਾਰਿਸ ਸਾਮਾਨ ਜਾਂ ਕੋਈ ਸ਼ੱਕੀ ਚੀਜ਼ ਨਜ਼ਰ ਆਉਂਦੀ ਹੈ ਤਾਂ ਉਹ ਤੁਰੰਤ ਇਸ ਦੀ ਸੂਚਨਾ ਨਜ਼ਦੀਕੀ ਜੀ.ਆਰ.ਪੀ. ਜਾਂ ਆਰ.ਪੀ.ਐੱਫ.ਅਧਿਕਾਰੀਆਂ ਨੂੰ ਦੇਣ। ਉਨ੍ਹਾਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਤਿਉਹਾਰਾਂ ਦੇ ਇਸ ਸੀਜ਼ਨ ਦੌਰਾਨ ਅਮਨ-ਸ਼ਾਂਤੀ ਅਤੇ ਸੁਰੱਖਿਆ ਬਣਾਏ ਰੱਖਣ ਲਈ ਪੁਲਸ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕਰਨ।
