2019 ''ਚ ਰਾਹੁਲ ਹੋਣਗੇ PM ਉਮੀਦਵਾਰ
Friday, Aug 11, 2017 - 06:26 AM (IST)

ਕਾਂਗਰਸ ਵੱਲੋਂ 2019 'ਚ ਪ੍ਰਧਾਨ ਮੰਤਰੀ ਚਿਹਰਾ ਰਾਹੁਲ ਗਾਂਧੀ ਹੋਣਗੇ। ਇਹ ਗੱਲ ਵੀਰਵਾਰ ਨੂੰ ਕਾਂਗਰਸ ਦੇ ਨੌਜਵਾਨ ਨੇਤਾ ਤੇ ਸਾਬਕਾ ਕੇਂਦਰੀ ਮੰਤਰੀ ਜਯੋਤਿਰਾਦਿਤਯ ਸਿੰਧੀਆ ਨੇ ਨਵੋਦਿਆ ਟਾਈਮਸ/ ਜਗ ਬਾਣੀ ਦੇ ਨਾਲ ਵਿਸ਼ੇਸ਼ ਗੱਲਬਾਤ ਵਿਚ ਕਹੀ। ਸਿੰਧੀਆ ਨੇ ਦੇਸ਼ ਦੇ ਸਿਆਸੀ ਹਾਲਾਤ ਅਤੇ ਵਿਦੇਸ਼ ਨੀਤੀ 'ਤੇ ਬੋਲਦੇ ਹੋਏ ਚੀਨ ਅਤੇ ਭਾਰਤ ਦੇ ਅਣਸੁਖਾਵੇਂ ਰਿਸ਼ਤਿਆਂ ਦੇ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਕਿਹਾ ਕਿ ਇਸ ਸਰਕਾਰ ਦੀ ਨੀਤੀ ਅਤੇ ਨੀਅਤ ਦੋਵਾਂ 'ਚ ਕੋਈ ਮੇਲ ਨਹੀਂ ਹੈ। ਪੇਸ਼ ਹੈ ਗੱਲਬਾਤ ਦੇ ਮੁਖ ਅੰਸ਼।
ਦੇਸ਼ ਦੇ ਸਿਆਸੀ ਹਾਲਾਤ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ...?
ਅਸੀਂ ਆਪਣੇ ਪਿਛੋਕੜ 'ਚ ਜਾਈਏ ਤਾਂ ਇਸ ਦੇਸ਼ ਦੀ ਨੀਂਹ ਫਿਰਕੂ ਭਾਈਚਾਰੇ, ਨਰਮ ਵਿਚਾਰਧਾਰਾ, ਧਰਮ ਨਿਰਪੱਖਤਾ ਦੀਆਂ ਕਦਰਾਂ ਕੀਮਤਾਂ 'ਤੇ ਬਣੀ ਹੈ। ਇਹ ਅਜਿਹਾ ਦੇਸ਼ ਹੈ, ਜਿਥੇ ਕਈ ਤਰ੍ਹਾਂ ਦੀਆਂ ਵਿਚਾਰਧਾਰਾ, ਚਰਚੇ ਹਮੇਸ਼ਾ ਰਹੇ ਹਨ। ਪਿਛਲੇ 3 ਸਾਲਾਂ 'ਚ ਇਕ ਮਾਹੌਲ ਤਿਆਰ ਹੋਇਆ ਹੈ, ਜਿਸ ਵਿਚ ਦੱਸਿਆ ਜਾਵੇਗਾ ਕਿ ਤੁਸੀਂ ਕੀ ਕਰੋਗੇ, ਕਿਵੇਂ ਸੋਚੋਗੇ, ਕੀ ਖਾਉਗੇ, ਕਿਥੇ ਜਾਉਗੇ ਤਾਂ ਇਕ ਢੰਗ ਨਾਲ ਅਜਿਹਾ ਮਾਹੌਲ ਜਿਥੇ ਆਦਮੀ ਦੀ ਪ੍ਰਗਟਾਵੇ ਦੀ ਆਜ਼ਾਦੀ 'ਤੇ ਹੀ ਰੋਕ ਲਗਾਈ ਜਾ ਰਹੀ ਹੈ। ਤੁਸੀਂ ਦੇਖ ਰਹੇ ਹੋ ਕਿ ਪੂਰੇ ਦੇਸ਼ ਵਿਚ ਅਜਿਹਾ ਹੋ ਰਿਹਾ ਹੈ। ਭਾਵੇਂ ਮੀਡੀਆ ਹੋਵੇ, ਯੂਨੀਵਰਸਿਟੀ ਹੋਵੇ ਜਾਂ ਫਿਰ ਸੰਸਦ ਦੇ ਅੰਦਰ, ਬੋਲਣ ਹੀ ਨਹੀਂ ਦਿੱਤਾ ਜਾਂਦਾ ਹੈ। ਸੰਸਦ ਦੇ ਬਾਹਰ ਜਿਥੇ ਨਫਰਤ ਦੇ ਆਧਾਰ 'ਤੇ ਸੱਤਾ ਹਾਸਲ ਕਰਨ ਲਈ ਇਕ ਦਲ ਪੂਰਾ ਜ਼ੋਰ ਲਗਾ ਰਿਹਾ ਹੈ, ਇਹ ਸਭ ਚਿੰਤਾ ਦਾ ਵਿਸ਼ਾ ਹੈ। ਜੋ ਦੇਸ਼ ਦੀ ਨੀਂਹ ਹੈ, ਨੂੰ ਬਦਨਾਮ, ਬੇਇੱਜ਼ਤ ਕੀਤਾ ਜਾ ਰਿਹਾ ਹੈ। ਤੁਸੀਂ ਦੇਖੋ ਹਰਿਆਣਾ 'ਚ ਵਰਣਿਕਾ ਕੁੰਡੂ ਦੀ ਘਟਨਾ ਹੋਵੇ, ਭਾਵੇਂ ਗੁਜਰਾਤ ਵਿਚ ਰਾਹੁਲ ਗਾਂਧੀ ਦੇ ਨਾਲ ਵਾਪਰੀ ਘਟਨਾ ਹੋਵੇ, ਅਫਸੋਸ ਤੱਕ ਨਹੀਂ ਜਤਾਇਆ ਗਿਆ। ਇਹੀ ਚਰਚਾ ਕੀਤੀ ਜਾਂਦੀ ਹੈ ਕਿ ਬੁਲੇਟ ਪਰੂਫ ਵਾਹਨ ਵਿਚ ਕਿਉਂ ਨਹੀਂ ਬੈਠੇ। ਮਤਲਬ ਇਹ ਹੈ ਕਿ ਜੋ ਪੱਥਰ ਸੁੱਟ ਰਿਹਾ ਹੈ, ਉਹ ਠੀਕ ਹੈ। ਇਹ ਬੇਹੱਦ ਚਿੰਤਾਜਨਕ ਹੈ।
ਅਹਿਮਦ ਪਟੇਲ ਵਰਗੀ ਮਿਹਨਤ ਲੋਕ ਸਭਾ ਚੋਣਾਂ ਵਿਚ ਕਿਉਂ ਨਹੀਂ ...?
ਮੈਂ ਸਹਿਮਤ ਨਹੀਂ ਹਾਂ ਕਿ ਮਿਹਨਤ ਨਹੀਂ ਹੋਈ। ਮਿਹਨਤ ਜ਼ਰੂਰ ਹੋਈ ਭਾਵੇਂ 2014 ਦੀਆਂ ਲੋਕ ਸਭਾ ਚੋਣਾਂ ਦੀ ਗੱਲ ਕਰੀਏ। ਭਾਵੇਂ ਦਿੱਲੀ ਹੋਵੇ ਜਾਂ ਯੂ.ਪੀ. ਚੋਣਾਂ ਭਾਵੇਂ ਕਈ ਸੂਬਿਆਂ 'ਚ ਜਿਥੇ ਚੋਣਾਂ ਹੋਈਆਂ, ਇਹ ਵੀ ਸੱਚਾਈ ਹੈ ਕਿ ਕਈ ਸਥਾਨਾਂ 'ਤੇ ਸਾਨੂੰ ਨਾਕਾਮੀ ਮਿਲੀ। ਕੋਈ ਵੀ ਕਾਰਕੁੰਨ ਜੋ ਇਸ ਸੱਚਾਈ ਤੋਂ ਭਟਕਿਆ ਮੈਂ ਮੰਨਦਾ ਹਾਂ ਕਿ ਇਹ ਇਕ ਚੰਗੀ ਗੱਲ ਨਹੀਂ । ਕਾਂਗਰਸ ਨੂੰ ਵਾਪਸ ਡਰਾਇੰਗ ਬੋਰਡ 'ਤੇ ਜਾਣਾ ਪਵੇਗਾ। ਮੈਂ ਕਈ ਵਿਅਕਤੀਆਂ ਨਾਲ ਗੱਲ ਕੀਤੀ, ਜਿਥੋਂ ਤੱਕ ਗੁਜਰਾਤ ਰਾਜ ਸਭਾ ਚੋਣਾਂ ਦਾ ਮਾਮਲਾ ਹੈ ਤਾਂ ਇਹ ਇੰਨਾ ਹਾਈਪ੍ਰੋਫਾਈਲ ਇਸ ਲਈ ਹੋ ਗਿਆ, ਕਿਉਂਕਿ ਇਕ ਸੀ ਨਾਅਰਾ ਕਰੋ ਜਾਂ ਮਰੋ। ਸਿਆਸੀ ਆਜ਼ਾਦੀ ਦਿਵਾਉਣ ਲਈ ਮਹਾਤਮਾ ਗਾਂਧੀ ਨੇ ਇਹ ਨਾਅਰਾ ਦਿੱਤਾ ਸੀ। ਭਾਜਪਾ ਦਾ ਕਰੋ ਜਾਂ ਮਰੋ ਦਾ ਨਾਅਰਾ ਇਕ ਸੀਟ ਜਿੱਤਣ ਦਾ ਹੈ। ਸਿਆਸਤਦਾਨ ਨੂੰ ਫਾਂਸੀ ਦੇ ਫੰਦੇ 'ਤੇ ਚੜ੍ਹਾ ਦੇਣਗੇ, ਭਾਵੇਂ ਇਸ ਦੇ ਜੋ ਵੀ ਨਤੀਜੇ ਹੋਣ।
ਇਕ ਇਕ ਕਰਕੇ ਕਾਂਗਰਸ ਦੇ ਹੱਥੋਂ ਸੂਬੇ ਨਿਕਲਦੇ ਜਾ ਰਹੇ ਹਨ...?
