ਵਾਅਦਾ ਔਰਤਾਂ ਨੂੰ 33 ਫੀਸਦੀ ਰਿਜ਼ਰਵੇਸ਼ਨ ਦੇਣ ਦਾ, ਰਾਹੁਲ ਨੇ ਪੰਜਾਬ ’ਚ ਸਿਰਫ ਇਕ ਔਰਤ ਨੂੰ ਦਿੱਤੀ ਟਿਕਟ

Monday, Apr 22, 2019 - 12:02 AM (IST)

ਵਾਅਦਾ ਔਰਤਾਂ ਨੂੰ 33 ਫੀਸਦੀ ਰਿਜ਼ਰਵੇਸ਼ਨ ਦੇਣ ਦਾ, ਰਾਹੁਲ ਨੇ ਪੰਜਾਬ ’ਚ ਸਿਰਫ ਇਕ ਔਰਤ ਨੂੰ ਦਿੱਤੀ ਟਿਕਟ

ਲੁਧਿਆਣਾ, (ਹਿਤੇਸ਼)- ਲੋਕ ਸਭਾ ਚੋਣ-2019 ਦੌਰਾਨ ਕਾਂਗਰਸ ਵੱਲੋਂ ਜਿੱਥੇ ਪ੍ਰਧਾਨ ਮੰਤਰੀ ਮੋਦੀ ’ਤੇ 2014 ਵਿਚ ਕੀਤੇ ਗਏ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਲਾਇਆ ਜਾ ਰਿਹਾ ਹੈ, ਉੱਥੇ ਹੀ ਕਾਂਗਰਸ ਨੇ ਚੋਣ ਜਿੱਤਣ ਲਈ ਕਈ ਲੋਕ ਲੁਭਾਵਣੇ ਵਾਅਦੇ ਵੀ ਕਰ ਦਿੱਤੇ, ਜਿਨ੍ਹਾਂ ’ਚ ਨਿਆਂ ਯੋਜਨਾ ਤੇ ਰੋਜ਼ਗਾਰ ਤੋਂ ਇਲਾਵਾ ਔਰਤਾਂ ਨੂੰ 33 ਫੀਸਦੀ ਰਿਜ਼ਰਵੇਸ਼ਨ ਦੇਣ ਦਾ ਪਹਿਲੂ ਮੁੱਖ ਰੂਪ ’ਚ ਸ਼ਾਮਲ ਹੈ।

ਇਸ ਤਹਿਤ ਔਰਤਾਂ ਨੂੰ ਨੌਕਰੀ ਦੇ ਨਾਲ ਚੋਣ ਵਿਚ ਰਿਜ਼ਰਵੇਸ਼ਨ ਦੇਣ ਦੀ ਗੱਲ ਕਹੀ ਗਈ ਪਰ ਇਸ ਦਾਅਵੇ ਦੀ ਅਸਲੀਅਤ ਇਹ ਹੈ ਕਿ ਖੁਦ ਲੋਕ ਸਭਾ ਚੋਣ ਦੌਰਾਨ ਟਿਕਟ ਵੰਡਣ ਦੌਰਾਨ ਇਸ ਤਰ੍ਹਾਂ ਦਾ ਕੋਈ ਫਾਰਮੂਲਾ ਨਹੀਂ ਅਪਣਾਇਆ ਗਿਆ, ਜਿਸ ਸਬੰਧੀ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਸਿਰਫ ਇਕ ਔਰਤ ਪਰਣੀਤ ਕੌਰ ਨੂੰ ਟਿਕਟ ਦਿੱਤੀ ਗਈ ਹੈ। ਉਹ ਵੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਹੋਣ ਕਰ ਕੇ ਜੋ ਪਹਿਲਾਂ ਪਟਿਆਲਾ ਤੋਂ ਐੱਮ. ਪੀ. ਅਤੇ ਕੇਂਦਰ ’ਚ ਮੰਤਰੀ ਰਹਿ ਚੁੱਕੀ ਹੈ, ਜਦਕਿ ਪੰਜਾਬ ਦੀਆਂ ਦੂਜੀਆਂ ਸੀਟਾਂ ’ਤੇ ਔਰਤ ਨੇਤਾਵਾਂ ਵੱਲੋਂ ਕੀਤੀ ਗਈ ਟਿਕਟ ਦੀ ਦਾਅਵੇਦਾਰੀ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ ਗਿਆ। ਦੂਜੇ ਪਾਸੇ ਇਸ ਚੋਣ ਦੌਰਾਨ ਪੰਜਾਬ ’ਚ ਔਰਤਾਂ ਨੂੰ ਟਿਕਟ ਦੇਣ ਦੇ ਮਾਮਲੇ ਵਿਚ ਦੂਜੀਆਂ ਪਾਰਟੀਆਂ ਕਾਂਗਰਸ ਤੋਂ ਅੱਗੇ ਨਿਕਲ ਗਈਆਂ ਹਨ, ਜਿਨ੍ਹਾਂ ’ਚ 3 ਔਰਤਾਂ ਨੂੰ ਟਿਕਟਾਂ ਦੇ ਕੇ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰੀ ਹੈ।

