10 ਮਈ ਨੂੰ ਚੰਡੀਗੜ੍ਹ ਤੇ 15 ਨੂੰ ਪੰਜਾਬ ਆਉਣਗੇ ਰਾਹੁਲ ਗਾਂਧੀ

Tuesday, May 07, 2019 - 09:22 PM (IST)

10 ਮਈ ਨੂੰ ਚੰਡੀਗੜ੍ਹ ਤੇ 15 ਨੂੰ ਪੰਜਾਬ ਆਉਣਗੇ ਰਾਹੁਲ ਗਾਂਧੀ

ਜਲੰਧਰ,(ਧਵਨ) : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੰਤਿਮ ਪੜਾਅ 'ਚ ਪੰਜਾਬ 'ਚ 13 ਸੀਟਾਂ 'ਤੇ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਧਿਆਨ 'ਚ ਰੱਖਦਿਆਂ 15 ਮਈ ਨੂੰ ਪੰਜਾਬ 'ਚ ਦੋ ਸ਼ਹਿਰਾਂ 'ਚ ਚੋਣ ਪ੍ਰਚਾਰ ਲਈ ਆਉਣਗੇ। ਜਦਕਿ ਚੰਡੀਗੜ੍ਹ ਦੀ ਇਕੋ-ਇਕ ਸੀਟ ਲਈ ਰਾਹੁਲ ਗਾਂਧੀ 10 ਮਈ ਨੂੰ ਚੋਣ ਪ੍ਰਚਾਰ ਤੇ ਕਾਂਗਰਸ ਦੀ ਰੈਲੀ 'ਚ ਹਿੱਸਾ ਲੈਣਗੇ। ਕਾਂਗਰਸੀ ਸੂਤਰਾਂ ਨੇ ਦੱਸਿਆ ਕਿ 12 ਮਈ ਨੂੰ 6ਵੇਂ ਪੜਾਅ ਲਈ ਵੋਟਾਂ ਹੋਣੀਆਂ ਹਨ। ਇਸ ਦੇ ਲਈ ਚੋਣ ਪ੍ਰਚਾਰ ਦਾ ਕੰਮ 10 ਮਈ ਨੂੰ ਰੁਕ ਜਾਵੇਗਾ। ਇਸ ਲਈ ਪੰਜਾਬ ਵਿਚ ਰਾਹੁਲ ਗਾਂਧੀ ਦੇ ਦੌਰੇ ਸਬੰਧੀ ਅੰਤਿਮ ਫੈਸਲਾ 10 ਮਈ ਦੀ ਸ਼ਾਮ ਤਕ ਹੋ ਜਾਵੇਗਾ। ਪੰਜਾਬ ਕਾਂਗਰਸ ਚੋਣ ਪ੍ਰਬੰਧਨ ਕਮੇਟੀ ਦੇ ਚੇਅਰਮੈਨ ਲਾਲ ਸਿੰਘ ਅਨੁਸਾਰ ਰਾਹੁਲ ਗਾਂਧੀ 15 ਮਈ ਨੂੰ ਪੰਜਾਬ 'ਚ 2 ਲੋਕ ਸਭਾ ਸੀਟਾਂ 'ਤੇ ਪ੍ਰਚਾਰ ਲਈ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਕੌਮੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਲੋਂ ਵੀ ਚੋਣ ਪ੍ਰਚਾਰ 16 ਮਈ ਨੂੰ ਪੰਜਾਬ ਦਾ ਦੌਰਾ ਕਰਨ ਦੀ ਸੰਭਾਵਨਾ ਹੈ।

ਕਾਂਗਰਸੀ ਸੂਤਰਾਂ ਨੇ ਦੱਸਿਆ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਦੌਰਾ ਬਠਿੰਡਾ ਤੇ ਅੰਮ੍ਰਿਤਸਰ ਲੋਕ ਸਭਾ ਸੀਟਾਂ ਲਈ ਬਣਾਇਆ ਜਾ ਸਕਦਾ ਹੈ। ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਸਬੰਧ ਵਿਚ ਕੇਂਦਰੀ ਹਾਈ ਕਮਾਨ ਨਾਲ ਗੱਲਬਾਤ ਕਰ ਰਹੇ ਹਨ। ਬਠਿੰਡਾ ਵਿਚ ਕਾਂਗਰਸੀ ਉਮੀਦਵਾਰ ਰਾਜਾ ਬੜਿੰਗ ਦਾ ਮੁਕਾਬਲਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨਾਲ ਹੈ, ਜਦ ਕਿ ਅੰਮ੍ਰਿਤਸਰ ਲੋਕ ਸਭਾ ਸੀਟ 'ਤੇ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਦਾ ਮੁਕਾਬਲਾ ਕੇਂਦਰੀ ਮੰਤਰੀ ਹਰਦੀਪ ਪੁਰੀ ਨਾਲ ਹੈ।

ਕਾਂਗਰਸੀ ਸੂਤਰਾਂ ਨੇ ਦੱਸਿਆ ਕਿ ਪ੍ਰਿਯੰਕਾ ਗਾਂਧੀ ਦੇ ਵੀ ਲਗਭਗ 3 ਲੋਕ ਸਭਾ ਸੀਟਾਂ 'ਤੇ ਚੋਣ ਪ੍ਰਚਾਰ ਸਬੰਧੀ ਪ੍ਰੋਗਰਾਮ ਤਿਆਰ ਕੀਤੇ ਜਾ ਰਹੇ ਹਨ। ਸ਼ਾਇਦ ਪ੍ਰਿਯੰਕਾ ਗਾਂਧੀ ਦਾ ਦੌਰਾ ਗੁਰਦਾਸਪੁਰ ਲੋਕ ਸਭਾ ਸੀਟ ਲਈ ਬਣਾਇਆ ਜਾ ਸਕਦਾ ਹੈ, ਜਿਥੇ ਸੂਬਾ ਕਾਂਗਰਸ ਕਮੇਟੀ ਪ੍ਰਧਾਨ ਤੇ ਮੌਜੂਦਾ ਸੰਸਦ ਮੈਂਬਰ ਸੁਨੀਲ ਜਾਖੜ ਦਾ ਮੁਕਾਬਲਾ ਭਾਜਪਾ ਦੇ ਸੰਨੀ ਦਿਓਲ ਨਾਲ ਹੈ। ਇਸੇ ਤਰ੍ਹਾਂ ਪ੍ਰਿਯੰਕਾ ਗਾਂਧੀ ਨੂੰ 2 ਹੋਰ ਸੀਟਾਂ 'ਤੇ ਲਿਜਾਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ। ਪੰਜਾਬ ਕਾਂਗਰਸ ਇਹ ਦੇਖ ਰਹੀ ਹੈ ਕਿ ਜਿਨ੍ਹਾਂ ਸੀਟਾਂ 'ਤੇ ਕਾਂਗਰਸੀ ਉਮੀਦਵਾਰਾਂ ਨੂੰ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਸੀਟਾਂ 'ਤੇ ਪ੍ਰਿਯੰਕਾ ਗਾਂਧੀ ਨੂੰ ਲਿਜਾਇਆ ਜਾਵੇ।


Related News