ਪਹਿਲਾਂ ਜ਼ਮਾਨਾ ਹੁੰਦਾ ਸੀ, ਜਿਥੇ ਮਜ਼ਬੂਤ ਕੇਂਦਰ ਇਕ ਮਜ਼ਬੂਤ ਸੂਬਾ ਬਣਾਉਂਦਾ ਸੀ ਹੁਣ ਜ਼ਮਾਨਾ ਆ ਗਿਆ ਹੈ ਉਸ ਦੇ ਠੀਕ ਉਲਟ ਇਕ ਮਜ਼ਬੂਤ ਸੂਬਾ ਇਕ ਮਜ਼ਬੂਤ ਕੇਂਦਰ ਬਣਾਉਂਦਾ ਹੈ। ਸਾਨੂੰ ਲੋਕਾਂ ਨੂੰ ਵਾਪਸ ਇਕ-ਇਕ ਸੂਬਾ ਮਤਲਬ ਜ਼ਮੀਨ ਤੋਂ ਸਾਡੇ ਸੰਗਠਨ ਨੂੰ ਤੇ ਲੀਡਰਸ਼ਿਪ ਨੂੰ ਖੜ੍ਹਾ ਕਰਨਾ ਪਵੇਗਾ। ਇਸ ਨੂੰ ਸ਼ਕਤੀ ਪ੍ਰਦਾਨ ਕਰਨੀ ਹੋਵੇਗੀ ਤੇ ਉਸ ਨੂੰ ਫ੍ਰੀ ਹੈਂਡ ਹੋਣਾ ਹੋਵੇਗਾ ਤਾਂ ਕਿ ਇਕ-ਇਕ ਸੂਬਾ ਜਦੋਂ ਬਣੇਗਾ, ਇਕ ਇਕ ਇੱਟ ਜਦੋਂ ਸਹੀ ਢੰਗ ਨਾਲ ਤਿਆਰ ਹੋਵੇਗੀ ਤਾਂ ਹੀ ਮਜ਼ਬੂਤ ਇਮਾਰਤ ਤਿਆਰ ਹੋਵੇਗੀ।
ਕਾਂਗਰਸ ਵਿਚ ਚੰਗੇ ਨੇਤਾ ਅਤੇ ਥਿੰਕਟੈਂਕ ਹਨ, ਫਿਰ ਪਾਰਟੀ ਉਭਰ ਕਿਉਂ ਨਹੀਂ ਪਾ ਰਹੀ?
ਥਿੰਕਟੈਂਕ ਨਾਲ ਸਿਆਸਤ ਨਹੀਂ ਹੁੰਦੀ। ਸਿਆਸਤ ਵਿਚ ਸਫਲਤਾ ਜਾਂ ਅਸਫਲਤਾ ਮਿਲਦੀ ਹੈ ਲਾਗੂ ਕਰਨ ਦੇ ਆਧਾਰ 'ਤੇ । ਅਸੀਂ ਇਥੇ ਬੈਠ ਕੇ ਤੁਹਾਨੂੰ ਬਹੁਤ ਸਾਰੇ ਜਾਦੂ ਦੇ ਮੰਤਰ ਦੇ ਦਈਏ। ਠੀਕ ਹੋਵੇ ਜਾਂ ਗਲਤ ਇਹ ਵਿਸ਼ਲੇਸ਼ਣ ਦੀ ਗੱਲ ਹੈ ਪਰ ਜੇ ਉਨ੍ਹਾਂ ਮੰਤਰਾਂ ਨੂੰ ਲਾਗੂ ਨਾ ਕੀਤਾ ਜਾਵੇ ਤਾਂ ਉਸ ਜਾਦੂ ਦਾ ਕੀ ਨਤੀਜਾ ਹੋਵੇਗਾ, ਤੁਸੀਂ ਸਮਝ ਸਕਦੇ ਹੋ ਅਤੇ ਜਿਥੇ ਕਿਤੇ ਵੀ ਇਹ ਲਾਗੂ ਹੋਇਆ, ਉਥੇ ਹਾਂ-ਪੱਖੀ ਨਤੀਜੇ ਵੀ ਮਿਲੇ।
ਤੁਹਾਡਾ ਇਸ਼ਾਰਾ ਪੰਜਾਬ ਵੱਲ ਤਾਂ ਨਹੀਂ, ਜਿਥੇ ਕੈਪਟਨ ਅਮਰਿੰਦਰ ਨੂੰ ਫ੍ਰੀ ਹੈਂਡ ਦਿੱਤਾ ਗਿਆ ਸੀ?