ਕਾਂਗਰਸ ਨੇ ਇਨ੍ਹਾਂ ਔਰਤਾਂ ਨੂੰ ਮੰਗਣ ’ਤੇ ਵੀ ਨਹੀਂ ਦਿੱਤੀ ਟਿਕਟ

ਰਾਜਿੰਦਰ ਕੌਰ ਭੱਠਲ, ਸਾਬਕਾ ਸੀ. ਐੱਮ., ਪਿਛਲੀ ਵਿਧਾਨ ਸਭਾ ਚੋਣ ਹਾਰ ਗਈ ਸੀ।

ਸੰਤੋਸ਼ ਚੌਧਰੀ, ਹੁਸ਼ਿਆਰਪੁਰ ਤੋਂ ਐੱਮ. ਪੀ. ਅਤੇ ਕੇਂਦਰ ਮੰਤਰੀ ਰਹੀ ਹੈ। ਪਿਛਲੀ ਟਿਕਟ ਕੱਟ ਦਿੱਤੀ ਗਈ ਸੀ।

ਦੂਜੀਆਂ ਪਾਰਟੀਆਂ ਨੇ ਦੀਆਂ ਮਹਿਲਾ ਉਮੀਦਵਾਰ

ਬਠਿੰਡਾ, ਬਲਜਿੰਦਰ ਕੌਰ, ‘ਆਪ’

ਫਤਿਹਗਡ਼੍ਹ ਸਾਹਿਬ, ਹਰਬੰਸ ਕੌਰ, ‘ਆਪ’

ਪਟਿਆਲਾ, ਨੀਨਾ ਮਿੱਤਲ, ‘ਆਪ’

ਖਡੂਰ ਸਾਹਿਬ, ਬੀਬੀ ਜਗੀਰ ਕੌਰ, ਅਕਾਲੀ ਦਲ

ਖਡੂਰ ਸਾਹਿਬ, ਪਰਮਜੀਤ ਕੌਰ ਖਾਲਡ਼ਾ, ਪੰਜਾਬ ਡੈਮੋਕਰੇਟਿਕ ਅਲਾਇੰਸ

ਬਠਿੰਡਾ ਤੋਂ ਅਕਾਲੀ ਦਲ ਵੱਲੋਂ ਮੌਜੂਦਾ ਐੱਮ. ਪੀ. ਕੇਂਦਰੀ ਮੰਤਰੀ ਹਰਸਿਮਰਤ ਬਾਦਲ ਦਾ ਨਾਂ ਕੀਤਾ ਜਾ ਸਕਦੈ ਐਲਾਨ

