ਵੱਡਾ ਸਵਾਲ : ਪੰਜਾਬ ਆਉਣ ਦੇ ਬਾਵਜੂਦ ਸੰਗਰੂਰ ਕਿਉਂ ਨਹੀਂ ਗਏ ਰਾਹੁਲ ਗਾਂਧੀ, ਅਮਿਤ ਸ਼ਾਹ ਅਤੇ ਕੇਜਰੀਵਾਲ

Friday, Jun 17, 2022 - 04:12 PM (IST)

ਵੱਡਾ ਸਵਾਲ : ਪੰਜਾਬ ਆਉਣ ਦੇ ਬਾਵਜੂਦ ਸੰਗਰੂਰ ਕਿਉਂ ਨਹੀਂ ਗਏ ਰਾਹੁਲ ਗਾਂਧੀ, ਅਮਿਤ ਸ਼ਾਹ ਅਤੇ ਕੇਜਰੀਵਾਲ

ਲੁਧਿਆਣਾ ( ਹਿਤੇਸ਼ ) : ਸੰਗਰੂਰ ਲੋਕ ਸਭਾ ਸੀਟ 'ਤੇ ਹੋਣ ਵਾਲੀ ਜ਼ਿਮਨੀ ਚੋਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ, ਸੁਖਬੀਰ ਬਾਦਲ, ਰਾਜਾ ਵੜਿੰਗ, ਅਸ਼ਵਨੀ ਸ਼ਰਮਾ ਤੋਂ ਇਲਾਵਾ ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੇ ਕਈ ਹੋਰ ਦਿੱਗਜ ਆਗੂਆਂ ਨੇ ਚੋਣ ਪ੍ਰਚਾਰ 'ਚ ਪੂਰਾ ਜ਼ੋਰ ਲਾਇਆ ਹੋਇਆ ਹੈ। ਇਨ੍ਹਾਂ 'ਚ ਮੌਜੂਦਾ ਅਤੇ ਸਾਬਕਾ ਮੰਤਰੀ, ਵਿਧਾਇਕ ਅਤੇ ਸੰਸਦ ਮੈਂਬਰ ਆਪੋ-ਆਪਣੀ ਪਾਰਟੀ ਦੇ ਉਮੀਦਵਾਰ ਲਈ ਵੋਟਾਂ ਮੰਗ ਰਹੇ ਹਨ ਪਰ ਵੱਡਾ ਸਵਾਲ ਇਹ ਹੈ ਕਿ ਜੇਕਰ ਸੰਗਰੂਰ ਜ਼ਿਮਨੀ ਚੋਣ ਇੰਨੀ ਅਹਿਮ ਹੈ ਤਾਂ ਬੀਤੇ ਦਿਨੀਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਤੋਂ ਇਲਾਵਾ ਭਾਜਪਾ ਦੇ ਸੁਪਰੀਮੋ ਨੇ ਸੰਗਰੂਰ ਤੋਂ ਦੂਰੀ ਕਿਉਂ ਬਣਾਈ ਰੱਖੀ।

ਇਹ ਵੀ ਪੜ੍ਹੋ- ਹਲਕਾ ਦਿੜ੍ਹਬਾ ਵਿਖੇ CM ਮਾਨ ਦਾ 'ਆਪ' ਉਮੀਦਵਾਰ ਦੇ ਹੱਕ 'ਚ ਰੋਡ ਸ਼ੋਅ, ਵਿਰੋਧੀਆਂ ਨੂੰ ਲਾਏ ਰਗੜੇ

ਇਨ੍ਹਾਂ 'ਚੋਂ ਰਾਹੁਲ ਗਾਂਧੀ ਬਾਰੇ ਚਰਚਾ ਹੈ ਕਿ ਉਹ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਅਫ਼ਸੋਸ ਪ੍ਰਗਟ ਕਰਨ ਆਏ ਸਨ। ਜੇਕਰ ਉਹ ਚੋਣ ਪ੍ਰਚਾਰ ਕਰਦੇ ਤਾਂ ਉਨ੍ਹਾਂ 'ਤੇ ਸਿਆਸਤ ਕਰਨ ਦਾ ਇਲਜ਼ਾਮ ਲੱਗ ਸਕਦਾ ਸੀ। ਇਸੇ ਤਰ੍ਹਾਂ ਅਮਿਤ ਸ਼ਾਹ ਨੇ ਚੰਡੀਗੜ੍ਹ 'ਚ ਰਹਿ ਕੇ ਪਾਰਟੀ ਆਗੂਆਂ ਨਾਲ ਮੀਟਿੰਗ ਕਰਨ ਤੋਂ ਇਲਾਵਾ ਕਾਂਗਰਸ ਦੇ ਸਾਬਕਾ ਮੰਤਰੀਆਂ ਤੇ ਵਿਧਾਇਕਾਂ ਨੂੰ ਭਾਜਪਾ 'ਚ ਸ਼ਾਮਲ ਕਰਕੇ ਕੇਵਲ ਢਿੱਲੋਂ ਨੂੰ ਹੀ ਉਮੀਦਵਾਰ ਬਣਾਇਆ ਸੀ ਪਰ ਸ਼ਾਇਦ ਉਹ ਸੰਗਰੂਰ ਇਸ ਲਈ ਨਹੀਂ ਗਏ ਕਿਉਂਕਿ ਜੇਕਰ ਉਹ ਸੰਗਰੂਰ ਚਲੇ ਜਾਂਦੇ ਤਾਂ ਹਾਰ ਦੀ ਸੂਰਤ 'ਚ ਉਨ੍ਹਾਂ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈਣਾ ਸੀ ਪਰ ਅਰਵਿੰਦ ਕੇਜਰੀਵਾਲ ਦਾ ਮਾਮਲਾ ਇਸ ਤੋਂ ਬਿਲਕੁਲ ਵੱਖਰਾ ਹੈ, ਉਹ ਨਾ ਤਾਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਅਫ਼ਸੋਸ ਪ੍ਰਗਟ ਕਰਨ ਗਏ ਅਤੇ ਨਾ ਹੀ ਸੰਗਰੂਰ। ਇਸ ਤੋਂ ਇਲਾਵਾ ਉਨ੍ਹਾਂ ਨੇ ਜਲੰਧਰ ਤੋਂ ਦਿੱਲੀ ਲਈ ਵੋਲਵੋ ਬੱਸਾਂ ਦੀ ਰਵਾਨਗੀ ਸਮਾਗਮ 'ਚ ਵੀ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਬਾਰੇ ਬਹੁਤੀ ਗੱਲ ਨਹੀਂ ਕੀਤੀ।  ਉਹ ਵੀ ਅਜਿਹੇ ਸਮੇਂ ਜਦੋਂ ਸੰਗਰੂਰ ਲੋਕ ਸਭਾ ਉਪ ਚੋਣ ਜਿੱਤਣਾ ਆਮ ਆਦਮੀ ਪਾਰਟੀ ਲਈ ਵੱਕਾਰ ਦਾ ਵਿਸ਼ਾ ਹੈ, ਜਿਸ ਦੇ ਬਾਵਜੂਦ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਸੰਗਰੂਰ ਵਿੱਚ ਰੋਡ ਸ਼ੋਅ ਕਰਨ ਦੇ ਦਾਅਵਿਆਂ ਦੀ ਫੂਕ ਨਿਕਲ ਗਈ।

ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


author

Anuradha

Content Editor

Related News