ਮੈਂ ਇਹ ਬਿਲਕੁੱਲ ਨਹੀਂ ਮੰਨਦਾ ਕਿ ਸਿਰਫ ਇਕ ਖਾਸ ਵਿਅਕਤੀ ਨੂੰ ਛੋਟ ਦੇ ਦਈਏ ਤਾਂ ਉਹ ਸਫਲ ਹੋਵੇਗਾ। ਹਾਂ ਇਹ ਮੰਨਦਾ ਹਾਂ ਕਿ ਅੱਜ ਸਮਾਂ ਆ ਚੁੱਕਾ ਹੈ ਕਿ ਲੋਕਸਭਾ ਚੋਣਾਂ ਹੋਣ, ਵਿਧਾਨਸਭਾ ਚੋਣਾਂ ਹੋਣ, ਜ਼ਿਲਾ ਪੰਚਾਇਤ, ਕੌਂਸਲਰ ਜਾਂ ਫਿਰ ਨਿਗਮ ਦੀਆਂ ਚੋਣਾਂ ਹੋਣ ਵੋਟਰ ਦੇਖਣਾ ਚਾਹੁੰਦਾ ਹੈ ਕਿ ਉਹ ਜੇਕਰ ਭਰੋਸਾ ਦੇ ਰਿਹਾ ਹੈ ਤਾਂ ਕਿਸੇ ਵਿਅਕਤੀ ਦੇ ਹੱਥ ਵਿਚ ਉਸ ਦੀ ਵਾਗਡੋਰ ਪੰਜ ਸਾਲ ਰਹਿਣ ਵਾਲੀ ਹੈ। ਇਹ ਵੀ ਸਹੀ ਹੈ ਕਿ ਭਾਰਤ ਵਿਚ ਚੋਣਾਂ ਵਿਅਕਤੀ ਵਿਸ਼ੇਸ਼ ਦੇ ਆਲੇ ਦੁਆਲੇ ਅੱਜ-ਕਲ ਘੁੰਮਦੀਆਂ ਹਨ ਪਰ ਉਹ ਅਜਿਹੀ ਸ਼ਖਸੀਅਤ ਹੋਵੇ, ਜਿਹੜੀ ਸਾਰਿਆਂ ਨੂੰ ਇਕ ਹੀ ਮਾਲਾ ਵਿਚ ਪਿਰੋ ਕੇ ਨਾਲ ਲੈ ਜਾ ਸਕੇ।
ਕੀ ਤੁਸੀਂ ਮੱਧ ਪ੍ਰਦੇਸ਼ ਵਿਚ ਪਾਰਟੀ ਦਾ ਚਿਹਰਾ ਹੋ?
ਮੈਂ ਆਪਣੇ ਬਾਰੇ ਚਰਚਾ ਨਹੀਂ ਕਰਦਾ। ਫੈਸਲਾ ਹਾਈਕਮਾਨ ਨੇ ਕਰਨਾ ਹੈ ਕਿ ਮੇਰਾ ਇਸਤੇਮਾਲ ਕਿਥੇ ਕੀਤਾ ਜਾਵੇ। ਭਾਵੇਂ ਸੰਸਦ, ਭਾਵੇਂ ਸਚੇਤਕ ਜਾਂ ਫਿਰ ਇਕ ਮੰਤਰੀ ਦੇ ਰੂਪ ਵਿਚ ਫੈਸਲਾ ਲਿਆ ਜਾਵੇਗਾ, ਉਸ ਦੀ ਪਾਲਣਾ ਕਰਨਾ ਮੇਰੀ ਜ਼ਿੰਮੇਵਾਰੀ ਹੋਵੇਗੀ। ਇਹੀ ਮੇਰੀਆਂ ਕਦਰਾਂ-ਕੀਮਤਾਂ ਅਤੇ ਸਿਧਾਂਤ ਹਨ। ਇਹੀ ਮੇਰੇ ਪੂਜਨੀਕ ਪਿਤਾ ਜੀ ਦੇ ਸਿਧਾਂਤ ਸਨ।
ਤੁਸੀਂ ਇਕਜੁੱਟਤਾ ਦੀ ਗੱਲ ਕਰ ਰਹੇ ਹੋ, ਉਸ 'ਤੇ ਲਾਗੂ ਕਿਉਂ ਨਹੀਂ ਹੋ ਰਿਹਾ?
