ਰੇਲ ਰੋਕੋ ਅੰਦੋਲਨ ਤਹਿਤ ਨਵਾਂਸ਼ਹਿਰ ਦੇ ਰੇਲਵੇ ਸਟੇਸ਼ਨ ’ਤੇ ਕਿਸਾਨਾਂ ਨੇ ਦਿੱਤਾ ਧਰਨਾ
Monday, Oct 18, 2021 - 03:44 PM (IST)
ਨਵਾਂਸ਼ਹਿਰ (ਤ੍ਰਿਪਾਠੀ) - ਲਖੀਮਪੁਰ ਖੀਰੀ 'ਚ ਵਾਪਰੀ ਘਟਨਾ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਰੇਲ ਰੋਕੋ ਅੰਦੋਲਨ ਦੇ ਦਿੱਤੇ ਗਏ ਸੱਦੇ ’ਤੇ ਅੱਜ ਕਿਰਤੀ ਕਿਸਾਨ ਯੂਨੀਅਨ ਦੇ ਬੈਨਰ ਅਧੀਨ ਵੱਖ-ਵੱਖ ਕਿਸਾਨ ਜੱਥੇਬੰਦੀਆਂ ਨੇ ਨਵਾਂਸ਼ਹਿਰ ਦੇ ਰੇਲਵੇ ਸਟੇਸ਼ਨ ’ਤੇ ਰੋਸ ਧਰਨਾ ਦੇ ਕੇ ਮੋਦੀ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਕਿਸਾਨਾਂ ਨੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਜ਼ੋਰਦਾਰ ਮੁਜ਼ਾਹਰਾ ਕੀਤਾ। ਰੋਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਸੂਬਾ ਕਾਰਜਕਾਰੀ ਮੈਂਬਰ ਭੁਪਿੰਦਰ ਸਿੰਘ ਵੜ੍ਹੈਚ, ਬੀਬੀ ਗੁਰਬਖਸ਼ ਕੌਰ ਸੰਘਾ ਸੂਬਾ ਪ੍ਰਧਾਨ ਇਸਤਰੀ ਜਾਗ੍ਰਤੀ ਮੰਚ ਅਤੇ ਮੱਖਣ ਸਿੰਘ ਭਾਨਮਜਾਰਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨ ਵਿਰੋਧੀ 3 ਖੇਤੀ ਕਾਨੂੰਨਾਂ ਨੂੰ ਪਾਸ ਕਰਕੇ ਨਾ ਕੇਵਲ ਕਿਸਾਨੀ ਖ਼ਤਮ ਕਰਨ ਸਗੋਂ ਸਿੱਧੇ ਤੌਰ ’ਤੇ ਕਿਸਾਨਾਂ ਦੀ ਖੇਤੀ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਦਾ ਯਤਨ ਕੀਤਾ ਹੈ, ਜਿਸ ਨੂੰ ਕਿਸਨ ਕਦੇ ਵੀ ਸਫ਼ਲ ਨਹੀਂ ਹੋਣ ਦੇਣਗੇ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ ਦਾ 2022 'ਚ ਬਦਲ ਸਕਦੈ ਰੁਖ਼, ਗੂੰਜੇਗੀ ਪ੍ਰਨੀਤ ਕੌਰ ਦੀ ਦਹਾੜ