ਮਿਸਿਜ਼ ਸਿੱਧੂ ਵੱਲੋਂ ਪੰਜਾਬ ’ਚ ਚੋਣ ਲੜਨ ਤੋਂ ਇਨਕਾਰ ਕਰਨ ਦੀ ਵਜ੍ਹਾ ਨਾਲ ਪੈਦਾ ਹੋਇਆ ਵਿਵਾਦ

ਕਾਂਗਰਸ ਵੱਲੋਂ ਪੰਜਾਬ ’ਚ ਇਸ ਵਾਰ ਸਿਰਫ ਇਕ ਔਰਤ ਨੂੰ ਟਿਕਟ ਦੇਣ ਸਬੰਧੀ ਵਿਵਾਦ ਮਿਸਿਜ਼ ਨਵਜੋਤ ਸਿੱਧੂ ਵੱਲੋਂ ਪੰਜਾਬ ਵਿਚ ਕਿਤੇ ਵੀ ਚੋਣ ਲਡ਼ਨ ਤੋਂ ਇਨਕਾਰ ਕਰਨ ਦੀ ਵਜ੍ਹਾ ਨਾਲ ਪੈਦਾ ਹੋਇਆ ਹੈ ਕਿਉਂਕਿ ਚੰਡੀਗਡ਼੍ਹ ਤੋਂ ਦਾਅਵੇਦਾਰੀ ਪੇਸ਼ ਕੀਤੀ ਸੀ ਪਰ ਪਾਰਟੀ ਨੇ ਇਕ ਵਾਰ ਫਿਰ ਪਵਨ ਬਾਂਸਲ ਨੂੰ ਟਿਕਟ ਦੇ ਦਿੱਤੀ। ਇਸ ਤੋਂ ਨਾਰਾਜ਼ ਹੋ ਕੇ ਸਿੱਧੂ ਜੋਡ਼ੇ ਨੇ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਫਿਰ ਬਠਿੰਡਾ ਤੋਂ ਚੋਣ ਲਡ਼ਨ ਤੋਂ ਇਨਕਾਰ ਕਰ ਦਿੱਤਾ। ਇਸ ਸਬੰਧੀ ਸਿੱਧੂ ਨੇ ਤਾਂ ਇੱਥੋਂ ਤੱਕ ਟਿੱਪਣੀ ਕਰ ਦਿੱਤੀ ਸੀ ਕਿ ਉਨ੍ਹਾਂ ਦੀ ਪਤਨੀ ਕੋਈ ਸਟਿਪਣੀ ਨਹੀਂ ਹੈ ਕਿ ਜਿਸ ਨੂੰ ਕਿਤੇ ਵੀ ਫਿਟ ਕੀਤਾ ਜਾ ਸਕਦਾ ਹੈ, ਹਾਲਾਂਕਿ ਮਿਸਿਜ਼ ਸਿੱਧੂ ਹੁਣ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਦੇ ਹੱਕ ਵਿਚ ਪ੍ਰਚਾਰ ਕਰ ਰਹੀ ਹੈ।

ਪਿਛਲੀ ਵਾਰ ਪੰਜਾਬ ’ਚੋਂ ਸਿਰਫ ਇਕ ਔਰਤ ਐੱਮ. ਪੀ. ਪੁੱਜੀ ਸੀ ਲੋਕ ਸਭਾ

ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਭਲਾ ਹੀ ਕੋਈ ਔਰਤ ਉਮੀਦਵਾਰਾਂ ਨੂੰ ਪੰਜਾਬ ਦੇ ਮੈਦਾਨ ’ਚ ਉਤਾਰਿਆ ਗਿਆ ਸੀ ਪਰ ਸਫਲਤਾ ਸਿਰਫ ਬਠਿੰਡਾ ਤੋਂ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਬਾਦਲ ਨੂੰ ਹੀ ਮਿਲੀ ਸੀ, ਜੋ ਕੇਂਦਰ ਵਿਚ ਮੰਤਰੀ ਵੀ ਹੈ।