ਮੈਂ ਇਹ ਸਮਝਦਾ ਹਾਂ ਕਿ ਅੱਜ ਸਮਾਂ ਆ ਚੁੱਕਾ ਹੈ ਕਿ ਜਿਥੇ ਇਕ-ਇਕ ਸੂਬੇ ਵਿਚ ਇਕ-ਇਕ ਕਰਕੇ ਕਾਂਗਰਸ ਨੂੰ ਮੁੜ ਖੁਦ ਨੂੰ ਮਜ਼ਬੂਤ ਕਰਨਾ ਪਵੇਗਾ। ਇਹ ਤਾਂ ਹੀ ਸੰਭਵ ਹੈ, ਜਦੋਂ ਇਕ-ਇਕ ਸੂਬੇ ਵਿਚ ਫੈਸਲਾ ਲਿਆ ਜਾਵੇ। ਅਜਿਹਾ ਫੈਸਲਾ ਲਵੋ, ਜਿਥੇ ਉਹ ਟੀਮ ਸਾਰੇ ਕਾਂਗਰਸੀਆਂ ਨੂੰ ਨਾਲ ਲੈ ਕੇ ਅੱਗੇ ਚੱਲੇ।
ਭਾਜਪਾ ਨੇ 3 ਸਾਲ ਪਹਿਲਾਂ ਕਾਂਗਰਸ ਮੁਕਤ ਭਾਰਤ ਦੀ ਗੱਲ ਕਹੀ ਸੀ, ਉਸ ਬਿਆਨ ਦੀ ਕੀ ਕਦਰ ਹੈ?
ਕਿਸੇ ਲੋਕਤੰਤਰ ਵਿਚ ਕੋਈ ਦਲ ਕੋਈ ਖਾਸ ਬਿਆਨ ਦੇਵੇ, ਉਹ ਮੰਨਿਆ ਨਹੀਂ ਜਾਂਦਾ। ਭਾਵੇਂ ਕਾਂਗਰਸ ਦੀ ਗੱਲ ਕਰੀਏ, ਭਾਵੇਂ ਭਾਜਪਾ ਦੀ ਜਾਂ ਕਿਸੇ ਹੋਰ ਪਾਰਟੀ ਦੀ ਹੈਲਦੀ ਡੈਮੋਕ੍ਰੇਸੀ ਦੀ ਮਤਲਬ ਕੀ ਹੈ? ਇਹ ਨਹੀਂ ਹੈ ਕਿ ਵਨ ਮੈਨ ਰੂਲ, ਵਨ ਪਾਰਟੀ ਰੂਲ। ਜੇ ਤੁਹਾਡੀ ਆਈਡਿਓਲਾਜੀ, ਵਿਚਾਰਧਾਰਾ ਅਤੇ ਸੋਚ ਵਿਰੋਧੀ ਧਿਰ ਮੁਕਤ ਭਾਰਤ, ਕਾਂਗਰਸ ਮੁਕਤ ਭਾਰਤ, ਕਿਸਾਨ ਮੁਕਤ ਭਾਰਤ, ਦਲਿਤ ਮੁਕਤ ਭਾਰਤ ਦੀ ਹੈ ਤਾਂ ਇਸਦਾ ਨਤੀਜਾ ਆਉਣ ਵਾਲੇ ਸਮੇਂ ਵਿਚ ਜੋ ਹੋਵੇਗਾ ਇਨ੍ਹਾਂ ਨੂੰ ਹੀ ਹੈਰਾਨ ਕਰੇਗਾ।
ਇਹ ਧਾਰਨਾ ਹੈ ਕਿ ਯੂ. ਪੀ. ਏ. ਸਰਕਾਰ ਵਿਚ ਪੀ. ਐੱਮ. ਆਫਿਸ ਦੀ ਭੂਮਿਕਾ ਜ਼ੀਰੋ ਸੀ, ਕਿੰਨਾ ਸੱਚ ਹੈ?
