ਰਾਹੁਲ ਰੈਲੀਆਂ ਦੀ ਥਾਂ ਪੀੜਤ ਕਿਸਾਨਾਂ ਦੇ ਪਰਿਵਾਰਾਂ ਨਾਲ ਕੈਪਟਨ ਵੱਲੋਂ ਕੀਤੇ ਵਾਅਦੇ ਪੂਰੇ ਕਰਵਾਉਣ : ਰੋਮਾਣਾ
Wednesday, Oct 07, 2020 - 12:44 AM (IST)
ਪਟਿਆਲਾ, (ਬਲਜਿੰਦਰ, ਜੋਸਨ, ਪਰਮੀਤ, ਰਾਣਾ)- ਪੰਜਾਬ ’ਚ ਕਰਜ਼ਿਆਂ ਕਾਰਨ ਖੁਦਕੁਸ਼ੀ ਕਰ ਗਏ ਕਿਸਾਨਾਂ ਦੇ ਪਰਿਵਾਰਾਂ ਨੇ ਅੱਜ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਦੇ ਨਾਲ ਇਥੇ ਕਾਂਗਰਸੀ ਆਗੂ ਰਾਹੁਲ ਗਾਂਧੀ ਖਿਲਾਫ ਸਰਕਟ ਹਾਊਸ ਦੇ ਬਾਹਰ ਧਰਨਾ ਦਿੱਤਾ। ਧਰਨਾ ਦੇਣ ਵੇਲੇ ਰਾਹੁਲ ਗਾਂਧੀ ਸਰਕਟ ਹਾਊਸ ’ਚ ਪ੍ਰੈੱਸ ਕਾਨਫਰੰਸ ਕਰ ਰਹੇ ਸਨ। ਇਨ੍ਹਾਂ ਪਰਿਵਾਰਾਂ ਨੇ ਰਾਹੁਲ ਗਾਂਧੀ ਨੂੰ ਮਿਲ ਕੇ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਮੌਕੇ ਕੀਤੇ ਵਾਅਦੇ ਪੂਰੇ ਕਰਨ ਵਾਸਤੇ ਹਦਾਇਤ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਪ੍ਰਸ਼ਾਸਨ ਅਤੇ ਪੁਲਸ ਨੇ ਇਨ੍ਹਾਂ ਪਰਿਵਾਰਾਂ ਨੂੰ ਬੈਰੀਕੇਟ ਲਾ ਕੇ ਇਕ ਪਾਸੇ ਘੇਰ ਲਿਆ ਅਤੇ ਰਾਹੁਲ ਗਾਂਧੀ ਨਾਲ ਮਿਲਣ ਨਹੀਂ ਦਿੱਤਾ। ਇਸ ਮਗਰੋਂ ਉਕਤ ਪਰਿਵਾਰਾਂ ਨੇ ਖੰਡਾ ਚੌਂਕ ’ਚ ਧਰਨਾ ਲਾ ਲਿਆ।
ਪੀੜਤ ਪਰਿਵਾਰਾਂ ਨਾਲ ਪ੍ਰੈੱਸ ਕਾਨਫਰੰਸ ਕਰਦਿਆਂ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਜਾਰੀ ਕੀਤਾ ਚੋਣ ਮਨੋਰਥ ਵਿਖਾਉਂਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਮੌਕੇ ਵਾਅਦਾ ਕੀਤਾ ਸੀ ਕਿ ਜਿਹਡ਼ੇ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ, ਉਨ੍ਹਾਂ ਦੇ ਪਰਿਵਾਰਾਂ ’ਚੋਂ ਇਕ-ਇਕ ਜੀਅ ਨੂੰ ਸਰਕਾਰੀ ਨੌਕਰੀ, 10 ਲੱਖ ਰੁਪਏ ਨਕਦ ਅਤੇ ਕਰਜ਼ਾ ਮੁਆਫ ਕੀਤਾ ਜਾਵੇਗਾ। ਅਮਰਿੰਦਰ ਸਿੰਘ ਨੇ ਉਸ ਵੇਲੇ ‘ਕਰਜ਼ਾ ਕੁਰਕੀ ਖਤਮ, ਫਸਲ ਦੀ ਪੂਰੀ ਰਕਮ’ ਦਾ ਨਾਅਰਾ ਵੀ ਦਿੱਤਾ ਸੀ। ਅੱਜ ਸਰਕਾਰ ਦੇ 4 ਸਾਲ ਪੂਰੇ ਹੋਣ ਦੇ ਬਾਵਜੂਦ ਇਨ੍ਹਾਂ ਪਰਿਵਾਰਾਂ ਦੀ ਕੋਈ ਸਾਰ ਨਹੀਂ ਲਈ ਗਈ। ਇਸ ਦਾ ਨਤੀਜਾ ਇਹ ਨਿਕਲਿਆ ਹੈ ਕਿ ਬੈਂਕਾਂ ਵੱਲੋਂ ਇਨ੍ਹਾਂ ਦੀ ਜ਼ਮੀਨ ਕੁਰਕ ਕੀਤੀ ਜਾ ਰਹੀ ਹੈ।
