ਟਾਵਰ ਵੈਗਨ ਦੇ ਬ੍ਰੇਕ ਡਾਊਨ ਹੋਣ ਕਾਰਨ ਰੇਲ ਆਵਾਜਾਈ ਠੱਪ
Monday, Feb 05, 2018 - 01:31 AM (IST)

ਰੂਪਨਗਰ, (ਕੈਲਾਸ਼)- ਬਿਜਲੀ ਨਾਲ ਚੱਲਣ ਵਾਲੇ ਰੇਲ ਇੰਜਣ ਈ. ਐੱਮ. ਯੂ. ਲਈ ਲਾਈਨਾਂ 'ਤੇ ਵਿਛੀਆਂ ਬਿਜਲੀ ਦੀਆਂ ਤਾਰਾਂ ਦੀ ਮੁਰੰਮਤ ਨੂੰ ਲੈ ਕੇ ਰੂਪਨਗਰ ਤੋਂ ਨੰਗਲ ਵੱਲ ਜਾ ਰਹੀ ਟਾਵਰ ਵੈਗਨ ਦਾ ਅੱਜ ਸ੍ਰੀ ਕੀਰਤਪੁਰ ਸਾਹਿਬ ਨੂੰ ਕਰਾਸ ਕਰਨ ਤੋਂ ਬਾਅਦ ਲਾਈਨਾਂ 'ਤੇ ਹੀ ਬ੍ਰੇਕ ਡਾਊਨ ਹੋ ਗਿਆ, ਜਿਸ ਕਾਰਨ ਰੇਲ ਆਵਾਜਾਈ ਠੱਪ ਹੋ ਕੇ ਰਹਿ ਗਈ।
ਜਾਣਕਾਰੀ ਅਨੁਸਾਰ ਟਾਵਰ ਵੈਗਨ ਬਿਜਲੀ ਦੀਆਂ ਤਾਰਾਂ ਦੀ ਸਰਵਿਸ ਅਤੇ ਮੁਰੰਮਤ ਲਈ ਸ਼ਾਮ 4 ਵਜੇ ਰੂਪਨਗਰ ਤੋਂ ਨੰਗਲ ਵੱਲ ਰਵਾਨਾ ਹੋਈ ਸੀ ਪਰ ਸ੍ਰੀ ਕੀਰਤਪੁਰ ਸਾਹਿਬ ਤੋਂ ਲੰਘਦੇ ਸਾਰ ਹੀ ਉਕਤ ਟਾਵਰ ਵੈਗਨ ਦੇ ਐਕਸਲ ਟੁੱਟ ਗਏ, ਜਿਸ ਕਾਰਨ ਲਾਈਨਾਂ 'ਤੇ ਹੀ ਉਸ ਦੇ ਟਾਇਰ ਬੈਠ ਗਏ। ਇਸ ਸਬੰਧ 'ਚ ਰੇਲਵੇ ਸਟੇਸ਼ਨ ਰੂਪਨਗਰ ਤੋਂ ਬੈਠੇ ਯਾਤਰੀਆਂ ਨੂੰ ਅਧਿਕਾਰੀਆਂ ਵੱਲੋਂ ਅਨਾਊਂਸਮੈਂਟ ਰਾਹੀਂ ਵਾਰ-ਵਾਰ ਸੂਚਿਤ ਕੀਤਾ ਜਾ ਰਿਹਾ ਸੀ। ਜਿਹੜੀ ਗੱਡੀ ਰੂਪਨਗਰ ਪਹੁੰਚਦੀ ਸੀ, ਉਸ ਨੂੰ ਚੱਲਣ ਲਈ ਅਗਲੇ ਨਿਰਦੇਸ਼ਾਂ ਦੀ ਉਡੀਕ ਕਰਨ ਲਈ ਵੀ ਕਿਹਾ ਜਾ ਰਿਹਾ ਹੈ। ਇਸ ਦੌਰਾਨ ਰੇਲਵੇ ਯਾਤਰੀ ਉਕਤ ਸਮੱਸਿਆ ਕਾਰਨ ਭਾਰੀ ਪ੍ਰੇਸ਼ਾਨ ਹੋਏ।
ਇਹ ਗੱਡੀਆਂ ਹੋਈਆਂ ਪ੍ਰਭਾਵਿਤ
ਪਤਾ ਲੱਗਾ ਹੈ ਕਿ ਟਾਵਰ ਵੈਗਨ 'ਚ ਆਈ ਤਕਨੀਕੀ ਖਰਾਬੀ ਕਾਰਨ ਅੰਬਾਲਾ ਤੋਂ ਊਨਾ ਜਾਣ ਵਾਲੀ ਰੇਲ ਗੱਡੀ, ਜੋ ਸ਼ਾਮ 5.20 'ਤੇ ਰੂਪਨਗਰ ਤੋਂ ਚੱਲਦੀ ਹੈ, ਨੂੰ ਰੂਪਨਗਰ ਸਟੇਸ਼ਨ 'ਤੇ ਹੀ ਰੋਕ ਲਿਆ ਗਿਆ। ਜਿਹੜੀ ਗੱਡੀ 6 ਵਜੇ ਨੰਗਲ-ਅੰਬਾਲਾ ਵਾਇਆ ਰੂਪਨਗਰ ਤੋਂ ਸ਼ਾਮ 6 ਵਜੇ ਜਾਂਦੀ ਹੈ, ਉਸ ਨੂੰ ਨੰਗਲ ਰੋਕ ਲਿਆ ਗਿਆ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਰੂਪਨਗਰ ਪਹੁੰਚਣ ਵਾਲੀ ਸ਼ਾਮ ਵਾਲੀ ਰੇਲ ਗੱਡੀ ਨੂੰ ਉਕਤ ਕਾਰਨਾਂ ਕਰ ਕੇ ਮੋਰਿੰਡਾ ਸਟੇਸ਼ਨ 'ਤੇ ਰੋਕ ਲਿਆ ਗਿਆ।
ਕੀ ਕਹਿੰਦੇ ਨੇ ਅਧਿਕਾਰੀ
ਇਸ ਸਬੰਧ 'ਚ ਰੇਲਵੇ ਵਿਭਾਗ ਦੇ ਟ੍ਰੈਫਿਕ ਅਧਿਕਾਰੀ ਨਰੇਸ਼ ਵਿੱਜ ਨੇ ਦੱਸਿਆ ਕਿ ਅੰਬਾਲੇ ਤੋਂ ਕਰੇਨ ਨੂੰ ਮੰਗਵਾਇਆ ਗਿਆ ਹੈ, ਜਿਸ ਨਾਲ ਟਾਵਰ ਵੈਗਨ ਨੂੰ ਲਾਈਨਾਂ ਤੋਂ ਹਟਾ ਕੇ ਆਵਾਜਾਈ ਸ਼ੁਰੂ ਕਰ ਦਿੱਤੀ ਜਾਵੇਗੀ। ਸੂਤਰਾਂ ਅਨੁਸਾਰ ਅੰਬਾਲਾ ਤੋਂ ਚੱਲੀ ਕਰੇਨ ਸ਼ਾਮ 6 ਵਜੇ ਰੂਪਨਗਰ ਤੋਂ ਅੱਗੇ ਲਈ ਰਵਾਨਾ ਹੋ ਗਈ ਸੀ।