ਮੈਂ ਇਸਦਾ ਵਿਰੋਧ ਕਰਦਾ ਹਾਂ। ਕੌਣ ਕਹਿੰਦਾ ਹੈ ਅਜਿਹਾ। ਮੈਂ ਖੁਦ ਉਸ ਸਰਕਾਰ ਵਿਚ 6 ਸਾਲ ਤੱਕ ਮੰਤਰੀ ਰਿਹਾ। ਇਕ ਵਾਰ ਵੀ ਕਾਂਗਰਸ ਹਾਈਕਮਾਨ ਦੀ ਗੱਲ ਛੱਡੋ, ਕਿਸੇ ਵੀ ਸੰਗਠਨ ਦੇ ਕਿਸੇ ਵੀ ਵਿਅਕਤੀ ਵਲੋਂ ਇਕ ਵੀ ਫੋਨ ਕਾਲ ਮੈਨੂੰ ਕਦੇ ਨਹੀਂ ਆਈ।
ਲੀਡਰਸ਼ਿਪ ਦੀਆਂ ਕਮਜ਼ੋਰੀਆਂ ਕੀ ਪਾਰਟੀ ਦਾ ਨੁਕਸਾਨ ਕਰ ਰਹੀਆਂ ਹਨ?
ਹਰ ਸਿਆਸੀ ਪਾਰਟੀ ਦੇ ਇਤਿਹਾਸ ਵਿਚ ਉਤਰਾਅ-ਚੜ੍ਹਾਅ ਆਉਂਦਾ ਹੈ। ਜਿਸ ਪਾਰਟੀ ਦੇ ਲੋਕ ਅੱਜ ਢਿੰਡੋਰਾ ਪਿੱਟ ਰਹੇ ਹਨ, 20-25 ਸਾਲ ਪਹਿਲਾਂ ਸੰਸਦ 'ਚ ਉਹ ਦੋ ਸੀਟਾਂ 'ਤੇ ਸਨ। ਇਹ ਅਸੀਂ ਕਦੇ ਨਾ ਮੰਨੀਏ ਕਿ ਦੂਜੀਆਂ ਸਿਆਸੀ ਪਾਰਟੀਆਂ ਦੀ ਸਮਰਥਾ ਮੁਲਾਂਕਣ 'ਚ ਅਸੀਂ ਉਨ੍ਹਾਂ ਨੂੰ ਅੰਡਰ ਐਸਟੀਮੇਟ ਕਰੀਏ। ਮੌਜੂਦਾ ਸਮੇਂ ਵਿਚ ਕਾਂਗਰਸ ਨੂੰ ਮੁੜ ਖੜ੍ਹਾ ਕਰਨਾ ਹੈ। ਉਸ ਵਿਚ ਕੇਂਦਰ ਦੇ ਪੱਧਰ 'ਤੇ ਅਸੀਂ ਸਟ੍ਰੈਟਜੀ ਬਣਾ ਰਹੇ ਹਾਂ ਪਰ ਸੂਬੇ ਦੇ ਪੱਧਰ 'ਤੇ ਵੀ ਸਾਨੂੰ ਬਣਾਉਣਾ ਪਵੇਗਾ। ਉਸਦਾ ਬਲੂ ਪ੍ਰਿੰਟ ਪ੍ਰੋਸੈਸ ਵਿਚ ਹੈ। ਦੋ-ਤਿੰਨ ਮਹੀਨਿਆਂ ਵਿਚ ਸਭ ਕੁਝ ਸਾਹਮਣੇ ਹੋਵੇਗਾ।
ਕਾਂਗਰਸ ਦਾ ਮੁੜ-ਆਧਾਰ ਕਿਵੇਂ ਹੋਵੇਗਾ?
ਜਿੰਨਾ ਮੈਨੂੰ ਗਿਆਨ ਹੈ ਉਸਦੇ ਅਨੁਸਾਰ ਮੈਂ ਇਹੀ ਕਹਿਣਾ ਚਾਹਾਂਗਾ ਕਿ ਪਹਿਲਾਂ ਤੁਹਾਨੂੰ ਪਹਿਚਾਣ ਕਰਨੀ ਪਵੇਗੀ ਕਿ ਕਿਹੜੇ ਸੂਬਿਆਂ 'ਤੇ ਧਿਆਨ ਦੇਣਾ ਹੈ। ਜ਼ਾਹਿਰ ਹੈ ਕਿ 2019 ਵਿਚ ਜਿਨ੍ਹਾਂ ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਹਨ, ਉਹੀ ਪਹਿਲ ਵਿਚ ਹੋਣਗੇ। ਅਜਿਹੇ ਸੂਬਿਆਂ ਵਿਚ ਇਕ ਅਜਿਹੀ ਸਮਰੱਥ ਲੀਡਰਸ਼ਿਪ ਦੇਣੀ ਪਵੇਗੀ, ਜਿਸ ਦੀ ਜਨਤਾ ਵਿਚ ਧਾਕ ਹੋਵੇ, ਜੋ ਸਾਰਿਆਂ ਨੂੰ ਨਾਲ ਲੈ ਕੇ ਚੱਲ ਸਕੇ। ਅਜਿਹੀ ਨੀਤੀ ਬਣਾਉਣੀ ਪਵੇਗੀ।
ਚੀਨ ਨਾਲ ਜੰਗ ਵਰਗੇ ਹਾਲਾਤ ਬਣਦੇ ਨਜ਼ਰ ਆ ਰਹੇ ਹਨ, ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ?