ਰੋਮਾਣਾ ਨੇ ਕਿਹਾ ਕਿ ਅੱਜ ਜਦੋਂ ਯੂਥ ਅਕਾਲੀ ਦਲ ਵੱਲੋਂ ਜ਼ਿਲਾ ਪ੍ਰਸ਼ਾਸਨ ਨੂੰ ਇਹ ਸੂਚਿਤ ਕੀਤਾ ਗਿਆ ਕਿ ਇਹ ਪਰਿਵਾਰ ਆਏ ਹਨ ਅਤੇ ਉਹ ਰਾਹੁਲ ਗਾਂਧੀ ਨੂੰ ਮਿਲਣਾ ਚਾਹੁੰਦੇ ਹਨ ਤਾਂ ਐੱਸ. ਪੀ. ਵਰੁਣ ਸ਼ਰਮਾ ਤੇ ਜ਼ਿਲਾ ਮੈਜਿਸਟਰੇਟ ਪਵਨਦੀਪ ਸਿੰਘ ਵੱਲੋਂ 2 ਵਾਰ ਭਰੋਸਾ ਦੁਆਇਆ ਕਿ ਪੀਡ਼ਤ ਪਰਿਵਾਰਾਂ ’ਚੋਂ 5 ਮੈਂਬਰਾਂ ਦੀ ਮੁਲਾਕਾਤ ਕਰਵਾਈ ਜਾਵੇਗੀ ਪਰ ਬਾਅਦ ’ਚ ਇਹ ਕਹਿ ਦਿੱਤਾ ਗਿਆ ਕਿ ਉਨ੍ਹਾਂ ਕੋਲ ਸਮਾਂ ਨਹੀਂ ਸੀ ਅਤੇ ਉਹ ਚਲੇ ਗਏ ਹਨ।
ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਕ ਪਾਸੇ ਰਾਹੁਲ ਗਾਂਧੀ ਕਿਸਾਨਾਂ ਲਈ ਰੈਲੀਆਂ ਕੱਢਣ ਦੀ ਗੱਲ ਕਰ ਰਹੇ ਹਨ। ਦੂਜੇ ਪਾਸੇ ਇਨ੍ਹਾਂ ਕਿਸਾਨ ਪਰਿਵਾਰਾਂ ਦੀ ਗੱਲ ਸੁਣਨ ਨੂੰ ਹੀ ਤਿਆਰ ਨਹੀਂ ਹਨ ਜਿਨ੍ਹਾਂ ਨਾਲ ਕੈਪਟਨ ਅਮਰਿੰਦਰ ਸਿੰਘ ਵਾਅਦੇ ਪੂਰੇ ਨਾ ਕਰ ਕੇ ਧਰੋਹ ਕਮਾਇਆ ਹੈ। ਉਨ੍ਹਾਂ ਐਲਾਨ ਕੀਤਾ ਕਿ ਇਨ੍ਹਾਂ ਪਰਿਵਾਰਾਂ ਨੂੰ ਨਾਲ ਲੈ ਕੇ ਯੂਥ ਅਕਾਲੀ ਦਲ ਰਾਹੁਲ ਗਾਂਧੀ ਦੀ ਦਿੱਲੀ ਰਿਹਾਇਸ਼ ਦਾ ਘਿਰਾਓ ਕਰੇਗਾ ਤੇ ਉਨ੍ਹਾਂ ਨੂੰ ਇਨਸਾਫ ਲੈ ਕੇ ਦੇਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਮਦਦ ਲਈ ਕਾਨੂੰਨੀ ਪਹਿਲੂ ਵੀ ਵਿਚਾਰੇ ਜਾ ਰਹੇ ਹਨ।
ਇਸ ਮੌਕੇ ਯੂਥ ਅਕਾਲੀ ਦਲ ਦੇ ਮਾਲਵਾ ਜ਼ੋਨ-2 ਦੇ ਪ੍ਰਧਾਨ ਐਡਵੋਕੇਟ ਸਤਬੀਰ ਸਿੰਘ ਖੱਟਡ਼ਾ, ਕੌਮੀ ਬੁਲਾਰੇ ਅਮਿਤ ਰਾਠੀ, ਜ਼ਿਲਾ ਦਿਹਾਤੀ ਪ੍ਰਧਾਨ ਇੰਦਰਜੀਤ ਸਿੰਘ ਰੱਖਡ਼ਾ, ਸ਼ਹਿਰੀ ਪ੍ਰਧਾਨ ਅਵਤਾਰ ਹੈਪੀ, ਕੋਰ ਕਮੇਟੀ ਮੈਂਬਰ ਹੈਰੀ ਮੁਖਮੇਲਪੁਰ, ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ, ਬੱਬੀ ਟਿਵਾਣਾ, ਮਨਪ੍ਰੀਤ ਸਿੰਘ ਮਨੀ ਭੰਗੂ, ਗੁਰਦੀਪ ਸ਼ੇਖੂਪੁਰ, ਵਿੱਕੀ ਰਿਵਾਜ, ਕੰਮਰਪਾਲ ਸਿੰਘ ਲੋਹਸਿੰਬਲੀ, ਸਤਨਾਮ ਸਿੰਘ ਆਕੜ, ਲਾਲੀ ਰਾਜਗੜ੍ਹ, ਸੋਨੀ ਪੰਡਿਤਾਖੇੜੀ, ਪਰਮਜੀਤ ਸੰਧਾਰਸੀ, ਜਗਜੀਤ ਸਿੰਘ, ਰੁਪਿੰਦਰ ਮਾਨ, ਬੰਟੀ ਸਲੇਮਪੁਰ, ਵਿਕਰਮ ਚੌਹਾਨ, ਐਡਵੋਕੇਟ ਪਵਨ ਕੁਮਾਰ, ਡਾ. ਅਮਰੀਕ ਸਿੰਘ ਵਿਰਕ, ਨੀਰਜ ਠਾਕੁਰ, ਜਗਦੇਵ ਸਿੰਘ, ਗੁਰੀ ਸਿੱਧੂਵਾਲ, ਸਤਨਾਮ ਆਕਡ਼, ਸਤਿੰਦਰ ਸਿੰਘ ਸ਼ੱਕੂ ਗਰੋਵਰ ਅਤੇ ਰਿੰਕੂ ਮੰਡੌਡ਼ ਆਦਿ ਹਾਜ਼ਰ ਸਨ।