ਲੁਧਿਆਣਾ 'ਚ ਗਰਜੇ ਰਾਹੁਲ ਗਾਂਧੀ, ਮੋਦੀ 'ਤੇ ਲਾਏ ਖੂਬ ਰਗੜੇ
Wednesday, May 15, 2019 - 04:24 PM (IST)
ਲੁਧਿਆਣਾ : ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਇੱਥੇ ਪੁੱਜੇ। ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਰਗੜੇ ਲਾਉਂਦਿਆਂ ਕਿਹਾ ਕਿ ਮੋਦੀ ਦੀ ਨੋਟਬੰਦੀ ਕਾਰਨ ਲੁਧਿਆਣਾ ਦਾ ਕਾਰੋਬਾਰ ਖਤਮ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਨੇ ਲੁਧਿਆਣਾ 'ਚ ਛੋਟੀਆਂ ਅਤੇ ਮੱਧਮ ਇੰਡਸਟਰੀਆਂ 'ਚ ਰੋਜ਼ਗਾਰ ਪੈਦਾ ਕਰਨ ਲਈ ਇਕ ਪੈਸਾ ਵੀ ਨਹੀਂ ਦਿੱਤਾ। ਰਾਹੁਲ ਗਾਂਧੀ ਨੇ ਲੁਧਿਆਣਾ ਵਾਸੀਆਂ ਨਾਲ ਵਾਅਦਾ ਕੀਤਾ ਕਿ ਕਾਂਗਰਸ ਦੀ ਸਰਕਾਰ ਆਉਣ 'ਤੇ ਉਹ ਲੁਧਿਆਣਾ ਦੀ ਇੰਡਸਟਰੀ ਨੂੰ ਅੱਗੇ ਲਿਜਾਣਗੇ।
'ਮੇਡ ਇਨ ਲੁਧਿਆਣਾ' ਹੀ ਕਰੇਗਾ 'ਮੇਡ ਇਨ ਚਾਈਨਾ' ਨੂੰ ਚੈਲੇਂਜ
ਰਾਹੁਲ ਗਾਂਧੀ ਨੇ ਕਿਹਾ ਕਿ ਸਾਡੇ ਦੇਸ਼ 'ਚ ਜਿਹੜਾ ਚਾਈਨਾ ਦਾ ਮਾਲ ਵਿਕ ਰਿਹਾ ਹੈ, ਉਸ 'ਤੇ ਸਿਰਫ ਲੁਧਿਆਣਾ ਦੀ ਇੰਡਸਟਰੀ ਵਲੋਂ ਹੀ ਕਾਬੂ ਪਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਦੀ ਇੰਡਸਟਰੀ ਦੇਸ਼ ਦੀ ਰੀੜ੍ਹ ਦੀ ਹੱਡੀ ਹੈ ਅਤੇ 'ਮੇਡ ਇਨ ਲੁਧਿਆਣਾ' ਹੀ 'ਮੇਡ ਇਨ ਚਾਈਨਾ' ਨੂੰ ਚੈਲੇਂਜ ਦੇ ਸਕਦਾ ਹੈ।