ਸਵਾਲ ਇਹ ਹੈ ਕਿ ਅਜਿਹੇ ਹਾਲਾਤ ਪੈਦਾ ਕਿਉਂ ਹੋਏ। ਚੋਣਾਂ ਤੋਂ ਪਹਿਲਾਂ ਤਾਂ ਤੁਸੀਂ ਕਹਿੰਦੇ ਸੀ ਕਿ ਅਸੀਂ ਚੀਨ ਨੂੰ ਲਾਲ ਅੱਖਾਂ ਦਿਖਾਵਾਂਗੇ। ਤੁਹਾਡੀ ਵਿਦੇਸ਼ ਨੀਤੀ ਹੈ ਕਿਥੇ...? ਚੀਨ ਦੇ ਰਾਸ਼ਟਰਪਤੀ ਇਥੇ ਆਉਂਦੇ ਹਨ, ਤੁਸੀਂ ਸਾਬਰਮਤੀ ਵਿਚ ਝੂਲਾ ਝੁਲਾਉਂਦੇ ਹੋ ਅਤੇ ਢੋਕਲੇ ਖਵਾਉਂਦੇ ਹੋ। ਅੱਜ ਹਰ ਮੁੱਦੇ 'ਤੇ, ਹਰ ਪਲੇਟਫਾਰਮ 'ਤੇ ਚੀਨ ਵਿਰੋਧ ਕਰ ਰਿਹਾ ਹੈ। ਭਾਵੇਂ ਮਸੂਦ ਅਜ਼ਹਰ ਦੀ ਗੱਲ ਹੋਵੇ, ਭਾਵੇਂ ਨਿਊਕਲੀਅਰ ਸਪਲਾਈ ਗਰੁੱਪ, ਬੈਲੇਂਸ ਆਫ ਟ੍ਰੇਡ ਦੀ ਗੱਲ ਹੋਵੇ। ਭਾਜਪਾ ਕਹਿੰਦੀ ਸੀ ਨਾ ਕਿ ਬੈਲੇਂਸ ਆਫ ਟਰੇਡ ਠੀਕ ਕਰਾਂਗੇ । ਵਿਸ਼ਵ ਪੱਧਰ 'ਤੇ ਸਬੰਧ ਬੇਹਤਰ ਬਣਾਉਣ ਦੀ ਗੱਲ ਕਰਦੇ ਸਨ। ਕਿਸ ਦੇ ਨਾਲ ਹਨ, ਰੂਸ ਨਾਲ ਇੰਨੇ ਚੰਗੇ ਸਬੰਧ ਸਨ, ਅੱਜ ਕੀ ਹਾਲਤ ਹੈ। ਚੀਨ-ਪਾਕਿਸਤਾਨ ਦੀ ਗੱਲ ਛੱਡੋ, ਨੇਪਾਲ, ਸ਼੍ਰੀਲੰਕਾ, ਭੂਟਾਨ, ਮਾਲਦੀਪ ਵਰਗੇ ਗੁਆਂਢੀ ਦੇਸ਼ਾਂ ਨਾਲ ਵੀ ਸਾਡੇ ਵਰ੍ਹਿਆਂ ਪੁਰਾਣੇ ਰਿਸ਼ਤੇ ਬੋਰੀ ਵਿਚ ਬੰਨ੍ਹ ਕੇ ਪਾ ਦਿੱਤੇ ਗਏ ਹਨ ਅਤੇ ਅਜਿਹਾ ਮਾਇਆਜਾਲ ਪਿਰੋ ਰਹੇ ਹਨ, ਜਿਵੇਂ ਪਹਿਲਾਂ ਭਾਰਤ ਕਦੇ ਵੀ ਇੰਨਾ ਮਜ਼ਬੂਤ ਨਹੀਂ ਰਿਹਾ।
ਕ੍ਰਿਕਟ ਨਾਲ ਤੁਸੀਂ ਜੁੜੇ ਰਹੇ ਹੋ, ਇਸ ਦੀ ਇਨ੍ਹੀ ਖਰਾਬ ਹਾਲਤ ਕਿਉਂ ਹੈ?