3 ਸੀਟਾਂ ’ਤੇ ਦੋ-ਦੋ ਔਰਤ ਉਮੀਦਵਾਰ

ਲੋਕ ਸਭਾ ਚੋਣ ਦੌਰਾਨ ਪੰਜਾਬ ’ਚ ਹਾਲ ਹੀ ਕਾਂਗਰਸ ਅਤੇ ਅਕਾਲੀ-ਭਾਜਪਾ ਦੇ ਵਿਚਕਾਰ ਮੁੱਖ ਰੂਪ ’ਚ ਮੁਕਾਬਲਾ ਨਜ਼ਰ ਆ ਰਿਹਾ ਹੈ ਪਰ ਪੰਜਾਬ ਡੈਮੋਕਰੇਟਿਕ ਅਲਾਇੰਸ ਅਤੇ ਆਮ ਆਦਮੀ ਪਾਰਟੀ ਵੀ ਤੀਜਾ ਅਤੇ ਚੌਥਾ ਬਦਲ ਬਣਨ ਲਈ ਲਡ਼ਾਈ ਲਡ਼ ਰਹੇ ਹਨ, ਜੇਕਰ ਇਨ੍ਹਾਂ ਚਾਰੇ ਪਾਰਟੀਆਂ ਨੂੰ ਮਿਲਾ ਕੇ ਦੇਖਿਆ ਜਾਵੇ ਤਾਂ ਪਟਿਆਲਾ, ਬਠਿੰਡਾ ਅਤੇ ਖਡੂਰ ’ਚੋਂ ਦੋ-ਦੋ ਔਰਤਾਂ ਦੇ ਵਿਚਕਾਰ ਮੁਕਾਬਲਾ ਹੋਣ ਜਾ ਰਿਹਾ ਹੈ।

ਅਕਾਲੀ ਦਲ ਟਕਸਾਲੀ ਨੇ ਖਾਲੜਾ ਖਿਲਾਫ਼ ਵਾਪਸ ਲੈ ਲਿਆ ਹੈ ਉਮੀਦਵਾਰ

ਲੋਕ ਸਭਾ ਚੋਣ ਸਬੰਧੀ ਪੰਜਾਬ ’ਚ ਔਰਤ ਉਮੀਦਵਾਰਾਂ ਦੇ ਵਿਚਕਾਰ ਤਿੱਖਾ ਮੁਕਾਬਲਾ ਹੋਣ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਅਕਾਲੀ ਦਲ ਟਕਸਾਲੀ ਨੇ ਖਡੂਰ ਸਾਹਿਬ ਸੀਟ ਤੋਂ ਡੈਮੋਕਰੇਟਿਕ ਅਲਾਇੰਸ ਦੀ ਉਮੀਦਵਾਰ ਪਰਮਜੀਤ ਕੌਰ ਖਾਲਡ਼ਾ ਖਿਲਾਫ਼ ਆਪਣੇ ਉਮੀਦਵਾਰ ਜਨਰਲ ਜੇ. ਜੇ. ਸਿੰਘ ਦਾ ਨਾਂ ਵਾਪਸ ਲੈ ਲਿਆ ਹੈ। ਇੱਥੋਂ ਤੱਕ ਕਿ ਆਮ ਆਦਮੀ ਪਾਰਟੀ ਅਤੇ ਸਿਮਰਨਜੀਤ ਸਿੰਘ ਮਾਨ ਨੇ ਵੀ ਸ਼ਰਤ ਦੇ ਆਧਾਰ ’ਤੇ ਖਾਲਡ਼ਾ ਨੂੰ ਸਮਰਥਨ ਦੇਣ ਦੀ ਗੱਲ ਕਹੀ ਹੈ।

ਭਾਜਪਾ ਨੇ ਕਿਸੇ ਔਰਤ ਨੂੰ ਨਹੀਂ ਦਿੱਤੀ ਟਿਕਟ

ਲੋਕ ਸਭਾ ਚੋਣ ਦੌਰਾਨ ਪੰਜਾਬ ’ਚ ਭਾਜਪਾ ਦਾ ਅਕਾਲੀ ਦਲ ਦੇ ਨਾਲ ਗਠਜੋੜ ਹੈ। ਇਸ ਦੇ ਹਿੱਸੇ ਵਿਚ 3 ਸੀਟਾਂ ਹੀ ਆਉਂਦੀਆਂ ਹਨ ਪਰ ਭਾਜਪਾ ਵੱਲੋਂ ਔਰਤ ਉਮੀਦਵਾਰਾਂ ਨੂੰ ਟਿਕਟ ਦੇਣ ਦਾ ਕੋਈ ਖਾਸ ਰਿਕਾਰਡ ਨਹੀਂ ਹੈ। ਇਸ ਵਾਰ ਭਾਜਪਾ ਵੱਲੋਂ ਗੁਰਦਾਸਪੁਰ ਤੋਂ ਵਿਨੋਦ ਖੰਨਾ ਦੀ ਪਤਨੀ ਨੂੰ ਟਿਕਟ ਦੇਣ ’ਤੇ ਵਿਚਾਰ ਕੀਤਾ ਗਿਆ ਹੈ ਪਰ ਉੱਥੋਂ ਵੀ ਬਾਲੀਵੁੱਡ ਸਟਾਰ ਸੰਨੀ ਦਿਓਲ ਨੂੰ ਟਿਕਟ ਦੇ ਦਿੱਤੀ ਗਈ ਹੈ।

ਇਹ ਰਹਿ ਚੁੱਕੀਅਾਂ ਹਨ ਪੰਜਾਬ ਤੋਂ ਮਹਿਲਾ ਐੱਮ. ਪੀ.