ਉਨ੍ਹਾਂ ਕਿਹਾ ਕਿ ਪਿਛਲੇ ਕਰੀਬ ਡੇਢ ਸਾਲ ਤੋਂ ਕਿਸਾਨ ਕੇਂਦਰ ਸਰਕਾਰ ਖ਼ਿਲਾਫ਼ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਆਪਣੇ ਘਰ ਪਰਿਵਾਰ ਅਤੇ ਬੱਚਿਆਂ ਤੋਂ ਦੂਰ ਰਹਿ ਕੇ ਦਿੱਲੀ ਬਾਰਡਰ ’ਤੇ ਰੋਸ ਮੁਜ਼ਾਹਰਾ ਕਰ ਰਹੇ ਹਨ ਪਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਮੰਨਣ ਦੀ ਥਾਂ ’ਤੇ ਉਨ੍ਹਾਂ ਨੂੰ ਡਰਾਉਣ ਧਮਕਾਉਣ ਅਤੇ ਉਨ੍ਹਾਂ ਦੇ ਸੰਘਰਸ਼ ਨੂੰ ਗੈਰ ਲੋਕਤਾਂਤਰਿਕ ਢੰਗ ਨਾਲ ਖਤਮ ਕਰਨ ਦੇ ਯਤਨਾਂ ’ਚ ਲੱਗੀ ਹੋਈ ਹੈ, ਜਿਸ ਦਾ ਸਪੱਸ਼ਟ ਨਤੀਜਾ ਯੂ. ਪੀ. ਦੇ ਲਖੀਮਪੁਰ ਖੇਰੀ ਦੇ ਖੇਤਰ ਵਿਚ ਕਿਸਾਨਾਂ ਨੂੰ ਵਾਹਨਾਂ ਨਾਲ ਕੁਚਲੇ ਜਾਣ ਦੇ ਮਾਮਲੇ ਵਿਚ ਸਪੱਸ਼ਟ ਤੌਰ ’ਤੇ ਦੇਖਣ ਨੂੰ ਮਿਲਦਾ ਹੈ।
ਇਹ ਵੀ ਪੜ੍ਹੋ: ਜਲੰਧਰ ਵਿਖੇ ਸਵਰਨਿਮ ਵਿਜੈ ਵਰਸ਼ ਉਤਸਵ ਮੌਕੇ ਜਵਾਨਾਂ ਨੇ ਵਿਖਾਏ ਜ਼ੌਹਰ, ਵੇਖਦੇ ਰਹਿ ਗਏ ਲੋਕ
ਉਨ੍ਹਾਂ ਕੇਂਦਰੀ ਸਰਕਾਰ ਤੋਂ ਮੰਗ ਕੀਤੀ ਕਿ ਲਖੀਮਪੁਰ ਖੇਰੀ ਦੇ ਸ਼ਹੀਦ ਕਿਸਾਨਾਂ ਨੂੰ ਇਨਸਾਫ਼ ਦੇਣ ਲਈ ਮੁੱਖ ਦੋਸ਼ੀ ਦੇ ਪਿਤਾ ਨੂੰ ਕੇਂਦਰੀ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਸਤਨਾਮ ਸਿੰਘ ਗੁਲਾਟੀ, ਮੁਕੰਦ ਲਾਲ, ਸੁਰਿੰਦਰ ਸਿੰਘ ਮਹਿਰਮਪੁਰ, ਤਰਸੇਮ ਸਿੰਘ ਬੈਂਸ, ਕੁਲਦੀਪ ਸਿੰਘ ਦਿਆਲਾ, ਕੁਲਦੀਪ ਸਿੰਘ ਬਜੀਦਪੁਰ, ਅਮਰਜੀਤ ਸਿੰਘ ਬੁਰਜ ਆਦਿ ਨੇ ਵੀ ਕੇਂਦਰ ਸਰਕਾਰ ਦੇ ਖਿਲਾਫ ਜ਼ੋਰਦਾਰ ਭੜਾਸ ਕੱਢੀ।
ਇਹ ਵੀ ਪੜ੍ਹੋ: ਸੁੰਦਰ ਸ਼ਾਮ ਅਰੋੜਾ ਦੀ ਨਾਰਾਜ਼ਗੀ ਦੂਰ ਕਰਨ ਪੁੱਜੇ CM ਚੰਨੀ, ਤਾਰੀਫ਼ਾਂ ਕਰਕੇ ਕਿਹਾ-ਪਾਰਟੀ ਦੇਵੇਗੀ ਅਹਿਮ ਜ਼ਿੰਮੇਵਾਰੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