ਅੱਜ ਜਨਤਾ ਚਾਹੁੰਦੀ ਹੈ ਪਾਰਦਰਸ਼ਿਤਾ, ਜਵਾਬਦੇਹੀ। ਲੁਕਾਉਣ ਲਈ ਕੁਝ ਨਹੀਂ ਹੈ ਤਾਂ ਬੇਝਿਜਕ ਸਭ ਕੁਝ ਸਾਹਮਣੇ ਕਿਉਂ ਨਹੀਂ ਰੱਖ ਦਿੰਦੇ। ਟੀਮ ਸਿਲੈਕਸ਼ਨ ਜ਼ਰੂਰ ਪਬਲਿਕ ਡੋਮੇਨ ਵਿਚ ਨਹੀਂ ਹੋਣੀ ਚਾਹੀਦੀ ਪਰ ਵਿੱਤੀ ਮਾਮਲਿਆਂ ਨੂੰ ਪਬਲਿਕ ਡੋਮੇਨ ਵਿਚ ਹੋਣਾ ਚਾਹੀਦਾ। ਕ੍ਰਿਕਟ ਵਿਚ ਉਹੀ ਲੋਕ ਹੋਣੇ ਚਾਹੀਦੇ ਹਨ, ਜੋ ਕ੍ਰਿਕਟ ਨੂੰ ਕੁਝ ਦੇਣਾ ਚਾਹੁੰਦੇ ਹਨ।
* ਨਰਮਦਾ ਯਾਤਰਾ ਸਿਆਸੀ ਨਹੀਂ
ਦਿੱਗਵਿਜੇ ਸਿੰਘ ਨਰਮਦਾ ਯਾਤਰਾ ਕੱਢਣ ਜਾ ਰਹੇ ਹਨ...
ਇਸ ਦੇ ਕੋਈ ਸਿਆਸੀ ਮਾਇਨੇ ਤਾਂ ਨਹੀਂ ਮੈਂ ਇਹ ਨਹੀਂ ਮੰਨਦਾ ਕਿ ਉਨ੍ਹਾਂ ਦੀ ਕੋਈ ਸਿਆਸੀ ਯਾਤਰਾ ਹੈ। ਉਨ੍ਹਾਂ ਨੇ ਖੁਦ ਵੀ ਕਿਹਾ ਹੈ ਕਿ ਉਨ੍ਹਾਂ ਦੀ ਪਰਿਕਰਮਾ ਕਰਨ ਦੀ ਇੱਛਾ ਰਹੀ ਹੈ। ਉਨ੍ਹਾਂ ਨੇ ਜੋ ਬਿਆਨ ਦਿੱਤਾ ਹੈ, ਉਹ ਮੈਂ ਵੀ ਪੜ੍ਹਿਆ ਹੈ ਜੇ ਕੋਈ ਵਿਅਕਤੀ ਆਪਣੀ ਆਸ ਨੂੰ ਪੂਰਾ ਕਰਦਾ ਹੈ ਤਾਂ ਮੁਸ਼ਕਿਲ ਕੀ ਹੈ।
* ਮਜ਼ਬੂਤ ਹੋਵੇਗੀ ਕਾਂਗਰਸ
2019 ਵਿਚ ਕਾਂਗਰਸ ਦਾ ਪੀ.ਐੱਮ ਕੈਂਡੀਡੇਟ ਕੌਣ...
ਰਾਹੁਲ ਗਾਂਧੀ, ਅਜਿਹਾ ਮੈਂ ਮੰਨਦਾ ਹਾਂ। ਉਨ੍ਹਾਂ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋਵੇਗੀ।
* ਨਿਤੀਸ਼ ਨੇ ਕੀਤੀ ਹੈ ਵੱਡੀ ਗਲਤੀ
ਇੰਨਾ ਕੁਝ ਹੋ ਰਿਹਾ ਹੈ ਤਾਂ ਨਿਤੀਸ਼ ਕੁਮਾਰ ਭਾਜਪਾ ਨਾਲ ਕਿਉਂ ਗਏ...
ਕਈ ਕਾਰਨ ਹਨ ਇਹ ਸਿਰਫ ਨਿਤੀਸ਼ ਜੀ ਅਤੇ ਭਾਜਪਾ ਵਿਚਾਲੇ ਇਕ ਨਵਾਂ ਗੱਠਜੋੜ ਹੈ, ਦੋਸਤੀ ਦੀ ਗੱਲ ਨਹੀਂ, ਕਈ ਮੁੱਦੇ ਜੁੜੇ ਹੋਏ ਹਨ। ਮੈਂ ਮੰਨਦਾ ਹੈ ਕਿ ਉਨ੍ਹਾਂ ਨੇ ਬਹੁਤ ਵੱਡੀ ਗਲਤੀ ਕੀਤੀ ਹੈ। ਇਸ ਤੋਂ ਜ਼ਿਆਦਾ ਮੈਂ ਇਸ 'ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ। ਉਹ ਮੇਰੇ ਤੋਂ ਉਮਰ ਅਤੇ ਤਜਰਬੇ ਵਿਚ ਕਾਫੀ ਵੱਡੇ ਹਨ।