  1. ਪਰਣੀਤ ਕੌਰ, ਪਟਿਆਲਾ
  2. ਮਹਿੰਦਰ ਕੌਰ, ਪਟਿਆਲਾ
  3. ਹਰਸਿਮਰਤ ਕੌਰ ਬਾਦਲ, ਬਠਿੰਡਾ
  4. ਸੁਖਬੰਸ ਕੌਰ ਭਿੰਡਰ, ਗੁਰਦਾਸਪੁਰ
  5. ਰਾਜਿੰਦਰ ਕੌਰ ਬੁਲਾਰਾ, ਲੁਧਿਆਣਾ
  6. ਸੰਤੋਸ਼ ਚੌਧਰੀ, ਫਿਲੌਰ ਅਤੇ ਹੁਸ਼ਿਆਰਪੁਰ
  7. ਪਰਮਜੀਤ ਕੌਰ ਗੁਲਸ਼ਨ, ਫਰੀਦਕੋਟ
  8. ਗੁਰਬਿੰਦਰ ਕੌਰ ਬਰਾਡ਼, ਫਰੀਦਕੋਟ
  9. ਸਤਵਿੰਦਰ ਕੌਰ ਧਾਲੀਵਾਲ, ਰੋਪਡ਼
  10. ਬਿਮਲ ਕੌਰ ਖਾਲਸਾ, ਰੋਪਡ਼
  11. ਨਿਰਲੇਪ ਕੌਰ, ਸੰਗਰੂਰ

ਪਿਛਲੀ ਵਾਰ ਕਾਂਗਰਸ ਨੇ ਦੋ ਮਹਿਲਾ ਉਮੀਦਵਾਰਾਂ ਨੂੰ ਦਿੱਤੀ ਸੀ ਟਿਕਟ

ਪੰਜਾਬ ’ਚ ਇਸ ਵਾਰ ਕਾਂਗਰਸ ਵੱਲੋਂ ਦੋ ਸੀਨੀਅਰ ਔਰਤ ਨੇਤਾਵਾਂ ਨੂੰ ਮੰਗਣ ਦੇ ਬਾਵਜੂਦ ਟਿਕਟ ਨਹੀਂ ਦਿੱਤੀ ਗਈ। ਉੱਥੇ ਮਿਸਿਜ਼ ਸਿੱਧੂ ਨੇ ਪੰਜਾਬ ਵਿਚ ਚੋਣ ਲਡ਼ਨ ਤੋਂ ਇਨਕਾਰ ਕਰ ਦਿੱਤਾ, ਹਾਲਾਂਕਿ ਪਿਛਲੀ ਵਾਰ ਕਾਂਗਰਸ ਨੇ ਪਰਣੀਤ ਕੌਰ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਸੀਟ ਤੋਂ ਅੰਬਿਕਾ ਸੋਨੀ ਨੂੰ ਟਿਕਟ ਦਿੱਤੀ ਗਈ ਸੀ ਪਰ ਉਹ ਚੋਣ ਹਾਰ ਗਈ ਅਤੇ ਇਸ ਵਾਰ ਉਨ੍ਹਾਂ ਵੱਲੋਂ ਖੁਦ ਚੋਣ ਲਡ਼ਨ ਤੋਂ ਇਨਕਾਰ ਕਰਦੇ ਹੋਏ ਬੇਟੇ ਵਾਸਤੇ ਟਿਕਟ ਦੀ ਮੰਗ ਕੀਤੀ ਗਈ ਸੀ ਪਰ ਸਫਲਤਾ ਨਹੀਂ ਮਿਲੀ।


author

DILSHER

Content Editor

Related News